ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਗੁਰਮੇਲ ਸਿੰਘ ਸਕਰੂਲੀ ਦੀ ਮੌਤ
Posted on:- 02-08-2014
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬ ਕਾਂਗਰਸ ਦੇ ਸੀਨੀਅਰ ਅਤੇ ਸਾਬਕਾ ਸਿੱਖਿਆ ਮੰਤਰੀ ਚੋਧਰੀ ਗੁਰਮੇਲ ਸਿੰਘ ਦੀ ਅਚਾਨਕ ਮੌਤ ਹੋ ਗਈ। ਚੌਧਰੀ ਗੁਰਮੇਲ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਚ ਅਹੁੱਦਿਆਂ ਤੇ ਰਹੇ। ਉਹਨਾਂ ਨੂੰ ਪੰਜਾਬ ਕਾਂਗਰਸ ਪਾਰਟੀ ਵਿੱਚ ਦਲਿਤਾਂ ਦਾ ਮਸੀਹਾ ਆਗੂ ਕਰਕੇ ਜਾਣਿਆਂ ਜਾਂਦਾ ਸੀ। ਉਹ ਆਪਣੇ ਸਮੇਂ ਦੌਰਾਨ ਉਸ ਵਕਤ ਵਿਧਾਨ ਸਭਾ ਹਲਕਾ ਮਾਹਿਲਪੁਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਅਤੇ ਕੈਬਨਿਟ ਮੰਤਰੀ ਬਣੇ। ਉਹਨਾਂ ਆਪਣੇ ਸਮੇਂ ਦੌਰਾਨ ਜਿੱਥੇ ਦੋਆਬੇ ਦੇ ਦਲਿਤ ਗੜ੍ਹ ਵਾਲੇ ਇਲਾਕੇ ਨੂੰ ਕਾਂਗਰਸ ਪਾਰਟੀ ਨਾਲ ਜੋੜਕੇ ਪਾਰਟੀ ਨੂੰ ਮਜ਼ਬੂਤ ਕੀਤਾ ਉਥੇ ਉਹਨਾਂ ਮੰਤਰੀ ਬਣਕੇ ਦੋਆਬੇ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਥਾਹ ਵਿਕਾਸ ਕਰਵਾਇਆ।
ਉਹ ਕੇਂਦਰ ਵਿੱਚ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦੇ ਕਰੀਬੀ ਆਗੂ ਮੰਨੇ ਜਾਂਦੇ ਸਨ। ਇਸੇ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਵਿੱਚ ਸੀਨੀਅਰ ਆਗੂ ਵਜੋਂ ਸਤਿਕਾਰੇ ਗਏ। ਉਹਨਾਂ ਹਰ ਚੋਣ ਮੌਕੇ ਮਹਾਰਾਣੀ ਪਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂਆਂ ਦੀ ਚੋਣ ਮੁਹਿੰਮ ਸੰਭਾਲੀ ਅਤੇ ਜਿੱਤਾਂ ਦਰਜ਼ ਕਰਵਾਈਆਂ। ਉਹਨਾਂ ਪੰਜਾਬ ਵਿਧਾਨ ਸਭਾ ਲਈ ਵਿਧਾਨ ਸਭਾ ਹਲਕਾ ਮਾਹਿਲਪੁਰ ਤੋਂ 1985, 1992, 1997 ਦੀਆ ਚੋਣਾਂ ਲੜੀਆਂ ਪ੍ਰੰਤੂ ਉਹ ਤਿੰਨੇ ਵਾਰ ਪੰਜਾਬ ਬਸਪਾ ਦੇ ਆਗੂ ਅਵਤਾਰ ਸਿੰਘ ਕਰੀਮਪੁਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਤੋ ਚੋਣ ਹਾਰ ਗਏ।
ਉਹਨਾਂ ਦੇ ਲੜਕੇ ਰੂਬੀ ਚੋਧਰੀ ਨੇ ਦੱਸਿਆ ਕਿ ਉਹ ਪਿੱਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ।ਅੱਜ ਚੰਡੀਗੜ੍ਹ ਵਿੱਚ ਸਵੇਰੇ ਪਿਤਾ ਦੀ ਮੌਤ ਹੋਈ ਤੇ ਬਾਅਦ ਦੁਪਹਿਰ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਸਮੂਹ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਅਤੇ ਸਮਰਥਕ ਹਾਜ਼ਰ ਸਨ। ਉਹਨਾ ਦੀ ਬੇਵਕਤੀ ਮੌਤ ਤੇ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸੀ ਪੀ ਐਮ ਦੇ ਆਗੂ ਦਰਸ਼ਨ ਸਿੰਘ ਮੱਟੂ, ਮਨਜੀਤ ਸਿੰਘ ਲਾਲੀ, ਪਰਵਾਸੀ ਭਾਰਤੀ ਕੁਲਵੰਤ ਸਿੰਘ ਸੰਘਾ, ਡਾ ਸੁਰਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਚੋਧਰੀ ਰਾਮ ਰਤਨ ਸਮੇਤ ਮਾਹਿਲਪੁਰ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਚੋਧਰੀ ਗੁਰਮੇਲ ਸਿੰਘ ਨੂੰ ਦੋਆਬੇ ਦੀ ਰੂਹ ਆਖਿਆ।