ਇਰਾਕ : ਜੇਹਾਦੀਆਂ ਵੱਲੋਂ ਦੋ ਵੱਡੇ ਸ਼ਹਿਰਾਂ ’ਤੇ ਕਬਜ਼ਾ
Posted on:- 08-08-2014
ਬਗਦਾਦ : ਉੱਤਰੀ ਇਰਾਕ ਵਿੱਚ ਇਸਲਾਮੀ ਜੇਹਾਦੀਆਂ ਵੱਲੋਂ ਦੋ ਵੱਡੇ ਸ਼ਹਿਰਾਂ ਕਾਰਾਕੋਸ਼ ਅਤੇ ਤਲਕਿਫ਼ ਸਮੇਤ ਤਿੰਨ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲੈਣ ਦੀ ਖ਼ਬਰ ਹੈ। ਕਾਰਾਕੋਸ਼ ਇਸ ਇਲਾਕੇ ਵਿੱਚ ਸਭ ਤੋਂ ਵੱਡਾ ਇਸਾਈ ਸ਼ਹਿਰ ਹੈ। ਕਾਰਾਕੋਸ਼ ਮੌਸੂਲ ਤੋਂ ਕਰੀਬ 30 ਕਿਲੋਮੀਟਰ ਦੱਖਣੀ ਪੂਰਬ ਵਿੱਚ ਸਥਿਤ ਹੈ ਅਤੇ ਇੱਥੇ ਕਰੀਬ 50 ਹਜ਼ਾਰ ਇਸਾਈ ਰਹਿੰਦੇ ਹਨ। ਤਲਕਿਫ਼ ਅਤੇ ਕਾਰਾਕੋਸ਼ ਦੇ ਨਾਲ ਹੀ ਨਿਨੇਵੇਹ ਸੂਬੇ ਦੀ ਰਾਜਧਾਨੀ ਮੌਸੂਲ ਦੇ ਪੂਰਬ ਅਤੇ ਉਤਰ ਪੂਰਬ ਵਿੱਚ ਸਥਿਤ ਸ਼ਹਿਰਾਂ ਬਾਰਤਲਾ, ਬਾਸ਼ਿਕਾ ਤੇ ਅਲਗੁਏਰ ’ਤੇ ਵੀ ਕਬਜ਼ਾ ਕਰ ਲਿਆ ਹੈ।
ਇਸਾਈ ਆਗੂਆਂ ਨੇ ਕਿਹਾ ਕਿ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈਐਸਆਈਐਸ) ਦੇ ਜੇਹਾਦੀਆਂ ਨੇ ਕੁਰਦ ਪਸ਼ਮਰਗਾ ਸੈਨਿਕਾਂ ਤੋਂ ਸ਼ਹਿਰ ’ਤੇ ਕਬਜ਼ਾ ਲੈ ਲਿਆ ਹੈ। ਨਜ਼ਦੀਕੀ ਇਸਾਈ ਸ਼ਹਿਰਾਂ ਤੇਲ ਅਸਕਾਫ਼ ਅਤੇ ਕਰਮਲੇਸ ਤੋਂ ਵੀ ਕੁਰਦ ਲੜਾਕੇ ਪਿੱਛੇ ਹਟ ਗਏ ਹਨ।
ਸੁੰਨੀ ਜੇਹਾਦੀਆਂ ਦੇ ਕਈ ਹੋਰ ਸ਼ਹਿਰਾਂ ਅਤੇ ਕਸਬਿਆਂ ’ਤੇ ਵੀ ਕਬਜ਼ਾ ਕਰ ਲੈਣ ਦੀਆਂ ਖ਼ਬਰਾਂ ਹਨ। ਇਰਾਕ ਦੇ ਉਤਰੀ ਇਲਾਕਿਆਂ ਵਿੱਚ ਕੁਰਦ ਪਸ਼ਮਰਗਾ ਲੜਾਕੇ ਕਈ ਹਫਤਿਆਂ ਤੋਂ ਆਈਐਸ ਨਾਲ ਲੜ ਰਹੇ ਹਨ। ਇੱਕ ਸਥਾਨਕ ਆਰਕਬਿਸ਼ਪ ਨੇ ਫਰਾਂਸਿਸੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਹਜ਼ਾਰਾਂ ਲੋਕ ਡਰ ਕਾਰਨ ਘਰ ਛੱਡ ਕੇ ਭੱਜ ਰਹੇ ਹਨ।
ਇਰਾਕ ਵਿੱਚ ਦੁਨੀਆ ਦੇ ਸਭ ਤੋਂ ਪੁਰਾਣੇ ਇਸਾਈ ਭਾਈਚਾਰੇ ਰਹਿੰਦੇ ਹਨ। ਸਾਲ 2003 ਵਿੱਚ ਇਰਾਕ ’ਤੇ ਅਮਰੀਕੀ ਹਮਲੇ ਤੋਂ ਬਾਅਦ ਇੱਥੇ ਫਿਰਕੂ ਹਿੰਸਾ ਵਿੱਚ ਵਾਧਾ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਇਸਾਈਆਂ ਦੀ ਗਿਣਤੀ ਘੱਟ ਗਈ ਹੈ।
ਸੁੰਨੀ ਜੇਹਾਦੀਆਂ ਨੇ ਇਸਲਾਮੀ ਖਿਲਾਫ਼ਤ ਸਥਾਪਤ ਕਰਨ ਲਈ ਇਰਾਕ ਅਤੇ ਸੀਰੀਆ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ।