ਜਨਰਲ ਦਲਬੀਰ ਸਿੰਘ ਸੁਹਾਗ ਬਣੇ ਦੇਸ਼ ਦੇ 26ਵੇਂ ਥਲ ਸੈਨਾ ਮੁਖੀ
Posted on:- 01-08-2014
ਜਨਰਲ ਦਲਬੀਰ ਸਿੰਘ ਸੁਹਾਗ ਨੇ ਅੱਜ ਦੇਸ਼ ਦੇ ਨਵੇਂ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਜਨਰਲ ਬਿਕਰਮ ਸਿੰਘ ਦੀ ਥਾਂ ਲਈ ਹੈ। ਦੇਸ਼ ਦੇ 26ਵੇਂ ਥਲ ਸੈਨਾ ਮੁਖੀ ਵਜੋਂ ਉਨ੍ਹਾਂ ਦਾ ਕਾਰਜਕਾਲ 30 ਮਹੀਨੇ ਦਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਜਨਰਲ ਬਿਕਰਮ ਸਿੰਘ ਨੇ ਇੱਥੇ ਸਾੳੂਥ ਬਲਾਕ ਸਥਿਤ ਆਪਣੇ ਦਫ਼ਤਰ ’ਚ ਜਨਰਲ ਸੁਹਾਗ ਨੂੰ ਥਲ ਸੈਨਾ ਮੁਖੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਜ਼ਿਕਰਯੋਗ ਹੈ ਕਿ ਨਵੇਂ ਥਲ ਸੈਨਾ ਮੁਖੀ ਜਨਰਲ ਸੁਹਾਗ ਨੇ ਅਜਿਹੇ ਸਮੇਂ ’ਚ ਇਹ ਅਹੁਦਾ ਸੰਭਾਲਿਆ ਹੈ, ਜਦੋਂ ਫ਼ੌਜ ਆਪਣੇ ਤੋਪਖਾਨੇ, ਪੈਦਲ ਸੈਨਾ ਅਤੇ ਹਵਾਈ ਰੱਖਿਆ ਸ਼ਾਸਤਰਾਂ ਦੇ ਆਧੁਨਿਕੀਕਰਨ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਨਾਲ ਹੀ ਕਿਸੇ ਸੰਭਾਵਿਤ ਬਹੁਮੋਰਚਾ ਯੁੱਧ ਦਾ ਸਾਹਮਣਾ ਕਰਨ ਲਈ ਵੀ ਖ਼ੁਦ ਨੂੰ ਤਿਆਰ ਕਰ ਰਹੀ ਹੈ।
ਗੋਰਖਾ ਰੈਜ਼ੀਮੈਂਟ ਦੇ ਅਧਿਕਾਰੀ 59 ਸਾਲਾ ਸੁਹਾਗ 1987 ’ਚ ਸ੍ਰੀਲੰਕਾ ’ਚ ਭਾਰਤੀ ਸ਼ਾਂਤੀ ਸੈਨਾ (ਆਈਪੀਕੇਐਫ) ਦੀ ਮੁਹਿੰਮ ’ਚ ਸ਼ਾਮਲ ਸਨ ਅਤੇ ਹੁਣ ਤੱਕ ਫ਼ੌਜ ਉਪ ਮੁਖੀ ਸਨ। ਸੁਹਾਗ ਨੂੰ ਪਿਛਲੇ ਸਾਲ ਥਲ ਸੈਨਾ ਦਾ ਉਪ ਮੁਖੀ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਉਹ 16 ਜੂਨ 2012 ਤੋਂ ਪੂਰਬੀ ਸੈਨਾ ਦੇ ਕਮਾਂਡਰ ਸਨ। ਇਸ ਤੋਂ ਪਹਿਲਾਂ ਉਹ ਤੱਤਕਾਲੀਨ ਥਲ ਸੈਨਾ ਮੁਖੀ ਜਨਰਲ ਵੀਕੇ ਸਿੰਘ ਦੁਆਰਾ ਅਨੁਸ਼ਾਸਨ ਅਤੇ ਚੌਕਸੀ ਪਾਬੰਦੀ ਲਗਾਏ ਜਾਣ ਕਾਰਨ ਵਿਵਾਦਾਂ ’ਚ ਘਿਰ ਗਏ ਸਨ।