ਕਮਲਾ ਬੈਨੀਵਾਲ ਦੀ ਬਰਖਾਸਤਗੀ ਗੰਭੀਰ ਦੋਸ਼ਾਂ ਕਾਰਨ : ਸਰਕਾਰ
Posted on:- 08-08-2014
ਨਵੀਂ ਦਿੱਲੀ : ਐਨਡੀਏ ਦੀ ਸਰਕਾਰ ਵੱਲੋਂ ਅਚਾਨਕ ਮਿਜ਼ੋਰਮ ਦੀ ਰਾਜਪਾਲ ਕਮਲਾ ਬੈਨੀਵਾਲ ਨੂੰ ਬਰਖਾਸਤ ਕਰਨ ਕਾਰਨ ਹੁਕਮਰਾਨ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਤਿੱਖ਼ਾ ਵਾਦਵਿਵਾਦ ਛਿੜਿਆ ਹੋਇਆ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਮਿਜ਼ੋਰਮ ਦੀ ਰਾਜਪਾਲ ਕਮਲਾ ਬੈਨੀਵਾਲ ਨੂੰ ਬਰਖਾਸ਼ਤ ਕਰਨ ਦੇ ਫੈਸਲੇ ਪਿੱਛੇ ਉਨ੍ਹਾਂ ’ਤੇ ਲੱਗੇ ਗੰਭੀਰ ਦੋਸ਼ ਹਨ। ਸ੍ਰੀ ਨਾਇਡੂ ਨੇ ਫੈਸਲੇ ਨੂੰ ਸਹੀ ਦੱਸਦਿਆਂ ਕਿਹਾ ਕਿ ਇਸ ਦੇ ਪਿੱਛੇ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ, ਸਗੋਂ ਸਰਕਾਰ ਨੇ ਸੰਵਿਧਾਨ ਦੇ ਤਹਿਤ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਮਲਾ ਬੈਨੀਵਾਲ ਦੇ ਖਿਲਾਫ਼ ਕਾਰਵਾਈ ਸੁਪਰੀਮ ਕੋਰਟ ਦੇ ਫੈਸਲੇ ਦਾ ਉਲੰਘਣ ਨਹੀਂ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੋ ਵੀ ਕਦਮ ਚੁੱਕਿਆ ਗਿਆ ਹੈ, ਉਹ ਸੰਵਿਧਾਨਕ ਸਿਧਾਂਤਾਂ ਦੇ ਅਨੁਸਾਰ ਹੈ। ਉਨ੍ਹਾਂ ਸੰਸਦ ਭਵਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕਮਲਾ ਬੈਨੀਵਾਲ ਨੂੰ ਰਾਜਪਾਲ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਸੰਵਿਧਾਨਕ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਅਨੁਸਾਰ ਹੈ, ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕਮਲਾ ਬੈਨੀਵਾਲ ਨੂੰ ਰਾਜਪਾਲ ਦੇ ਅਹੁਦੇ ਤੋਂ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਹੀ ਬੀਤੀ ਰਾਤ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਦੋਂ ਬੈਨੀਵਾਲ ਦਾ ਅਕਸਰ ਉਨ੍ਹਾਂ ਨਾਲ ਟਕਰਾਅ ਹੁੰਦਾ ਰਹਿੰਦਾ ਸੀ।
ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਮਿਜ਼ੋਰਮ ਦੀ ਰਾਜਪਾਲ ਕਮਲਾ ਬੈਨੀਵਾਲ ਨੂੰ ਬਰਖਾਸਤ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਬੈਨੀਵਾਲ ਨੂੰ ਬਰਖਾਸਤ ਕਰਨਾ ਸਿੱਧੇ ਤੌਰ ’ਤੇ ਸਿਆਸੀ ਬਦਲਾਖ਼ੋਰੀ ਦਾ ਮਾਮਲਾ ਹੈ।
ਬਸਪਾ ਮੁਖੀ ਮਾਇਆਵਤੀ ਨੇ ਵੀ ਬੈਨੀਵਾਲ ਦੀ ਬਰਖਾਸਤਗੀ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਨੂੰ ਗਲਤ ਸਮਝਦੀ ਹੈ। ਉਨ੍ਹਾਂ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਰਾਜਪਾਲਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਉਹ ਚਿੰਤਾ ਦਾ ਵਿਸ਼ਾ ਹੈ ਅਤੇ ਮੈਂ ਇਸ ਦੀ ਨਿਖੇਧੀ ਕਰਦੀ ਹਾਂ।
ਇਸ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਐਨਡੀਏ ਦੀ ਸਰਕਾਰ ਵੱਲੋਂ ਬੈਨੀਵਾਲ ਨੂੰ ਬਰਖਾਸਤ ਕਰਨਾ ਠੀਕ ਨਹੀਂ ਹੈ, ਖਾਸ ਤੌਰ ’ਤੇ ਉਸ ਸਮੇਂ ਜਦੋਂ ਕਿ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਨੂੰ ਸਿਰਫ਼ ਦੋ ਮਹੀਨੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਸਾਬਕਾ ਰਾਜਪਾਲ ’ਤੇ ਗੰਭੀਰ ਦੋਸ਼ ਲੱਗੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ, ਪਰ ਦੋ ਮਹੀਨੇ ਉਡੀਕਿਆ ਵੀ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਹੈ, ਉਸ ਦਾ ਮਾੜਾ ਸੰਕੇਤ ਹੀ ਗਿਆ ਹੈ।
ਰਾਜਪਾਲ ਦੀ ਬਰਖਾਸਤਗੀ ’ਤੇ ਕਾਂਗਰਸ ਦਾ ਪ੍ਰਤੀਕਰਮ ਦਿੰਦੇ ਹੋਏ ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਕਿਹਾ ਕਿ ਜੋ ਵੀ ਹੋਇਆ ਹੈ, ਉਹ ਗਲਤ ਹੈ, ਸਰਕਾਰ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ ਅਤੇ ਹੁਣ ਗੰਭੀਰ ਦੋਸ਼ਾਂ ਦੇ ਨਾਂ ਹੇਠ ਰਾਜਪਾਲ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।