ਨਕਸਲਬਾੜੀ ਸ਼ਹੀਦ ਨਿਰੰਜਨ ਅਕਾਲੀ ਦੀ ਸਮਾਧ ਤੇ ਝੁਲਾਇਆ ਲਾਲ ਝੰਡਾ
Posted on:- 10-08-2014
ਬਰਨਾਲਾ: ਨਕਸਲਬਾੜੀ ਲਹਿਰ ਦੇ ਸ਼ਹੀਦ ਨਿਰੰਜਨ ਅਕਾਲੀ ਕਾਲਸਾਂ ਦੀ ਸਮਾਧ ਉਪਰ ਲਾਲ ਝੰਡਾ ਝੂਲਾਇਆ ਗਿਆ। ਨਿਰੰਜਨ ਅਕਾਲੀ ਦੇ ਘਰ ਤੋਂ ਕਾਫਲਾ ਨਾਅਰੇ ਮਾਰਦਾ ਹੋਇਆ ਉਨ੍ਹਾਂ ਦੀ ਸਮਾਧ ਤੱਕ ਪਹੁੰਚਿਆ। ਇਸ ਦੌਰਾਨ ਬਾਬਾ ਜੀ ਦੀ ਬੇਟੀ ਵੱਲੋਂ ਝੰਡਾ ਝੂਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਪ੍ਰਧਾਨ ਨਰਾਇਣ ਦੱਤ ਤੇ ਮਨਦੀਪ ਨੇ ਨਕਸਲਬਾੜੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ੧੯੬੭ ‘ਚ ਭਾਰਤ ਵਰਸ਼ ‘ਚ ‘ਬਸੰਤ ਦੀ ਗਰਜ਼‘ ਬਣ ਉੱਠੀ ਨਕਸਲਬਾੜੀ ਦੀ ਬਗਾਵਤ ਅਸਲ ਵਿਚ ਲੋਕ ਮੁਕਤੀ ਲਈ ਇਨਕਲਾਬ ਦਾ ਬੁਨਿਆਦੀ ਬਦਲ ਲੈ ਕੇ ਉੱਠੀ ਸੀ। ਇਹ ਬਗਾਵਤ ਪੂਰੇ ਦੇਸ਼ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ, ਜਿਸਨੇ ਦੇਸ਼ ਦੇ ਕਿਰਤੀ ਲੋਕਾਂ ਦੀਆਂ ਅੱਖਾਂ ਵਿਚ ਮੁਕਤੀ ਦੇ ਸੁਪਨੇ ਜਗਾਏ ਸਨ।
ਪੰਜਾਬ ‘ਚ ਵੀ ਇਸ ਲਹਿਰ ਨੇ ਵੱਡੀ ਪੱਧਰ ਤੇ ਆਪਣਾ ਅਮਿੱਟ ਪ੍ਰਭਾਵ ਪਾਇਆ। ਬਾਬਾ ਨਿਰੰਜਨ ਅਕਾਲੀ, ਅਕਾਲੀ ਲਹਿਰ ਨੂੰ ਛੱਡਕੇ ਕੁਲਵਕਤੀ ਵਜੋਂ ਨਕਸਲਬਾੜੀ ਲਹਿਰ ‘ਚ ਕੁੱਦ ਪਏ ਤੇ ਲੰਮਾ ਸਮਾਂ ਰੂਪੋਸ਼ ਰਹੇ। ਸ਼ਹੀਦੀ ਤੱਕ ਉਹ ਆਪਣੀ ਨਕਸਲੀ ਵਿਚਾਰਧਾਰਾ ਤੇ ਦਿ੍ਰੜ ਰਹੇ। ਉਨ੍ਹਾਂ ਨੇ ਸਦਾ ਬਰਾਬਰਤਾ ਅਧਾਰਿਤ ਸਮਾਜ ਲਈ ਲੋਕਾਂ ਨੂੰ ਜੱਥੇਬੰਦ ਹੋ ਕੇ ਇਨਕਲਾਬ ਦੇ ਰਾਹ ਤੇ ਪੈਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਵੀ ਦੁਨੀਆ ਪੱਧਰ ਤੇ ਅਮਰੀਕੀ ਤੇ ਇਸਰਾਇਲੀ ਧਾੜਵੀਆਂ ਵੱਲੋਂ ਦੁਨੀਆ ਦੇ ਪੱਛੜੇ ਦੇਸ਼ਾਂ ‘ਤੇ ਅਣਮਨੁੱਖੀ ਹਮਲੇ ਕੀਤੇ ਜਾ ਰਹੇ ਹਨ। ਸਾਡੇ ਮੁਲਕ ਦੇ ਹਾਕਮ ਲੋਕਾਂ ਨੂੰ ਮਹਿੰਗਾਈ, ਭਿ੍ਰਸ਼ਟਾਚਾਰ, ਗਰੀਬੀ, ਬੇਰੁਜਗਾਰੀ, ਨਸ਼ਾਖੋਰੀ ਤੇ ਕਾਲੇ ਕਾਨੂੰਨਾਂ ਦਾ ਬੋਝ ਤੇ ਦਾਬਾ ਪਾ ਰਹੇ ਹਨ।
ਇਸ ਲਈ ਅੱਜ ਲੋੜ ਹੈ ਕਿ ਉਨ੍ਹਾਂ ਅਮਰ ਸ਼ਹੀਦਾਂ
ਦੀ ਵਿਚਾਰਧਾਰਾ ਦੇ ਸੰਗੀ ਬਣਿਆ ਜਾਵੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ
ਮਨਜੀਤ ਧਨੇਰ ਨੇ ਲੋਕਾਂ ਨੂੰ ੧੨ ਅਗਸਤ ਨੂੰ ਕਿਰਨਜੀਤ ਦੇ ਬਰਸੀ ਸਮਾਗਮ ਤੇ ਪਹੁੰਚਣ ਅਤੇ ਕਾਲੇ
ਕਾਨੂੰਨਾਂ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਸਮੇਂ ਭਾਰਤੀ ਕਿਸਾਨ
ਯੂਨੀਅਨ (ਡਕੌਂਦਾ) ਦੇ ਜੁਗਰਾਜ ਹਰਦਾਸਪੁਰਾ, ਬਲਦੇਵ ਸੱਦੋਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਡਾ.
ਰਾਜਿੰਦਰਪਾਲ, ਡੀਟੀਐਫ ਦੇ ਅਜਮੇਰ ਕਾਲਸਾਂ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਵਰਿੰਦਰ ਦੀਵਾਨਾ, ਪ੍ਰਦੀਪ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਅਜੈਬ ਫੱਲੇਵਾਲ, ਵਿਸਾਖਾ ਸਿੰਘ, ਕੁਲਬੀਰ ਸਿੰਘ, ਗੁਰਜੰਟ ਸਿੰਘ, ਡਾ. ਅਮਰਜੀਤ ਕਾਲਸਾਂ ਆਦਿ ਆਗੂ ਹਾਜ਼ਰ ਸਨ।