ਯੋਜਨਾਬੱਧ ਪਰਿਵਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਜਾਰੀ ਰਹਿਣਗੇ: ਸਿਵਲ ਸਰਜਨ
Posted on:- 27-07-2014
ਸੰਗਰੂਰ: ਵੱਧ ਰਹੀ ਆਬਾਦੀ ਨੂੰ ਸਥਿਰ ਕਰਨ ਦੇ ਮੰਤਵ ਵਜੋਂ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਬੀਤੇ ਪੰਦਰਾ ਦਿਨ ‘ਨਿਯੋਜਤ ਪਰਿਵਾਰ, ਖ਼ੁਸ਼ੀਆਂ ਆਪਾਰ’ ਦੇ ਨਾਅਰੇ ਹੇਠ ਆਬਾਦੀ ਪੰਦਰਵਾੜੇ ਵਜੋਂ ਮਨਾਏ ਗਏ।ਜ਼ਿਲ੍ਹਾ ਸੰਗਰੂਰ ਵਿੱਚ ਯੋਜਨਾਬੱਧ ਪਰਿਵਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਸੰਗਰੂਰ ਵੱਲੋਂ ਸਿਹਤ ਮੇਲੇ, ਸੈਮੀਨਾਰ, ਕੈਂਪ, ਨੁੱਕੜ ਨਾਟਕ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਪੰਦਰਵਾੜੇ ਦੇ ਅਖੀਰਲੇ ਦਿਨ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਬਾਦੀ ਸਬੰਧੀ ਸਮੱਸਿਆਵਾਂ ਨੂੰ ਕਾਬੂ ਕਰਨ ਹਿੱਤ ਸਿਹਤ ਵਿਭਾਗ ਦੇ ਯਤਨਾਂ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਲੁੜੀਂਦਾ ਹੈ।ਡਾ. ਗੁਪਤਾ ਨੇ ਕਿਹਾ ਕਿ ਯੋਜਨਾਬੱਧ ਪਰਿਵਾਰ ਸਬੰਧੀ ਲੋਕ ਜਾਗਰੂਕਤਾ ਦੇ ਯਤਨ ਵਿਸ਼ਵ ਆਬਾਦੀ ਦਿਵਸ ਜਾਂ ਆਬਾਦੀ ਪੰਦਰਵਾੜੇ ਆਦਿ ਤੋਂ ਬਿਨਾਂ ਵੀ ਭਵਿੱਖ ਵਿੱਚ ਸਮੇਂ-ਸਮੇਂ ਸਿਰ ਜਾਰੀ ਰਹਿਣਗੇ ਤਾਂ ਕਿ ਯੋਜਨਾਬੱਧ ਪਰਿਵਾਰ ਦੇ ਸੁਨੇਹੇ ਦਾ ਅਸਰ ਲੋਕ-ਮਨਾਂ ਵਿੱਚ ਬਰਕਰਾਰ ਰੱਖਿਆ ਜਾ ਸਕੇ।
ਗ਼ੌਰਤਲਬ ਹੈ ਕਿ ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਿਕ ਜ਼ਿਲ੍ਹਾ ਸੰਗਰੂਰ ਦੀ ਕੁਲ ਆਬਾਦੀ 16,54,408 ਹੋ ਚੁੱਕੀ ਹੈ, ਜਿਨ੍ਹਾਂ ਵਿੱਚ 8,78,628 ਮਰਦ ਅਤੇ 7,75,780 ਔਰਤਾਂ ਹਨ। ਵੱਧਦੀ ਆਬਾਦੀ ਨੂੰ ਸਥਿਰ ਅਤੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਦੇ ਮੰਤਵ ਵਜੋਂ ਸਿਹਤ ਵਿਭਾਗ ਵੱਲੋਂ ਮੌਜੂਦਾ ਸਮੇਂ ਕਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਬਾਲੜੀ ਰਕਸ਼ਕ ਯੋਜਨਾ ਤਹਿਤ ਦੋ ਬੇਟੀਆਂ ਦੇ ਜਨਮ ਪਿੱਛੋਂ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਅਪਨਾਉਣ ਵਾਲੇ 45 ਸਾਲ ਤੋਂ ਘੱਟ ਪੁਰਸ਼ ਅਤੇ 40 ਸਾਲ ਤੋਂ ਘੱਟ ਔਰਤ ਵਾਲੇ ਯੋਗ ਜੋੜੇ ਦੀਆਂ ਬੱਚੀਆਂ ਨੂੰ 18 ਸਾਲ ਦੀ ਉਮਰ ਤੱਕ ਹਰ ਮਹੀਨੇ 500-500 ਰੁਪਏ ਦਿੱਤੇ ਜਾਂਦੇ ਹਨ।ਇਸ ਯੋਜਨਾ ਤਹਿਤ ਜੇ ਕੋਈ ਆਸ਼ਾ ਵਰਕਰ ਕਿਸੇ ਜੋੜੇ ਨੂੰ ਪੇ੍ਰਰਿਤ ਕਰਵਾ ਕੇ ਰਜਿਸਟਰਡ ਕਰਵਾਉਂਦੀ ਹੈ ਤਾਂ ਉਸ ਨੂੰ ਵੀ ਪ੍ਰਤੀ ਕੇਸ 500 ਰੁਪਏ ਦਿੱਤੇ ਜਾਂਦੇ ਹਨ।ਮੌਜੂਦਾ ਸਮੇਂ ਇਸ ਸਕੀਮ ਦਾ ਲਾਭ ਜ਼ਿਲ੍ਹੇ ਭਰ ਵਿੱਚ ਕਰੀਬ 21 ਪਰਿਵਾਰ ਲੈ ਰਹੇ ਹਨ।ਇਸ ਸਕੀਮ ਤੋਂ ਬਿਨਾਂ ਨਸਬੰਦੀ ਕਰਵਾਉਣ ਵਾਲ਼ੇ ਮਰਦਾਂ ਨੂੰ ਸਿਹਤ ਵਿਭਾਗ ਵੱਲੋਂ ਜਿੱਥੇ 1100/- ਰੁਪਏ ਨਗਦ ਦਿੱਤੇ ਜਾਂਦੇ ਹਨ, ਉੱਥੇ ਗ਼ਰੀਬੀ ਰੇਖਾ ਤੋਂ ਹੇਠਾਂ ਅਤੇ ਐੱਸ.ਸੀ. ਵਰਗ ਨਾਲ ਸਬੰਧਤ ਔਰਤਾਂ ਨੂੰ ਨਲਬੰਦੀ ਕਰਵਾਉਣ ’ਤੇ 600/- ਰੁਪਏ ਅਤੇ ਬਾਕੀਆਂ ਨੂੰ 250/- ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।ਜਾਣਕਾਰੀ ਅਨੁਸਾਰ ਆਬਾਦੀ ਪੰਦਰਵਾੜੇ ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚੋਂ ਨਸਬੰਧੀ ਦੇ ਪੰਜ, ਨਲਬੰਧੀ ਦੇ 130 ਅਤੇ ਕਾਪਟ-ਟੀ ਦੇ 298 ਕੇਸ ਹੋਏ ਹਨ।
ਵੱਧ ਰਹੀ ਆਬਾਦੀ ਨੂੰ ਸਥਿਰ ਤੇ ਸੰਤੁਲਤ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜ਼ਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਵਿਕਰਮ ਸਿੰਘ ਨੇ ਦੱਸਿਆ ਕਿ ਲੋਕਾਂ ਤੱਕ ਪ੍ਰੰਪਰਾਗਤ ਸੰਚਾਰ ਮਾਧਿਅਮਾਂ ਜਿਵੇਂ ਕਿ ਨੁੱਕੜ ਨਾਟਕ, ਮੁਨਾਦੀ ਆਦਿ ਜ਼ਰੀਏ ਪਹੁੰਚਾਇਆ ਯੋਜਨਾਬੱਧ ਪਰਿਵਾਰ ਦਾ ਸੁਨੇਹਾ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ, ਕਿਉਂਕਿ ਪ੍ਰੰਪਰਾਗਤ ਸੰਚਾਰ ਮਾਧਿਅਮ ਜਿੱਥੇ ਕਿਸੇ ਖਿੱਤੇ ਖ਼ਾਸ ਦੇ ਲੋਕਾਂ ਦੀ ਜ਼ੁਬਾਨ ਹੁੰਦੇ ਹਨ, ਉੱਥੇ ਉਨ੍ਹਾਂ ਦੇ ਭਰੋਸੇ ਦੇ ਪਾਤਰ ਵੀ ਹੁੰਦੇ ਹਨ।