ਨੇਪਾਲ : ਕੋਸੀ ਦਰਿਆ ’ਚ ਢਿਗ ਡਿੱਗਣ ਨਾਲ ਬਿਹਾਰ ਲਈ ਭਾਰੀ ਖਤਰਾ
Posted on:- 03-08-2014
ਪਟਨਾ:ਨੇਪਾਲ ਵਿੱਚ ਜ਼ਮੀਨ ਧੱਸਣ ਦੇ ਕਾਰਨ ਕੋਸੀ ਨਦੀ ਵਿੱਚ ਭਾਰੀ ਤਬਾਹੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਐਤਵਾਰ ਤੱਕ ਕਦੇ ਵੀ ਕੋਸੀ ਵਿੱਚ 1011 ਮੀਟਰ ਦੀ ਉਚਾਈ ਵਾਲਾ ਪਾਣੀ ਦਾ ਰੇਲਾ ਆ ਸਕਦਾ ਹੈ। ਇਹ ਇਲਾਕਾ ਸੰਨ 2008 ਵਿੱਚ ਵੀ ਕੋਸੀ ਤੋਂ ਆਏ ਭਾਰੀ ਹੜ੍ਹ ਨਾਲ ਤਬਾਹੀ ਝੱਲ ਚੁੱਕਿਆ ਹੈ। ਖਤਰੇ ਨੂੰ ਦੇਖਦੇ ਹੋਏ ਸਰਹੱਦੀ 9 ਜ਼ਿਲ੍ਹਿਆਂ ਜਿਨ੍ਹਾਂ ਵਿੱਚ ਸੁਪੋਲ, ਸੇਰੱਸਾ, ਮਦੇਪੁਰਾ, ਅਰਰਿਆ, ਪੁਰਨਿਮਾ, ਖਗੜੀਆ, ਮਧੂਬਨੀ, ਕਟਿਹਾਰ ਅਤੇ ਭਾਗਲਪੁਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੋਸੀ ਦੀ ਨੇੜਲੀ ਅਬਾਦੀ ਨੂੰ ਸਮਾਨ ਅਤੇ ਪਸ਼ੂਆਂ ਦੇ ਨਾਲ ਉਚੇ ਅਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਨੂੰ ਕਿਹਾ ਗਿਆ ਹੈ।
ਇਸ ਨੂੰ ਦੇਖਦੇ ਹੋਏ ਪਲੈਨ ਸ਼ੁਰੂ ਹੋ ਗਿਆ ਹੈ। ਕੇਂਦਰ ਨੇ ਐਨਡੀਆਰਐਫ਼ ਦੀ 15 ਮੈਂਬਰੀ ਟੀਮ ਬਿਹਾਰ ਦੇ ਲਈ ਰਵਾਨਾ ਕਰ ਦਿੱਤੀ ਹੈ। ਦਿੱਲੀ ਤੋਂ ਇਲਾਵਾ ਕੋਲਕਾਤਾ ਤੋਂ ਵੀ ਐਨਡੀਆਰਐਫ਼ ਦੀ ਟੀਮ ਬੁਲਾਈ ਗਈ ਹੈ। ਖ਼ਤਰੇ ਨੂੰ ਦੇਖਦੇ ਹੋਏ ਨਵੀਂ ਦਿੱਲੀ ਵਿੱਚ ਕੇਂਦਰ ਅਤੇ ਪਟਨਾ ਵਿੱਚ ਬਿਹਾਰ ਸਰਕਾਰ ਸਰਗਰਮ ਹੋ ਗਈ ਹੈ। ਕੈਬਨਿਟ ਸਕੱਤਰ ਅਜੀਤ ਸੇਠ ਨੇ ਬੈਠਕ ਕਰਕੇ ਹਲਾਤ ਦਾ ਜਾਇਜ਼ਾ ਲਿਆ ਅਤੇ ਸੰਕਟ ਪ੍ਰਬੰਧਨ ਤੰਤਰ ਨੂੰ ਸਰਗਰਮ ਕਰ ਦਿੱਤਾ ਹੈ। ਬਿਹਾਰ ਦੇ ਮੁੱਖ ਸਕੱਤਰ ਅੰਜਨੀ ਕੁਮਾਰ ਸਿੰਘ ਦੇ ਨਾਲ ਗੱਲਬਾਤ ਕਰਕੇ ਬਚਾਅ ਅਤੇ ਰਾਹਤ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ।
ਕੇਂਦਰ ਨੇ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿੱਤਾ ਹੈ। ਕੇਂਦਰ ਸਰਕਾਰ ਪਹਾੜ ਟੁੱਟਣ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਦੇ ਲਈ ਨੇਪਾਲ ਸਰਕਾਰ ਦੀ ਵੀ ਮਦਦ ਕਰ ਰਹੀ ਹੈ। ਮਾਹਿਰਾਂ ਦਾ ਇੱਕ ਦਲ ਕਾਠਮੰਡੂ ਲਈ ਰਵਾਨਾ ਕਰ ਦਿੱਤਾ ਗਿਆ ਹੈ ਜੋ ਉਥੇ ਨਦੀ ਦੀ ਧਾਰਾ ਵਿੱਚ ਡਿੱਗੇ ਪਹਾੜ ਦੇ ਟੁਕੜੇ ਨੂੰ ਧਮਾਕੇ ਨਾਲ ਤੋੜਨ ਵਿੱਚ ਮਦਦ ਕਰੇਗਾ। ਸਨਕੋਸੀ ਨਦੀ ਵਿੱਚ ਪਾਣੀ ਦਾ ਵਹਾਅ ਰੁਕਣ ਨਾਲ ਨੇਪਾਲ ਸਥਿਤ ਡੈਮ ਵਿੱਚ 20 ਤੋਂ 25 ਲੱਖ ਕਿਊਸਿਕ ਪਾਣੀ ਇਕੱਠਾ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ ਡੈਮ ਟੁੱਟਣ ਦੇ ਖ਼ਤਰੇ ਤੋਂ ਨੇਪਾਲ ਵਿੱਚ ਵੀ ਸੰਕਟ ਗਹਿਰਾ ਸਕਦਾ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 100 ਕਿਲੋਮੀਟਰ ਉਤਰ ਪੂਰਬ ਵਿੱਚ ਸਨਕੋਸੀ ਨਦੀ ਵਿੱਚ ਧਰਤੀ ਧੱਸਣ ਦੇ ਚਲਦਿਆਂ ਪਹਾੜ ਟੁੱਟ ਕੇ ਡਿੱਗ ਗਿਆ ਹੈ।