ਕੇਜਰੀਵਾਲ ’ਚ ਪਾਰਟੀ ਨੂੰ ਸੰਭਾਲਣ ਦੀ ਸਮਰੱਥਾ ਨਹੀਂ : ਸ਼ਾਂਤੀ ਭੂਸ਼ਣ
Posted on:- 14-08-2014
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸ਼ਾਂਤੀ ਭੂਸ਼ਣ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਸਮਰੱਥਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਾਰਟੀ ਵਿੱਚ ਕੋਈ ਅੰਦਰੂਨੀ ਲੋਕਤੰਤਰ ਨਹੀਂ ਹੈ।
ਉੱਧਰ ਪਾਰਟੀ ਦੇ ਇੱਕ ਹੋਰ ਆਗੂ ਅਤੇ ਸ਼ਾਂਤੀ ਭੂਸ਼ਣ ਦੇ ਪੁੱਤਰ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਅਤੇ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ।
ਅੰਗਰੇਜ਼ੀ ਚੈਨਲ ਟਾਇਮਜ਼ ਨਾਓ ਦੇ ਮੁਤਾਬਕ ਸ਼ਾਂਤੀ ਭੂਸ਼ਣ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਇੱਕ ਵੱਡੇ ਆਗੂ ਹਨ, ਪਰ ਮੇਰੀ ਰਾਏ ਅਨੁਸਾਰ ਉਨ੍ਹਾਂ ਵਿੱਚ ਪਾਰਟੀ ਦੇ ਮਾਮਲਿਆਂ ਨੂੰ ਮੈਨੇਜ ਕਰਨ ਦੀ ਸਮਰੱਥਾ ਦੀ ਘਾਟ ਹੈ। ਪਾਰਟੀ ਉਨ੍ਹਾਂ ਦੀ ਅਗਵਾਈ ਵਿੱਚ ਪੂਰੇ ਭਾਰਤ ਵਿੱਚ ਵਿਸਤਾਰ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ਼ ਆਪਣੀ ਚਲਾਉਂਦੇ ਹਨ। ਉਨ੍ਹਾਂ ਨੂੰ ਸੰਗਠਨ ਨਾਲ ਜੁੜੇ ਕੰਮ ਕਿਸੇ ਹੋਰ ਵਿਅਕਤੀ ਨੂੰ ਸੌਂਪ ਦੇਣੇ ਚਾਹੀਦੇ ਹਨ, ਜਿਸ ਕੋਲ ਸਮਾਂ ਹੋਵੇ।
ਸ਼ਾਂਤੀ ਭੂਸ਼ਣ ਨੇ ਕੇਜਰੀਵਾਲ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਮਹੱਤਵਪੂਰਨ ਮੁੱਦਿਆਂ ’ਤੇ ਦੂਜੇ ਆਗੂਆਂ ਨਾਲ ਗੱਲਬਾਤ ਕਰਨ। ਸ਼ਾਂਤੀ ਭੂਸ਼ਣ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਹੁਤੇ ਤੋਂ ਅਸਤੀਫ਼ਾ ਦੇਣਾ ਪਾਰਟੀ ਲਈ ਮਹਿੰਗਾ ਸਾਬਤ ਹੋਇਆ ਹੈ।
ਆਪ ਦੀ ਸਾਬਕਾ ਆਗੂ ਸਾਜੀਆ ਇਲਮੀ ਨੇ ਕਿਹਾ ਕਿ ਅਸੀਂ ਵੀ ਇਸ ਮੁੱਦੇ ਨੂੰ ਚੁੱਕਿਆ ਸੀ। ਸ਼ਾਂਤੀ ਭੂਸ਼ਣ ਦੀ ਟਿੱਪਣੀ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਸਾਜੀਆ ਇਲਮੀ ਮੁਤਾਬਕ ਪਾਰਟੀ ਅੰਦਰ ਕੇਜਰੀਵਾਲ ਖਿਲਾਫ਼ ਗੁੱਸਾ ਵਧ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ’ਤੇ ਪਹਿਲਾਂ ਵੀ ਕਈ ਵਾਰ ਸਵਾਲ ਉਠ ਚੁੱਕੇ ਹਨ। ਪਾਰਟੀ ਛੱਡਣ ਵਾਲੇ ਕੁਝ ਆਗੂਆਂ ਨੇ ਸ੍ਰੀ ਕੇਜਰੀਵਾਲ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਵਜ੍ਹਾ ਨਾਲ ਪਾਰਟੀ ਵਿੱਚ ਲੋਕਤੰਤਰ ਜਿਹਾ ਮਾਹੌਲ ਨਹੀਂ ਹੈ। ਕੁਝ ਸਮਾਂ ਪਹਿਲਾਂ ਆਪ ਨੇਤਾ ਯੋਗਿੰਦਰ ਯਾਦਵ ਵੱਲੋਂ ਲਿਖੀ ਗਈ ਕਥਿਤ ਚਿੱਠੀ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ’ਤੇ ਸਵਾਲ ਉਠੇ ਸਨ। ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਵੀ ਆਪ ਦੁਆਰਾ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ’ਤੇ ਵੀ ਸਵਾਲ ਉਠਾਏ ਗਏ ਸਨ।