ਹੁਣ ਬਣੇਗਾ ਪੰਜਾਬੀ ਭਾਈਚਾਰੇ ਦਾ ਆਪਣਾ ਸ਼ਮਸ਼ਾਨਘਾਟ
Posted on:- 04-08-2014
- ਹਰਬੰਸ ਬੁੱਟਰ
ਕੈਲਗਰੀ :ਬੜੇ ਲੰਮੇ ਅਰਸੇ ਤੋਂ ਪੰਜਾਬੀ ਭਾਈਚਾਰੇ ਦੇ ਆਪਣੇ ਪਰਬੰਧਾਂ ਹੇਠ ਚੱਲਣ ਵਾਲੇ ਸ਼ਮਸ਼ਾਨਘਾਟ ਦੀ ਲੋੜ ਸਮਝੀ ਜਾ ਰਹੀ ਸੋਚ ਨੂੰ ਅੱਜ ਉਸ ਵੇਲੇ ਆਸਾਂ ਦਾ ਬੂਰ ਪੈਂਦਾ ਦਿਖਾਈ ਦਿੱਤਾ ਜਦੋਂ ਫਾਲਕਿਨਰਿੱਜ ਕਮਿਓਨਿਟੀ ਸੈਂਟਰ ਵਿਖੇ ਇਸ ਸਬੰਧੀ ਚਿੰਤਤ ਲੋਕ ਜੁੜ ਬੈਠੇ। ਆਰਜੀ ਤੌਰ ‘ਤੇ ਸਥਾਪਿਤ ਕੀਤੇ ਇਸ ਦੇ ਪਰਬੰਧਕੀ ਬੋਰਡ ਦੇ ਮੈਂਬਰਾਂ ਦੇ ਸੱਦੇ ਉੱਪਰ ਰਾਜਨੀਤਕ ,ਸਮਾਜਿਕ ,ਲੇਖਕ ਅਤੇ ਸਮਾਜ ਦੇ ਹੋਰ ਚਿੰਤਤ ਵਰਗ ਦੇ ਲੋਕ ਇਸ ਵਿੱਚ ਸ਼ਾਮਿਲ ਹੋਏ ।
ਪ੍ਰੋਗਰਾਮ ਦੀ ਸੁਰੂਆਤ ਬਚਿੱਤਰ ਗਿੱਲ ਦੀ ਬਲੰਦ ਆਵਾਜ਼ ਵਿੱਚ ਜ਼ਿੰਦਗੀ ਦੀ ਅਟੱਲ ਸਚਾਈ ਜਨਮ-ਮੌਤ ਨਾਲ ਸਬੰਧਤ ਕਵੀਸਰੀ “ਜੱਗ ਜੰਕਸ਼ਨ ਰੇਲਾਂ ਦਾ” ਨਾਲ ਸੁਰੂ ਹੋਈ। ਕਵਿੱਤਰੀ ਸਰਿੰਦਰ ਗੀਤ ਨੇ “ਉੱਠ ਨੀ ਜਿੰਦੇ” ਦਾ ਹੋਕਾ ਦਿੱਤਾ। ਚੇਅਰਮੈਨ ਜਸਪਾਲ ਕੰਗ ਨੇ ਦੱਸਿਆ ਕਿ ਇਸ ਦਾ ਨਾਂ “ ਅਕਾਲ ਸ਼ਮਸ਼ਾਨ ਘਾਟ ਕੇਂਦਰ ” ਹੋਵੇਗਾ ਜੋ ਕਿ ਲੋਕਾਂ ਵੱਲੋਂ ਹੀ ਲੋਕਾਂ ਦੇ ਸਹਿਯੋਗ ਨਾਲ ਹੀ ਚਲਾਇਆ ਜਾਵੇਗਾ। ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਵਾਜਿਬ ਖਰਚੇ ਨਾਲ ਮਨੁੱਖੀ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਸੁਬਿਧਾ ਇਸ ਸੈਂਟਰ ਵਿਖੇ ਹੋਵੇਗੀ।
ਵਰਨਣਯੋਗ ਹੈ ਇਸ ਸੈਂਟਰ ਵਿਖੇ ਨਵ ਜੰਮੇ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਕਨੇਡੀਅਨ ਫੌਜਾਂ ਵਿੱਚ ਸੇਵਾ ਨਿਭਾ ਰਹੇ ਮਰਦ ਔਰਤਾਂ, ਬੇ ਸਹਾਰਾ ਲੋਕਾਂ ਦੇ ਅੰਤਿਮ ਸੰਸਕਾਰ ਦੀ ਸਹੂਲਤ ਮੁਫਤ ਵਿੱਚ ਕਰਨ ਦੀ ਵਿਵਸਥਾ ਰੱਖੀ ਗਈ ਹੈ । ਭਾਵੇ ਇਸ ਮੌਕੇ ਕੈਲਗਰੀ ਦੇ ਐਮ ਪੀ ਦਵਿੰਦਰ ਸ਼ੋਰੀ, ਐਮ ਐਲ ਏ ਦਰਸਨ ਕੰਗ, ਅਤੇ ਦੂਸਰੇ ਐਮ ਪੀ ਦੀਪਕ ਓਬਰਾਇ ਅਤੇ ਮੰਤਰੀ ਮਨਮੀਤ ਭੁੱਲਰ ਦੇ ਸਹਾਇਕਾਂ ਤੋਂ ਇਲਾਵਾ ਭਾਈਚਾਰੇ ਵਿੱਚੋਂ ਦਿਲਾਵਰ ਸਿੰਘ ਸਮਰਾ,ਅਮਰ ਸਿੰਘ ਮਾਂਗਟ,ਹਰਜੀਤ ਸਰੋਆ,ਸੁਰਿੰਦਰ ਪਲਾਹਾ,ਨਰਮੈਲ ਸਿੰਘ ਚਾਨਾ,ਭਜਨ ਸਿੰਘ ਗਿੱਲ, ਜਸਵੰਤ ਸਿੰਘ ਗਿੱਲ, ਸੱਤਪਾਲ ਕੌਸਿਲ,ਰਣਬੀਰ ਪਰਮਾਰ,ਕੇਸਰ ਸਿੰਘ ਨੀਰ,ਸੈਮ ਬਰਾੜ, ਸੰਗਰਾਮ ਸੰਧੂ, ਡਾ: ਮੱਟੂ,ਡਾ: ਜਗਦੀਸ ਸਰਾਂ, ਮਨਜੋਤ ਗਿੱਲ,ਪਰਮਿੰਦਰ ਗਰੇਵਾਲ , ਡੈਨ ਸਿੱਧੂ ,ਹੈਪੀ ਮਾਨ, ਅਵਿਨਾਸ ਖੰਗੂੜਾ ,ਬੂਟਾ ਰੀਹਲ,ਰਾਜੇਸ ਅੰਗਰਾਲ,ਚੰਦ ਸਿੰਘ ਸਦਿਓੜਾ,ਪਾਲੀ ਸਿੰਘ,ਗੁਰਮੀਤ ਸਰਪਾਲ, ਗੁਰਵਰਿੰਦਰ ਧਾਲੀਵਾਲ, ਰਿਸ਼ੀ ਨਾਗਰ ਜਿਹੀਆਂ ਸਖਸੀਅਤਾਂ ਹਾਜਿਰ ਸਨ ਪਰ ਹਾਲੇ ਹੋਰ ਬਹੁਤ ਵੱਡੇ ਹੁੰਗਾਰੇ ਦੀ ਜਰੂਰਤ ਹੈ । ਵਾਲੰਟੀਅਰ ਸੇਵਾ ਕਰਨ ਵਾਲੇ ਵੀਰ ਭੈਣ ਭਰਾਵਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ।