ਸਟੇਟ ਟ੍ਰਾਂਸਪੋਰਟ ਕਮਿਸ਼ਨਰ ਅਸ਼ਵਨੀ ਕੁਮਾਰ ਵਲੋਂ ਹੁਸ਼ਿਆਰਪੁਰ ਦਫਤਰ ਦੀ ਚੈਕਿੰਗ
Posted on:- 15-08-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ ਦੇ ਜ਼ਿਲ੍ਹਾ ਟ੍ਰਾਂਸਪੋਰਟ ਦਫਤਰ ਵਿੱਚ ਲੋਕਾਂ ਦੀ ਵੱਡੇ ਪੱਧਰ ਤੇ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਦੀ ਵਿਸਥਾਰ ਪੂਰਵਕ ਛਪੀ ਖਬਰ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਉਕਤ ਦਫਤਰ ਦਾ ਵਿਭਾਗ ਦੇ ਕਮਿਸ਼ਨਰ ਨੇ ਦੌਰਾ ਕੀਤਾ। ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਸੂਬੇ ਅੰਦਰ ਹਾਈ ਸਕਿਉਰਟੀ ਰਜਿਸਟਰੇਸ਼ਨ ਪਲੇਟ ਸਿਸਟਮ ਲਾਗੂ ਕੀਤਾ ਗਿਆ ਹੈ ਜਿਸ ਨਾਲ ਵਾਹਨ ਦੇ ਹਾਦਸਾ ਗ੍ਰਸਤ ਹੋਣ ਸਮੇਂ ਵਾਹਨ/ ਮਾਲਕ ਸਬੰਧੀ ਲੋੜੀਂਦੀ ਜਾਣਕਾਰੀ ਉਪਲੱਬਧ ਹੋ ਸਕਦੀ ਹੈ ਅਤੇ ਨਾਲ ਹੀ ਵਾਹਨਾਂ ਦੀ ਚੋਰੀ ਨੂੰ ਘਟਾਇਆ ਜਾ ਸਕਦਾ ਹੈ।
ਇਹ ਜਾਣਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਸ੍ਰੀ ਅਸ਼ਵਨੀ ਕੁਮਾਰ ਨੇ ਅੱਜ ਸਥਾਨਕ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੀ ਅਚਨਚੇਤ ਚੈਕਿੰਗ ਦੌਰਾਨ ਵਾਹਨਾਂ ਦੇ ਵੱਖ-ਵੱਖ ਕੰਮਾਂ ਲਈ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਦੋ ਪਹੀਆ , ਤਿੰਨ ਪਹੀਆਂ, ਲਾਈਟ ਮੋਟਰ ਵਹੀਕਲ, ਟਰੈਕਟਰ ਅਤੇ ਹੈਵੀ ਮੋਟਰ ਗੱਡੀਆਂ ਜਿਨ੍ਹਾਂ ਨੂੰ ਹੁਣ ਤੱਕ ਹਾਈ ਸਕਿਉਰਟੀ ਰਜਿਸਟਰੇਸ਼ਨ ਪਲੇਟ ਨਹੀਂ ਲਗਾਈ ਗਈ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸਾਰੇ ਵਾਹਨ ਮਾਲਕ ਨੰਬਰ ਪਲੇਟਾਂ ਲਗਾਉਣੀਆਂ ਯਕੀਨੀ ਬਣਾਉਣ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਹਾਈ ਸਕਿਉਰਟੀ ਰਜਿਸਟਰੇਸ਼ਨ ਪਲੇਟ ਸਿਸਟਮ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਵਾਹਨ ਮਾਲਕਾਂ ਦੀਆਂ ਹਾਈ ਸਕਿਉਰਟੀ ਰਜਿਸਟਰੇਸ਼ਨ ਨੰਬਰ ਪਲੇਟਾਂ ਵਿਭਾਗ ਕੋਲ ਬਣੀਆਂ ਪਈਆਂ ਹਨ, ਉਨ੍ਹਾਂ ਨੂੰ ਤੁਰੰਤ ਲਗਾਇਆ ਜਾਵੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵੱਲੋਂ ਡਰਾਈਵਿੰਗ ਲਾਇਸੰਸ, ਲਰਨਿੰਗ ਲਾਇਸੰਸ, ਗੱਡੀਆਂ ਦੀ ਰਜਿਸਟਰੇਸ਼ਨ ਅਤੇ ਕੈਸ਼ ਸਬੰਧੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਹਾਈ ਸਕਿਉਰਟੀ ਨੰਬਰ ਪਲੇਟਾਂ ਲਗਾਉਣ ਵਾਲੇ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਕੰਪਨੀ ਦੇ ਕਰਮਚਾਰੀਆਂ ਨੂੰ ਕਿਹਾ ਕਿ ਨਿਰਧਾਰਤ ਰੇਟਾਂ ਮੁਤਾਬਕ ਰਕਮ ਵਸੂਲ ਕਰਨ ਦੇ ਨਾਲ-ਨਾਲ ਨੰਬਰ ਪਲੇਟਾਂ ਲਗਾਉਣ ਦੇ ਕੰਮ ਨੂੰ ਤਿਆਰ ਕੀਤੇ ਗਏ ਸ਼ਡਿਊਲ ਅਨੁਸਾਰ ਮੁਕੰਮਲ ਕੀਤਾ ਜਾਵੇ।
ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸੇਫ ਸਕੂਲ ਵਾਹਨ ਸਕੀਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਇਸ ਵਿੱਚ ਬਰਾਊਨ ਜਾਂ ਨੀਲੀ ਪੱਟੀ ਅਤੇ ਸਕੂਲ ਬੱਸਾਂ ਦੇ ਦੋਵੇਂ ਸਾਈਡਾਂ ਤੇ ਸਕੂਲ ਦਾ ਨਾਂ, ਪਤਾ ਅਤੇ ਫੋਨ ਨੰਬਰ ਲਿਖਿਆ ਹੋਵੇ। ਸਕੂਲ ਬਸ ਦੀ ਅਗਲੀ ਤੇ ਪਿਛਲੀ ਸਾਈਡ ਤੇ ਸਕੂਲ ਬੱਸ ਲਿਖਿਆ ਹੋਵੇ। ਜੇਕਰ ਕੋਈ ਸਕੂਲ ਬਸ ਕਿਰਾਏ ਤੇ ਚਲਦੀ ਹੈ ਤਾਂ ਉਸ ਉਤੇ ਆਨ ਸਕੂਲ ਡਿਊਟੀ ਲਿਖਿਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਬੱਸਾਂ ਵਿੱਚ ਫ਼ਸਟ ਏਡ ਬਾਕਸ, ਸਕੂਲ ਬੱਸ ਦੇ ਸ਼ਿਸ਼ਿਆਂ ਨੂੰ ਸੇਫਟੀ ਗਰਿੱਲ, ਸਕੂਲ ਬੱਸ ਵਿੱਚ ਸਪੀਡ ਗਵਰਨਰ ਅਤੇ ਅੱਗ ਬੁਝਾਉਣਾ ਵਾਲਾ ਯੰਤਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਸ ਦੇ ਡਰਾਈਵਰ ਦਾ ਤਜ਼ਰਬਾ ਘੱਟੋ ਘੱਟ 5 ਸਾਲ ਹੋਵੇ ਅਤੇ ਵਰਦੀ ਉਪਰ ਡਰਾਈਵਰ ਦਾ ਨਾਂ ਅਤੇ ਡਰਾਈਵਿੰਗ ਲਾਇਸੰਸ ਨੰਬਰ ਲਿਖਿਆ ਹੋਵੇ। ਬੱਸ ਵਿੱਚ ਬੱਚਿਆਂ ਦੇ ਸਕੂਲ ਬੈਗ ਰੱਖਣ ਦੀ ਜਗ੍ਹਾ ਅਤੇ ਖਿੜਕੀਆਂ ਦੇ ਲਾਕ ਠੀਕ ਕੰਮ ਕਰਦੇ ਹੋਣ। ਉਨ੍ਹਾਂ ਕਿਹਾ ਕਿ ਸਕੂਲ ਬੱਸ ਵਿੱਚ ਬੱਸ ਦੀ ਆਰ ਸੀ ਅਤੇ ਪਰਮਿੱਟ ਵਿੱਚ ਦਿੱਤੀ ਮਿਕਦਾਰ ਤੋਂ ਵੱਧ ਬੱਚੇ ਨਾ ਬਿਠਾਏ ਜਾਣ ਅਤੇ ਮੋਟਰ ਵਹੀਕਲ ਐਕਟ 1988/89 ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਟੇਟ ਕਮਿਸ਼ਨਰ ਨੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਅਚਨਚੇਤ ਦੌਰੇ ਸਮੇਂ ਟਰਾਂਸਪੋਰਟ ਸਬੰਧੀ ਵੱਖ-ਵੱਖ ਕੰਮਾਂ ਲਈ ਆਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਦਰਬਾਰਾ ਸਿੰਘ ਰੰਧਾਵਾ ਅਤੇ ਹੋਰ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।