ਮੇਰੀ ਕਿਤਾਬ ’ਚ ਸਾਰਾ ਸੱਚ ਸਾਹਮਣੇ ਆਵੇਗਾ : ਸੋਨੀਆ
Posted on:- 01-08-2014
ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਵੱਲੋਂ ਆਪਣੀ ਕਿਤਾਬ ’ਚ ਸੋਨੀਆ ਗਾਂਧੀ ਦੇ ਆਪਣੇ ਪੁੱਤਰ ਰਾਹੁਲ ਗਾਂਧੀ ਦੇ ਦਬਾਅ ਕਾਰਨ ਪ੍ਰਧਾਨ ਮੰਤਰੀ ਨਾ ਬਣਨ ਸਬੰਧੀ ਕੀਤੇ ਖੁਲਾਸਿਆਂ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਉਹ ਜਲਦ ਹੀ ਕਿਤਾਬ ਲਿਖੇਗੀ, ਜਿਸ ਰਾਹੀਂ ਸਭ ਕੁਝ ਸੱਚ ਸਾਹਮਣੇ ਆ ਜਾਵੇਗਾ।
ਉੱਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਬਚਾਅ ’ਚ ਉਤਰ ਆਏ ਹਨ। ਮਨਮੋਹਨ ਸਿੰਘ ਨੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਨੂੰ ਗ਼ਲਤ ਦੱਸਿਆ। ਮਨਮੋਹਨ ਸਿੰਘ ਨੇ ਨਟਵਰ ਸਿੰਘ ਦੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਕਿ ਮਹੱਤਵਪੂਰਨ ਫਾਈਲਾਂ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੋਨੀਆ ਗਾਂਧੀ ਕੋਲ ਭੇਜੀਆਂ ਜਾਂਦੀਆਂ ਸਨ। ਮਨਮੋਹਨ ਸਿੰਘ ਨੇ ਨਟਵਰ ਸਿੰਘ ਨੂੰ ਸਲਾਹ ਦਿੱਤੀ ਕਿ ਨਿੱਜੀ ਗੱਲਬਾਤ ਨੂੰ ਕਮਰਸ਼ੀਅਲ ਮਕਸਦ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੀ ਕਿਤਾਬ ’ਚ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਨਾ ਬਣਨ ਦੇ ਸਬੰਧ ’ਚ ਹੋਏ ਖੁਲਾਸੇ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਇਸ ਤੋਂ ਦੁਖੀ ਨਹੀਂ ਹੈ। ਇਸ ਦਾਅਵੇ ਤੋਂ ਬਾਅਦ ਉੱਠੇ ਸਿਆਸੀ ਵਿਵਾਦ ਦੇ ਦਰਮਿਆਨ ਅੱਜ ਸੋਨੀਆ ਗਾਂਧੀ ਨੇ ਕਿਹਾ ਕਿ ਸੱਚ ਨੂੰ ਸਾਹਮਣੇ ਲਿਆਉਣ ਲਈ ਉਹ ਖ਼ੁਦ ਕਿਤਾਬ ਲਿਖਣਗੇ। ਸੋਨੀਆ ਨੇ ਕਿਹਾ ਕਿ ਉਨ੍ਹਾਂ ’ਤੇ ਅਜਿਹੇ ਹਮਲੇ ਪਹਿਲਾਂ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੀ ਮੈਂ ਆਦੀ ਹੋ ਚੁੱਕੀ ਹਾਂ।
ਸੋਨੀਆ ਨੇ ਟੀਵੀ ਚੈਨਲਾਂ ਨੂੰ ਕਿਹਾ ਕਿ ਮੇਰੇ ਪਤੀ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਮੇਰੀ ਸੱਸ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਟਵਰ ਸਿੰਘ ਨੇ ਆਪਣੀ ਪੁਸਤਕ ‘ਵਨ ਲਾਈਫ ਇਜ਼ ਨਾਟ ਇਨੱਫ ਇਨ ਆਟੋਬਾਇਓਗ੍ਰਾਫ਼ੀ’ ’ਚ ਦਾਅਵਾ ਕੀਤਾ ਹੈ ਕਿ 2004 ’ਚ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ ਸੀ। ਰਾਹੁਲ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਮਾਤਾ ਦੀ ਵੀ ਪਿਤਾ ਰਾਜੀਵ ਗਾਂਧੀ ਦੀ ਤਰ੍ਹਾਂ ਹੱਤਿਆ ਹੋ ਜਾਵੇ। ਨਟਵਰ ਸਿੰਘ ਮੁਤਾਬਕ ਸੋਨੀਆ ਨੇ ਪ੍ਰਧਾਨ ਮੰਤਰੀ ਅਹੁਦਾ ਆਪਣੀ ਅੰਤਰਆਤਮਾ ਦੀ ਅਵਾਜ਼ ’ਤੇ ਨਹੀਂ, ਸਗੋਂ ਰਾਹੁਲ ਗਾਂਧੀ ਦੇ ਦਬਾਅ ਕਾਰਨ ਠੁਕਰਾਇਆ ਸੀ। ਰਾਹੁਲ ਨੂੰ ਡਰ ਸੀ ਕਿ ਜੇਕਰ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਪਿਤਾ ਰਾਜੀਵ ਗਾਂਧੀ ਦੀ ਤਰ੍ਹਾਂ ਸੋਨੀਆ ਗਾਂਧੀ ਦੀ ਵੀ ਹੱਤਿਆ ਕਰ ਦਿੱਤੀ ਜਾਵੇਗੀ। ਨਟਵਰ ਸਿੰਘ ਮੁਤਾਬਕ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਗਈ ਸੀ ਕਿਉਕਿ ਨੂੰ ਕਿਤਾਬ ਨੂੰ ਲੈ ਕੇ ਚਿੰਤਾ ਸੀ। ਕਿਤਾਬ ’ਚ ਕਈ ਅਜਿਹੇ ਹਿੱਸੇ ਹਨ, ਜੋ ਜੇਕਰ ਪ੍ਰਕਾਸ਼ਤ ਨਾ ਹੋਣ ਤਾਂ ਸੋਨੀਆ ਵਧੇਰੇ ਖੁਸ਼ ਹੋਵੇਗੀ। ਸੋਨੀਆ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਨਟਵਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਗਲੇ ਲਗਾਇਆ ਅਤੇ ਮੇਰੇ ਤੋਂ ਦੁਰਵਿਵਹਾਰ ਲਈ ਮੁਆਫ਼ੀ ਮੰਗੀ।