ਸਿੱਖਿਆ ਬੋਰਡ ’ਚ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ੀ ਨੂੰ ਨਿਆਂਇਕ ਹਿਰਾਸ਼ਤ ’ਚ ਭੇਜਿਆ
Posted on:- 03-08-2014
ਮੋਹਾਲੀ ਪੁਲਿਸ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖਾਤੇ ’ਚੋਂ ਲੱਖਾਂ ਰੁਪਏ ਦੇ ਘਪਲੇ ਦੋਸ਼ ’ਚ ਗਿ੍ਰਫਤਾਰ ਕੀਤੇ ਤਰੁਨ ਕੁਮਾਰ ਭਗੀਰਥ ਨੂੰ ਅੱਜ ਮੋਹਾਲੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਤਰੁਨ ਕੁਮਾਰ ਭਗੀਰਥ ਦੇ ਐਚ.ਐਫ.ਡੀ.ਸੀ ਬੈਂਕ ਮੋਹਾਲੀ ਵਿਚ ਉਸ ਦੇ ਖਾਤੇ ਵਿਚੋਂ 11 ਲੱਖ 20 ਹਜਾਰ 360 ਰੁਪਏ ਬਰਾਮਦ ਕਰ ਲਏ ਗਏ ਹਨ।
ਅਜੇ ਇਸ ਕਿਸੇ ਹੋਰ ਬੈਂਕ ਵਿੱਚ ਖਾਤੇ ਅਤੇ ਲਾਕਰਾਂ ਬਾਰੇ ਪੁਛ ਪੜਤਾਲ ਕਰਨੀ ਹੈ ਇਸ ਲਈ ਇਸ ਨੂੰ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਦਿਤਾ ਜਾਵੇ। ਮਾਣਯੋਗ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਤਰੁਨ ਕੁਮਾਰ ਭਗੀਰਥ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਦੀ ਪੜਤਾਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੂਰਨ ਸਹਿਯੋਗ ਨਹੀਂ ਦਿਤਾ ਗਿਆ ਹੈ, ਜੇਕਰ ਇਸ ਦੀ ਪੁਰੀ ਜਾਣਕਾਰੀ ਦਿਤੀ ਜਾਵੇ ਤਾਂ ਇਸ ਘਪਲੇ ਵਿੱਚ ਹੋਰ ਕਰਮਚਾਰੀਆਂ ਦੇ ਸਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸਿੱਖਿਆ ਬੋਰਡ ਵੱਲੋਂ ਇਸ ਦੇ ਐਕਸਿਸ ਬੈਂਕ ਦੇ ਖਾਤੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿਤੀ ਗਈ । ਉਨ੍ਹਾਂ ਦੱਸਿਆ ਕਿ ਤਰੁਨ ਭਗੀਰਥ ਵੱਲੋਂ ਪੜਤਾਲ ਦੌਰਾਨ ਦੱਸਿਆ ਕਿ ਉਹ ਸੈਲਰੀ ਸੈਕਸਨ ਦੇ ਜੂਨੀਅਰ ਸਹਇਕ ਸੰਦੀਪ ਕੁਮਾਰ ਅਤੇ ਆਡਿਟ ਸ਼ਾਖਾ ਦੀ ਅਡੀਟਰ ਸ੍ਰੀ ਮਤੀ ਕਮਲੇਸ ਕੁਮਾਰੀ ਨਾਲ ਮਿਲਕੇ ਕਰਦਾ ਸੀ।
ਉਸ ਵੱਲੋਂ ਲੱਗਭੱਗ 67 ਲੱਖ ਦਾ ਘਪਲਾ ਕਬੂਲ ਕੀਤਾ ਗਿਆ ਹੈ। ਜਿਸ ਬਾਰੇ ਉਸ ਨੇ ਦੱਸਿਆ ਕਿ ਉਸ ਨੇ 20 ਲੱਖ ਰੁਪਏ ਸੰਦੀਪ ਕੁਮਾਰ ਅਤੇ 10 ਲੱਖ ਰੁਪਏ ਆਡੀਟਰ ਕਮਲੇਸ ਕੁਮਾਰੀ ਨੂੰ ਦਿਤੇ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਦੋਹਾਂ ਕਰਮਚਾਰੀਆਂ ਨੂੰ ਥਾਣੇ ਬੁਲਾਕੇ ਪੁਛਗਿਛ ਕੀਤੀ ਗਈ ਹੈ ਹਾਲੇ ਕਿਸੇ ਦੀ ਗਿ੍ਰਫਤਾਰੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਹਾਲੇ ਕਲੀਨ ਚਿੱਟ ਦਿੱਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਰੁਨ ਭਗੀਰਥ ਵੱਲੋਂ ਸਾਲ 2009 ਤੋਂ 2011 ਤੱਕ ਲੱਗਭੱਗ 20 ਲੱਖ ਰੁਪਏ ਦਾ ਘਪਲਾ ਕੀਤਾ ਹੈ। ਸਾਲ 2011 ਵਿਚ 9 ਲੱਖ, 2012 ਵਿੱਚ 13 ਲੱਖ, ਸਾਲ 2013 ਵਿੱਚ 37 ਲੱਖ ਅਤੇ 2014 ਵਿੱਚ 35 ਲੱਖ ਦਾ ਘਪਲਾ ਕੀਤਾ ਗਿਆ ਹੈ।
ਤਰੁਨ ਕੁਮਾਰ ਵੱਲੋਂ ਜੂਨੀਅਰ ਸਹਾਇਕ ਸੰਦੀਪ ਕੁਮਾਰ ਦੀ ਸਹਾਇਤਾ ਨਾਲ ਕਰਮਚਾਰੀਆਂ ਦੀ ਸੈਲਰੀ ਦਾ ਟੋਟਲ ਨੂੰ ਵਧਾ ਕੇ ਬਿੱਲ ਤਿਆਰ ਕਰਵਾਉਂਦਾ ਸੀ ਅਤੇ ਲੇਖਾ ਸਾਖਾ ਵਿੱਚ ਇਸ ਤੇ ਸੁਪਰੰਡਟ ਅਤੇ ਸਹਾਇਕ ਸਕੱਤਰ ਦੇ ਪੇ ਆਡਰ ਤੇ ਹਸਤਾਖਰ ਕਰਵਾਉਂਦਾ ਸੀ। ਇਨ੍ਹਾਂ ਬਿੱਲਾਂ ਨੂੰ ਆਡਿਟ ਸ਼ਾਖਾ ਵਿੱਚ ਕੰਮ ਕਰ ਰਹੀ ਆਡੀਟਰ ਸ੍ਰੀ ਮਤੀ ਕਮਲੇਸ ਕੁਮਾਰੀ ਜੈਨ ਦੀ ਮਿਲੀ ਭੁਗਤ ਨਾਲ ਉਸ ਵਧਾਏ ਹੋਏ ਟੋਟਲ ਨੂੰ ਬਿਨਾਂ ਚੈਕ ਕੀਤੇ ਹੀ ਪੇ=ਆਡਰ ਲਗਵਾਕੇ ਚੈੱਕ ਤਿਆਰ ਕਰਦਾ ਸੀ। ਤਰੁਨ ਕੁਮਾਰ ਜਿਸਦੀ ਡਿਉਟੀ ਕਰਮਚਾਰੀਆਂ ਦੀ ਤਨਖਾਹ ਨੂੰ ਕਰਮਚਾਰੀਆਂ ਦੇ ਬੈਂਕ ਖਾਤੇ ਵਿੱਚ ਭੇਜਣ ਦੀ ਸੀ, ਟੋਟਲ ਵਿੱਚ ਵਧਾਏ ਰੁਪਏ ਅਪਣੇ, ਪਤਨੀ (ਜੋ ਸਿੱਖਿਆ ਬੋਰਡ ਵਿੱਚ ਹੀ ਕੰਮ ਕਰਦੀ ਹੈ) ਅਤੇ ਅਪਣੀ ਮਾਤਾ ਦੇ ਖਾਤੇ ਵਿੱਚ ਜਮ੍ਹਾ ਕਰਵਾ ਲੈਂਦਾ ਸੀ।