ਸਰਬਸੰਮਤੀ ਨਾਲ 40 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗਠਤ
Posted on:- 27-07-2014
ਹਰਿਆਣਾ ਦੀ ਹੁੱਡਾ ਸਰਕਾਰ ਵੱਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਲ ਪਾਸ ਕਰਨ ਅਤੇ ਰਾਜਪਾਲ ਵੱਲੋਂ ਇਸ ਦੀ ਮਨਜ਼ੂਰੀ ਤੋਂ ਬਾਅਦ ਅੱਜ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 40 ਮੈਂਬਰੀ ਹਾਊਸ ਦਾ ਕਾਨੂੰਨੀ ਢੰਗ ਨਾਲ ਗਠਨ ਹੋ ਗਿਆ ਹੈ। ਹਰਿਆਣਾ ਦੀ ਵੱਖਰੀ ਕਮੇਟੀ ਦੇ ਹਾਊਸ ਦੀ ਚੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨਿਖਿਲ ਗਜਰਾਜ, ਸੀਟੀਐਮ ਗਗਨਦੀਪ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਹਾਜ਼ਰੀ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਰਵਸੰਮਤੀ ਨਾਲ ਹਾਊਸ ਦੀ ਚੋਣ ਕੀਤੀ।
ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੀ ਚੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਅਤੇ ਹਾਊਸ ਦੀ ਚੋਣ ਵਾਸਤੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲ ਨੂੰ ਆਰਜ਼ੀ ਤੌਰ ’ਤੇ ਪ੍ਰਧਾਨ ਚੁਣਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਵੱਜੋਂ ਜਗਦੀਸ਼ ਸਿੰਘ ਝੀਂਡਾ ਦਾ ਨਾਮ ਮੈਂਬਰਾਂ ਵੱਲੋਂ ਦਿੱਤਾ ਗਿਆ, ਜਿਸ ਦੀ ਤਾਈਦ ਭੁਪਿੰਦਰ ਸਿੰਘ ਅਸੰਧ ਨੇ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਜੈਕਾਰਿਆਂ ਦੀ ਗੂੰਜ ’ਚ ਜਗਦੀਸ਼ ਸਿੰਘ ਝੀਂਡਾ ਨੂੰ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ।
ਉਪਰੰਤ ਮੰਚ ਦਾ ਸੰਚਾਲਨ ਖੁਦ ਜਗਦੀਸ਼ ਸਿੰਘ ਝੀਂਡਾ ਨੇ ਕਰਦਿਆਂ ਹਾਊਸ ਕੋਲੋਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮ ਮੰਗਿਆਂ ਤਾਂ ਹਾਊਸ ਦੇ ਮੈਂਬਰਾਂ ਨੇ ਇਸ ਲਈ ਦੀਦਾਰ ਸਿੰਘ ਨਲਵੀ ਦਾ ਨਾਮ ਦੱਸਿਆ, ਜਿਸ ਦੀ ਤਾਈਦ ਸੁਰਜੀਤ ਸਿੰਘ ਐਡਵੋਕੇਟ ਨੇ ਕੀਤੀ ਅਤੇ ਨਲਵੀ ਨੂੰ ਸਰਵਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਵਜੋਂ ਚੁਣ ਲਿਆ ਗਿਆ। ਇਸੇ ਤਰ੍ਹਾਂ ਹੀ ਜਨਰਲ ਸਕੱਤਰ ਜੋਗਾ ਸਿੰਘ ਯਮੁਨਾ ਨਗਰ, ਜੁਆਇੰਟ ਸਕੱਤਰ ਭੁਪਿੰਦਰ ਸਿੰਘ ਅਸੰਧ, ਮੀਤ ਪ੍ਰਧਾਨ ਹਰਪਾਲ ਸਿੰਘ ਪਾਲੀ ਮਛੋਂਡਾ ਨੂੰ ਸਰਵਸੰਮਤੀ ਨਾਲ ਨਿਰਵਿਰੋਧ ਚੁਣਿਆ ਗਿਆ। ਅੰਤ੍ਰਮ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਚੱਕੂ, ਜਗਦੇਵ ਸਿੰਘ ਮਟਦਾਦੂ, ਬਲਜੀਤ ਸਿੰਘ ਦਾਦੂਵਾਲ, ਮੋਹਨਜੀਤ ਸਿੰਘ ਪਾਨੀਪਤ, ਸਵਰਨ ਸਿੰਘ ਰਤੀਆ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ।
ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਆਖਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਕੰਮ ਹਰਿਆਣਾ ਵਿਚ ਧਰਮ ਪ੍ਰਚਾਰ ਕਰਨਾ ਹੈ ਜਿਸ ਲਈ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੰਤ ਗੁਰਮੀਤ ਸਿੰਘ ਜੀ ਤਲੋਕੇਵਾਲ ਨੂੰ ਚੁਣਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰਿਆਣਾ ਦੀ ਸਿੱਖ ਸੰਗਤ ਨੇ ਜੋ ਜੁੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸਨੂੰ ਉਹ ਨਿਰਪੱਖ ਹੋ ਕੇ ਈਮਾਨਦਾਰੀ ਨਾਲ ਨਿਭਾਉਣਗੇ ।
ਦੀਦਾਰ ਸਿੰਘ ਨਲਵੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਇਜਲਾਸ ਵਿਚ 5 ਵੱਖ ਵੱਖ ਮਤੇ ਸੰਗਤਾਂ ਸਾਹਮਣੇ ਰਖੇ ਜਿਸ ਵਿਚ ਪਹਿਲਾਂ ਇਹ ਕਿ ਹਰਿਆਣਾ ਦੀ ਹੁੱਡਾ ਸਰਕਾਰ ਦਾ ਧਨਵਾਦ ਜਿਸ ਨੇ ਸਿੱਖਾਂ ਦੀ ਚਿਰੋਕਣੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਚੋਣਾਂ ਮੌਕੇ ਕੀਤੇ ਆਪਣੇ ਵਾਅਦੇ ਨੂੰ ਨਿਭਾਇਆ ਹੈ। ਦੂਜਾ ਸਰਵ ਸੰਮਤੀ ਨਾਲ ਕਾਰਜਕਾਰਨੀ ਦੇ ਗਠਨ ’ਤੇ ਸਮੂਹ ਮੈਂਬਰਾਂ ਦਾ ਧਨਵਾਦ ਕੀਤਾ। ਤੀਜਾ ਇਹ ਸੀ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ਜੋ ਇਹ ਕੰਮ ਕਈ ਵਰ੍ਹੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਸਨੂੰ ਅੱਜ ਸਰਕਾਰ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਸਕਿਆ ਹੈ ਇਸ ਲਈ ਹਰਿਆਣਵੀ ਸਿੱਖਾਂ ਦਾ ਧਨਵਾਦ ਜਿਨ੍ਹਾਂ ਨੇ ਆਪਣੀ ਲੰਮੀ ਜਦੋਜ਼ਹਿਦ ਤੋਂ ਬਾਦ ਇਹ ਮੁਕਾਸ ਹਾਸਲ ਕੀਤਾ ਹੈ। ਚੌਥਾ ਹਰਿਆਣਵੀ ਸਿੱਖ ਹਮੇਸ਼ਾ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ ਇਸ ਲਈ ਕਿਸੇ ਜਥੇਦਾਰ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਬਲਕਿ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਹਰਿਆਣਾ ’ਚ ਸਥਿਤ ਗੁਰਧਾਮਾਂ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਟਾਸਕ ਫੋਰਸ ਵਾਪਸ ਬੁਲਾ ਲੈਣੀ ਚਾਹੀਦੀ ਹੈ ਤਾਕਿ ਹਰਿਆਣਾ ’ਚ ਸਥਿਤ ਗੁਰਧਾਮਾਂ ਦੀ ਪਵਿਤਰਤਾ ਕਾਇਮ ਰਹਿ ਸਕੇ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਚੁਕੀ ਹੈ ਅਤੇ ਹੁਣ ਇਸ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਨਾਲੋਂ ਵਧੀਆ ਕੰਮ ਕਰੇ ਤਾਕਿ ਜਿਸ ਤਰ੍ਹਾਂ ਅੱਜ ਲੋਕ ਦਿੱਲੀ ਕਮੇਟੀ ਕੋਲੋਂ ਮਸ਼ਵਰਾ ਮੰਗਦੇ ਹਨ ਕਿ ਅਸੀਂ ਕੀ ਸੁਧਾਰ ਕਰੀਏ ਇਸ ਤਰ੍ਹਾਂ ਦੀ ਮਿਸਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਹੈ।
ਉਨ੍ਹਾਂ ਕਾਰ ਸੇਵਾ ਵਾਲਿਆਂ ਬਾਬਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਅਜੇ ਨਵੇਂ ਕਮੇਟੀ ਕੋਲ ਆਰਥਿਕ ਪੱਖੋਂ ਕੋਈ ਮਦਦ ਨਹੀਂ ਅਤੇ ਇਸ ਲਹੀ ਕਾਰ ਸੇਵਾ ਵਾਲੇ ਬਾਬੇ ਕਾਫੀ ਸਹਿਯੋਗ ਕਰ ਸਕਦੇ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਸੂਬੇ ਵਿਚ ਮਿਆਰੀ ਸਕੂਲ, ਕਾਲੇਜ ਅਤੇ ਹਸਪਤਾਲ ਬਣਾਏ ਜਾਣ ਤਾਕਿ ਆਉਣ ਵਾਲੀ ਪੀੜ੍ਹੀ ਯਾਦ ਕਰੇ ਕਿ ਹੁਣ ਹਰਿਆਣਾ ਦੀ ਆਪਣੀ ਵੱਖਰੀ ਕਮੇਟੀ ਦੇ ਬਣ ਜਾਣ ਨਾਲ ਇਸ ਤਰ੍ਹਾਂ ਦੀ ਹੋਰ ਵਿਕਾਸਕਾਰੀ ਕੰਮ ਚਲਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਸੁਰਜੀਤ ਸਿੰਘ ਚੀਮਾ, ਬਲਦੇਵ ਸਿੰਘ ਚੁਨਾਲਹੇੜੀ, ਸਵਰਨ ਸਿੰਘ ਵੜੈਚ, ਰਘਬੀਰ ਸਿੰਘ ਚੱਠਾ, ਅਜੈਬ ਸਿੰਘ ਲਾਡਵਾ, ਬਲਵੰਤ ਸਿੰਘ ਫੋਜੀ ਤਲਹੇੜੀ, ਕਸ਼ਮੀਰ ਸਿੰਘ ਲੰਬੜਦਾਰ, ਰਣਧੀਰ ਸਿੰਘ ਕੰਬੋਜ ਆਦਿ ਹਾਜ਼ਰ ਸਨ।