ਜਾਨ ਕੈਰੀ ਨੇ ਕੀਤੀ ਸੁਸ਼ਮਾ ਨਾਲ ਮੁਲਾਕਾਤ
Posted on:- 01-08-2014
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਅੱਜ ਇੱਥੇ 5ਵੀਂ ਭਾਰਤਅਮਰੀਕਾ ਰਣਨੀਤਕ ਗੱਲਬਾਤ ਦੀ ਸਹਿਪ੍ਰਧਾਨਗੀ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਨੇ ਸੁਰੱਖਿਆ ਅਤੇ ੳੂਰਜਾ ਦੇ ਮਹੱਤਵਪੂਰਨ ਖੇਤਰਾਂ ’ਚ ਤਬਾਦਲਾਕਾਰੀ ਪਹਿਲਕਦਮੀਆਂ ’ਤੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਆਗੂਆਂ ਦੇ ਦਰਮਿਆਨ ਕਰੀਬ ਇਕ ਘੰਟੇ ਤੱਕ ਮੀਟਿੰਗ ਚੱਲੀ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ੳੂਰਜਾ ਅਤੇ ਵਪਾਰ ਸਮੇਤ ਵੱਖ ਵੱਖ ਮੰਤਰਾਲਿਆਂ ਦੇ ਵਫ਼ਦ ਨਾਲ ਗੱਲਬਾਤ ਹੋਈ।
ਗੱਲਬਾਤ ਤੋਂ ਪਹਿਲਾਂ ਜਾਨ ਕੈਰੀ ਨੇ ਵਪਾਰ ਸਕੱਤਰ ਪੈਨੀ ਪ੍ਰੀਤਜੇਕਰ ਦੇ ਨਾਲ ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਵੀ ਮੁਲਾਕਾਤ ਕੀਤੀ। ਨਵੀਂ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਦੀ ਰਾਜਨੀਤਕ ਪੱਧਰ ’ਤੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਤੋਂ ਦੋ ਮਹੀਨੇ ਪਹਿਲਾਂ ਹੋਈ ਇਸ ਮੀਟਿੰਗ ਦਾ ਮੁੱਖ ਉਦੇਸ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ, ਜੋ ਯੂਪੀਏ ਸਰਕਾਰ ਦੇ ਆਖ਼ਰੀ ਸਾਲਾਂ ’ਚ ਤੇਜ਼ ਗਤੀ ਨਹੀਂ ਫੜ ਸਕੇ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨਾਲ ਮੀਟਿੰਗ ਦੌਰਾਨ ਅਮਰੀਕਾ ਵੱਲੋਂ ਕਰਵਾਈ ਗਈ ਜਾਸੂਸੀ ਦਾ ਮੁੱਦਾ ਵੀ ਉਠਾਇਆ। ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਾਸੂਸੀ ਬਰਦਾਸ਼ਤ ਨਹੀਂ ਹੋਵੇਗੀ। ਇਸੇ ਦੌਰਾਨ ਅੱਜ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਪ੍ਰਸਿੱਧ ਭਾਰਤੀ ਤਕਨੀਕੀ ਸੰਸਥਾ ਦੀਆਂ ਦੋ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਖੂਬ ਸਰਾਹਨਾ ਕੀਤੀ। ਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋ. ਆਰਕੇ ਸ਼ੇਵਗਾਂਵਕਰ ਨੇ ਦੱਸਿਆ ਕਿ ਅਮਰੀਕੀ ਦੂਤਾਵਾਸ ਨੇ ਵਿਸ਼ੇਸ਼ ਤੌਰ ’ਤੇ ਕਿਹਾ ਸੀ ਕਿ ਜਾਨ ਕੈਰੀ ਇਨ੍ਹਾਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਾਨ ਕੈਰੀ ਨੇ ਇਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪ੍ਰਕਿਰਿਆਵਾਂ, ਵਿੱਦਿਅਕ ਦਰਾਂ, ਪੇਟੈਂਟ ਵਿਵਸਥਾ ਬਾਰੇ ਸੁਆਲ ਪੁੱਛੇ। ਕੈਰੀ ਨੇ ਵਿਦਿਆਰਥੀਆਂ ਤੋਂ ਇਹ ਵੀ ਪੁੱਛਿਆ ਕਿ ਉਹ ਭਾਰਤ ’ਚ ਨੌਕਰੀ ਕਰਨਗੇ ਜਾਂ ਉਨ੍ਹਾਂ ਨੇ ਬਾਹਰ ਜਾਣਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਮਰੀਕਾ ਨੇ ਬੀਤੇ ਸਾਲ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਹੁਣ ਉਹ ਮੋਦੀ ਵੱਲੋਂ ਦਿੱਤੇ ਗਏ ਨਾਅਰੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਗੁਣਗਾਣ ਕਰ ਰਿਹਾ ਹੈ।