‘ਭਾਈ ਮੰਨਾ ਸਿੰਘ’ ਨਾਟਕ ਦਾ ਗਾਇਬ ਹੋਣਾ ਗੈਰ-ਜ਼ਿੰਮੇਵਾਰ ਕਾਰਵਾਈ
Posted on:- 08-08-2014
ਅੱਜ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਸੂਬਾ ਕਨਵੀਨਰ ਮਨਦੀਪ ਤੇ ਸੂਬਾ ਕਮੇਟੀ ਮੈਂਬਰ ਰਣਦੀਪ ਸੰਗਤਪੁਰਾ, ਗਗਨਦੀਪ ਚੌਂਕੀਮਾਨ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਉੱਘੇ ਰੰਗਕਰਮੀ ਗੁਰਸ਼ਰਨ ਸਿੰਘ ਦਾ ਬਹੁ-ਚਰਚਿਤ ਨਾਟਕ ‘ਭਾਈ ਮੰਨਾ ਸਿੰਘ’ ਦੇ ਜਲੰਧਰ ਦੂਰਦਰਸ਼ਨ ਦੀ ਲਾਈਬ੍ਰੇਰੀ ‘ਚੋਂ ਗਾਇਬ ਹੋ ਜਾਣ ਦੀ ਘਟਨਾ ਪ੍ਰਬੰਧਕੀ ਅਮਲੇ ਦੇ ਗੈਰ-ਜ਼ਿੰਮੇਵਾਰਨਾ ਰਵੱਈਏ ਦਾ ਸਿੱਟਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ 28 ਸਤੰਬਰ 2011 ਨੂੰ ਭਾਅ ਜੀ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਉਨ੍ਹਾਂ ਦੀ ਜੱਥੇਬੰਦੀ ਦੇ ਪੰਜਾਬ ਭਰ ‘ਚੋਂ 60 ਦੇ ਕਰੀਬ ਸਰਗਰਮ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਵਫਦ 1 ਨਵੰਬਰ 2011 ਨੂੰ ਡਾਇਰੈਕਟਰ ਦੂਰਦਰਸ਼ਨ ਜਲੰਧਰ ਨੂੰ ਮਿਲਿਆ ਸੀ। ਵਫਦ ਨੇ ਆਪਣੇ ਲਿਖਤੀ ਮੈਮੋਰੰਡਮ ‘ਚ ਜੋਰਦਾਰ ਮੰਗ ਉਭਾਰੀ ਸੀ ਕਿ ਨਵੀਂ ਪੀੜ੍ਹੀ ਨੂੰ ਸੇਧ ਦੇਣ ਲਈ, ਸੰਨ 1986-87 ‘ਚ ਬਹੁ-ਚਰਚਿਤ ਰਹੇ ਨਾਟਕ ‘ਭਾਈ ਮੰਨਾ ਸਿੰਘ’ ਨੂੰ ਦੁਆਰਾ
ਟੈਲੀਕਾਸਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਅਧਿਕਾਰੀਆਂ ਨੇ ਵਫਦ ਦੇ ਆਗੂਆਂ ਦੀ ਡਾਇਰੈਕਟਰ ਦੂਰਦਰਸ਼ਨ ਜਲੰਧਰ ਨਾਲ ਬਾਕਾਇਦਾ ਮੀਟਿੰਗ ਵੀ ਕਰਵਾਈ ਸੀ।
ਮੀਟਿੰਗ ਦੌਰਾਨ ਵਫਦ ਦੇ ਆਗੂ ਮਨਦੀਪ ਤੇ ਜਸਵਿੰਦਰ ਕੌਸ਼ਲ ਨੇ ਦੂਰਦਰਸ਼ਨ ਦੇ ਡਾਇਰੈਕਟਰ ਨੂੰ ਨਾਟਕ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਇਸਨੂੰ ਦੁਬਾਰਾ ਟੈਲੀਕਾਸਟ ਕਰਨ ਬਾਰੇ ਗੱਲਬਾਤ ਕੀਤੀ ਅਤੇ ਲਿਖਤੀ ਮੈਮੋਰੰਡਮ ਡਾਇਰੈਕਟਰ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਡਾਇਰੈਕਟਰ ਦੂਰਦਰਸ਼ਨ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਕੋਲ ਨਾਟਕ ਦੀ ਵੀਡੀਓ ਰਿਕਾਰਡਿੰਗ ਪਈ ਹੈ ਪਰ ਉਸਦੇ ਪ੍ਰਿੰਟ ਵੇਖਣੇ ਪੈਣਗੇ ਕਿ ਉਹ ਹੁਣ ਤੱਕ ਲੰਮੇ ਸਮੇਂ ਬਾਅਦ ਸਾਫ ਪਏ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਸੀ ਕਿ ਪ੍ਰਿੰਟ ਸਾਫ ਹੋਣ ਦੀ ਸੂਰਤ ‘ਚ ਨਾਟਕ ਨੂੰ ਦੁਬਾਰਾ ਟੈਲੀਕਾਸਟ ਕਰਨ ਬਾਰੇ ਪੂਰੀ ਸੁਹਿਰਦਤਾ ਨਾਲ ਵਿਚਾਰਿਆ ਜਾਵੇਗਾ। ਬਾਅਦ ਵਿੱਚ ਇਸ ਮੈਮੋਰੰਡਮ ਨੂੰ ਜਲੰਧਰ ਦੂਰਦਰਸ਼ਨ ਤੋਂ ਇਕ ਪ੍ਰੌਗਰਾਮ ਦੌਰਾਨ ਪੜ੍ਹਿਆ ਗਿਆ ‘ਤੇ ਸ਼੍ਰੀ ਓਮ ਗੌਰੀ ਦੱਤ ਸ਼ਰਮਾਂ ਜੀ ਨੇ ਇਸਤੇ ਗੌਰ ਕਰਨ ਦਾ ਭਰੋਸਾ ਵੀ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਦੇ ਦਰਜਨ ਤੋਂ ਵੱਧ ਸਥਾਨਕ ਅਖਬਾਰਾਂ ਨੇ ਵਫਦ ਦੁਆਰਾ ਉਠਾਈ ਇਸ ਮੰਗ ਦਾ ਪੁਰਜੋਰ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ‘ਤੇ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਹੋਏ ਲਗਭੱਗ ਸਾਰੇ ਵੱਡੇ ਸਮਾਗਮਾਂ ਵਿੱਚ ਸਾਡੇ ਵੱਲੋਂ ਇਸ ਸੀਰੀਅਲ ਨੂੰ ਦੁਬਾਰਾ ਟੈਲੀਕਾਸਟ ਕਰਨ ਦੇ ਮਤੇ ਵੀ ਪਵਾਏ ਜਾਂਦੇ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਨਾਟਕ ‘ਭਾਈ ਮੰਨਾ ਸਿੰਘ’ ਦੀਆਂ ਕੁੱਲ 18 ਕਿਸ਼ਤਾਂ ਵਿੱਚੋਂ ਕੁਝ ਕਿਸ਼ਤਾਂ ਉਨ੍ਹਾਂ ਕੋਲ ਪਈਆਂ ਹਨ ਤੇ ਮੰਚ ਵੱਲੋਂ ਦਰਜਨ ਦੇ ਕਰੀਬ ਪਿੰਡਾਂ ‘ਚ ਪ੍ਰੋਜੈਕਟਰ ਤੇ ਲੈਪਟਾਪ ਉੱਤੇ ਇੰਨ੍ਹਾਂ ਹਾਸਲ ਕਿਸ਼ਤਾਂ ਨੂੰ ਵੱਡੀ ਗਿਣਤੀ ਲੋਕਾਂ ਸਾਹਮਣੇ ਪੇਸ਼ ਵੀ ਕੀਤਾ ਜਾ ਚੁੱਕਾ ਹੈ।
ਆਗੂਆਂ ਨੇ ਕਿਹਾ ਕਿ ਭਾਅ ਜੀ ਦੇ ਨਾਟਕਾਂ ਦੀ ਤਿੱਖੀ ਸੁਰ ਅੱਜ ਦੇ ਹਾਕਮਾਂ ਨੂੰ ਰਾਸ ਨਹੀਂ ਬੈਠਦੀ ਇਸ ਲਈ ਇਸ ਮਹੱਤਵਪੂਰਨ ਕਿਰਤ ਪ੍ਰਤੀ ਅਯਗਹਿਲੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਵਰਗੇ ਅਦਾਰਿਆਂ ਨੂੰ ਸਭ ਤੋਂ ਪਹਿਲਾਂ 1952 ‘ਚ ਟੈਲੀਕਾਸਟ ਹੋਏ ਮਹਾਂਭਾਰਤ ਵਰਗੇ ਮਿਥਹਾਸਿਕ ਨਾਟਕ ਤਾਂ ਅਸਾਨੀ ਨਾਲ ਹਾਸਲ ਹੋ ਜਾਂਦੇ ਹਨ ਪਰ ਲੋਕ ਹਿੱਤਾਂ ‘ਚ ਅਤੇ ਹੁਕਮਰਾਨਾਂ ਦੇ ਵਿਰੋਧ ‘ਚ ਜਾਣ ਵਾਲੀ ਅਵਾਜ਼ ਗਾਇਬ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਹੱਤਵਪੂਰਨ ਨਾਟਕ ਦੀ ਭਾਲ ਲਈ ਵਿਸ਼ੇਸ਼ ਟੀਮ ਨਿਯੁਕਤ ਕੀਤੀ ਜਾਣੀ ਚਾਹੀਦੀ ਹੈ ਅਤੇ ਗੈਰ-ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਟਕ ਦੀਆਂ ਹਾਸਲ ਕਿਸ਼ਤਾਂ ਨੂੰ ਦੂਰਦਰਸ਼ਨ ਤੋਂ ਵਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਉਸਦੇ ਸਰਕਾਰੀ ਅਦਾਰੇ ਲੰਮੇ ਅਰਸੇ ਤੋਂ ਇਤਿਹਾਸਕ ਨਾਇਕਾਂ ਦੀਆਂ ਨਿਸ਼ਾਨੀਆਂ ਪ੍ਰਤੀ ਅਣਗਹਿਲੀ ਕਰਦੇ ਆ ਰਹੇ ਹਨ। ਪਹਿਲਾਂ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਇਤਿਹਾਸਕ ਹਵਾਲੇ/ਨਿਸ਼ਾਨੀਆਂ ਨੂੰ ਸਾਂਭਣ ਲਈ ਕੋਈ ਪੁਖਤਾ ਚਾਰਾਜੋਈ ਨਹੀਂ ਕੀਤੀ ਗਈ। ਉਹ ਅੱਜ ਵੀ ਅਗਾਂਹਵਧੂ ਲੇਖਕਾਂ/ਇਤਿਹਾਸਕਾਰਾਂ ਵੱਲੋਂ ਨਿੱਜੀ ਯਤਨਾਂ ਨਾਲ ਲੱਭੇ ਜਾ ਰਹੇ ਹਨ। ਇਸ ਗੈਰ-ਜਿੰਮੇਵਾਰੀ ਦਾ ਅੰਦਾਜਾ ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਦੀਆਂ ਅਸਥੀਆਂ ਪ੍ਰਤੀ ਅਪਣਾਏ ਜਾ ਰਹੇ ਗੈਰ-ਜਿੰਮੇਵਾਰ ਤੇ ਗੈਰ ਸੰਜੀਦਾ ਰਵੱਈਏ ਤੋਂ ਵੀ ਲਾਇਆ ਜਾ ਸਕਦਾ ਹੈ।