ਜਾਨਲੇਵਾ ਈਬੋਲਾ ਵਿਸ਼ਾਣੂ ਵਿਰੁੱਧ ਵਿਸ਼ਵ ਸਿਹਤ ਸੰਗਠਨ ਨੇ ਸਰਗਰਮੀ ਫੜੀ
Posted on:- 03-08-2014
ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਸੀਅਰਾ ਲਿਓਨਾ ’ਚ ਈਬੋਲਾ ਬਿਮਾਰੀ ਦੇ ਫੁਟਣ ਬਾਅਦ ਸਥਿਤੀ ਬਹੁਤ ਗੰਭੀਰ ਬਣ ਗਈ ਹੈ ਅਤੇ ਇਸ ਖ਼ਤਰਨਾਕ ਵਿਸ਼ਾਣੂ (ਵਾਇਰਸ) ਨੇ 729 ਵਿਅਕਤੀਆਂ ਦੀ ਜਾਨ ਲੈ ਲਈ ਹੈ। ਹੁਣ ਇਹ ਲੱਗਦਾ ਹੈ ਕਿ ਇਸ ਬਿਮਾਰੀ ’ਤੇ ਉਸੇ ਰਫ਼ਤਾਰ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਰਫ਼ਤਾਰ ਨਾਲ ਇਹ ਫੈਲ ਰਹੀ ਹੈ ਅਤੇ ਪੱਛਮੀ ਅਫ਼ਰੀਕਾ ਦੇ ਦੇਸ਼ਾਂ ਨੂੰ ਗਿ੍ਰਫ਼ਤ ’ਚ ਲੈ ਰਹੀ ਹੈ।
ਦੋ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇੱਕ ਹੰਗਾਮੀ ਗੁਆਇਨਾ ’ਚ ਇੱਕ ਹੰਗਾਮੀ ਮੀਟਿੰਗ ਕਰਕੇ ਈਬੋਲਾ ਦੇ ਮੁੜ ਫੁਟਣ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮਨੁੱਖੀ ਜਾਨਾਂ ਲਈ ਵੱਡੇ ਪੱਧਰ ’ਤੇ ਵਿਨਾਸ਼ਕਾਰੀ ਐਲਾਨਿਆ। ਪੱਛਮੀ ਅਫ਼ਰੀਕਾ ਦੇ ਦੇਸ਼ਾਂ, ਖਾਸ ਕਰ ਸੀਅਰਾ ਲੀਓਨਾ, ਗੁਆਇਨਾ, ਲਿਬੀਰੀਆ ਨੇ ਸੀਮਾਵਾਂ ਜਾਮ ਕਰ ਦਿੱਤੀਆਂ ਹਨ। ਕੀਨੀਆ, ਈਥੋਪੀਆ, ਕਾਂਗੋ ਗਣਰਾਜ ਤੇ ਬੇਨਿਨ ਨੇ ਹਵਾਈ ਅੱਡਿਆਂ ਅਤੇ ਸਰਹੱਦਾਂ ’ਤੇ ਨਿਗਰਾਨੀ ਤੇ ਡਾਕਟਰੀ ਜਾਂਚ ਵਧਾ ਦਿੱਤੀ ਹੈ।
ਬਰਤਾਨੀਆ ਵਿੱਚ ਕਾਮਨਵੈਲਥ ਖੇਡਾਂ ਵਿੱਚ ਪਹੁੰਚੇ ਸਾਇਕਲਲਿਸਟ ਮੋਸਿਸ ਸੀਸੇ, ਜੋ ਸੀਅਰਾ ਲਿਓਨਾ ਤੋਂ ਹੈ, ਦੀ ਪੂਰੀ ਡਾਕਟਰੀ ਜਾਂਚ ਕੀਤੀ ਗਈ ਹੈ। ਨਾਈਜ਼ੀਰੀਆ ਨੇ ਉਹ ਦੋ ਮਰੀਜ਼ ਬਿਲਕੁਲ ਵੱਖ ਕਰ ਦਿੱਤੇ ਹਨ, ਜਿਨ੍ਹਾਂ ਦਾ ਉਸ ਵਿਅਕਤੀ ਨਾਲ ਸਿੱਧਾ ਸੰਪਰਕ ਰਿਹਾ ਹੈ, ਜਿਸ ਦੀ ਈਬੋਲਾ ਨਾਲ ਪਿਛਲੇ ਹਫ਼ਤੇ ਲਾਬੋਸ ਵਿੱਚ ਮੌਤ ਹੋ ਗਈ ਸੀ।
ਈਬੋਲਾ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ ਨੇ 10 ਕਰੋੜ ਡਾਲਰ ਦੀ ਇੱਕ ਕਰ ਯੋਜਨਾ ਆਰੰਭ ਕੀਤੀ ਹੈ। ਦੱਸਿਆ ਗਿਆ ਹੈ ਕਿ ਜੇਕਰ ਇਹ ਬਿਮਾਰੀ ਇੰਝ ਹੀ ਫੈਲਦੀ ਗਈ ਤਾਂ ਪੱਛਮੀ ਅਫ਼ਰੀਕੀ ਮੁਲਕਾਂ ਦਾ ਬਾਕੀ ਦੇ ਸਾਰੇ ਸੰਸਾਰ ਨਾਲੋਂ ਹਰ ਤਰ੍ਹਾਂ ਦਾ ਸੰਪਰਕ ਖ਼ਤਮ ਕਰਨਾ ਪੈ ਸਕਦਾ ਹੈ।
ਈਬੋਲਾ ਅਫ਼ਰੀਕੀ ਦੇਸ਼ਾਂ ਤੋਂ ਹਵਾਈ ਸਫ਼ਰ ਕਰਨ ਵਾਲਿਆਂ ਰਾਹੀਂ ਯੂਰਪੀ ਤੇ ਏਸ਼ੀਆਈ ਦੇਸ਼ਾਂ ਵਿੱਚ ਵੀ ਫੈਲਣ ਦਾ ਡਰ ਬਣ ਚੁੱਕਾ ਹੈ। ਜੇਕਰ ਇੰਝ ਹੁੰਦਾ ਹੈ ਤਾਂ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਅਮਰੀਕੀ ਡਾਕਟਰਾਂ ਦਾ ਕਹਿਣਾ ਹੈ ਕਿ ਈਬੋਲਾ ‘‘ਜੰਗਲ ਦੀ ਅੱਗ’’ ਵਾਂਗ ਫੈਲ ਸਕਦਾ ਹੈ।