ਸਹਾਰਨਪੁਰ ’ਚ ਫਿਰਕੂ ਟਕਰਾਓ
Posted on:- 27-07-2014
ਇੱਕ ਵਿਵਾਦਤ ਥਾਂ ’ਤੇ ਗੁਰਦੁਆਰੇ ਦਾ ਲੈਂਟਰ ਪਾਉਣ ਨੂੰ ਲੈ ਕੇ ਸ਼ਨੀਵਾਰ ਤੜਕੇ ਸ਼ਹਿਰ ਵਿੱਚ ਦੰਗਾ ਹੋ ਗਿਆ। ਇਸ ਵਿੱਚ ਇੱਕ ਵਪਾਰੀ ਸਮੇਤ 3 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਇਰਿੰਗ ਅਤੇ ਪਥਰਾਅ ਵਿੱਚ 25 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਕਈ ਲੋਕਾਂ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਵਿੱਚ ਪੁਲਿਸ ਦਾ ਇੱਕ ਸਿਪਾਹੀ ਅਤੇ ਹੋਮਗਾਰਡ ਦਾ ਜਵਾਨ ਵੀ ਸ਼ਾਮਲ ਹਨ। ਭੀੜ ਨੇ ਦਰਜਨ ਵਪਾਰਕ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਵਾਹਨ ਵੀ ਫੂਕ ਦਿੱਤੇ। ਅਫ਼ਸਰ ਅਤੇ ਫੋਰਸ ਦਰਸ਼ਕ ਬਣ ਕੇ ਦੇਖਦੇ ਰਹੇ। ਹਿੰਸਾ ਬੇਕਾਬੂ ਹੁੰਦੇ ਦੇਖ ਕੇ ਸਵੇਰੇ 10 ਵਜੇ ਪ੍ਰਸ਼ਾਸਨ ਨੇ ਸ਼ਹਿਰੀ ਖੇਤਰ ਵਿੱਚ ਕਰਫ਼ਿਊ ਲਗਾ ਦਿੱਤਾ, ਪਰ ਸ਼ਾਮ ਚਾਰ ਵਜੇ ਤੱਕ ਸ਼ਹਿਰ ਵਿੱਚ ਵਾਰਦਾਤਾਂ ਹੁੰਦੀਆਂ ਰਹੀਆਂ।
ਦੱਸਣਾ ਬਣਦਾ ਹੈ ਕਿ ਥਾਣਾ ਕੁਤਬਸ਼ੇਰ ਖੇਤਰ ਵਿੱਚ ਗੁਰਦੁਆਰਾ ਰੋਡ ’ਤੇ ਗੁਰਦੁਆਰੇ ਦਾ ਨਿਰਮਾਣ ਚੱਲ ਰਿਹਾ ਸੀ। ਮੁਸਲਮਾਨ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਮਸਜ਼ਿਦ ਹੁੰਦੀ ਸੀ, ਇਸ ਲਈ ਗੁਰਦੁਆਰਾ ਨਹੀਂ ਬਣ ਸਕਦਾ। ਜਦਕਿ ਦੂਜੇ ਪੱਖ਼ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਤੋਂ ਇਸ ਪਲਾਟ ’ਤੇ ਉਨ੍ਹਾਂ ਦਾ ਕਬਜ਼ਾ ਹੈ। ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਰਾਤ ਗੁਰਦੁਆਰੇ ਵਾਲੀ ਥਾਂ ’ਤੇ ਲੈਂਟਰ ਪਾਇਆ ਗਿਆ ਅਤੇ ਸ਼ਨੀਵਾਰ ਸਵੇਰੇ 2.30 ਵਜੇ 6070 ਨੌਜਵਾਨਾਂ ਨੇ ਗੁਰਦੁਆਰਾ ’ਤੇ ਪਥਰਾਅ ਸ਼ੁਰੂ ਕੀਤਾ। ਕੁਝ ਦੇਰ ਬਾਅਦ ਉਥੇ ਸਿੱਖ ਭਾਈਚਾਰਾ ਵੀ ਜਮ੍ਹਾਂ ਹੋ ਗਿਆ ਅਤੇ ਉਨ੍ਹਾਂ ਨੌਜਵਾਨਾਂ ਨੂੰ ਭਜਾ ਦਿੱਤਾ।
ਸਵੇਰੇ 5 ਵਜੇ ਏਡੀਐਮ ਪ੍ਰਸ਼ਾਸਨ ਦਿਨੇਸ਼ ਚੰਦ ਅਤੇ ਐਸਪੀ ਪੁਲਿਸ ਲੈ ਕੇ ਪਹੰੁਚ ਗਏ। ਕੁਝ ਦੇਰ ਬਾਅਦ ਦੂਜੇ ਭਾਈਚਾਰੇ ਦੇ ਇੱਕ ਗੁੱਟ ਨੇ ਗਾਂਧੀ ਪਾਰਕ ਦੇ ਨੇੜੇ ਆ ਕੇ ਗੁਰਦੁਆਰੇ ’ਤੇ ਫ਼ਿਰ ਪਥਰਾਅ ਕੀਤਾ। ਸਿੱਖਾਂ ਨੇ ਵੀ ਇਸ ਦਾ ਜਵਾਬ ਦਿੱਤਾ ਤਾਂ ਮੁਸਲਮਾਨ ਭਾਈਚਾਰੇ ਨੇ ਅੰਬਾਲਾ ਰੋਡ ’ਤੇ ਜਾਮ ਲਗਾ ਦਿੱਤਾ। ਦੋਵੇਂ ਪਾਸਿਆਂ ਤੋਂ ਇੱਟਾਂ ਰੋੜੇ ਚੱਲਦੇ ਰਹੇ। ਕੁਝ ਦੇਰ ਬਾਅਦ ਡੀਐਮ, ਐਸਐਸਪੀ ਫੋਰਸ ਲੈ ਕੇ ਪਹੰੁਚੇ, ਪਰ ਸ਼ਰਾਰਤੀ ਅਨਸਰਾਂ ਨੇ ਟਾਇਰਾਂ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ। 9 ਵਜੇ ਤੱਕ ਸ਼ਰਾਰਤੀ ਅਨਸਰਾਂ ਨੇ ਕਈ ਹੋਰ ਦੁਕਾਨਾਂ ਵੀ ਸਾੜ ਦਿੱਤੀਆਂ। ਅੰਬਾਲਾ ਰੋਡ ’ਤੇ ਫਾਇਰ ਸਟੇਸ਼ਨ ਦੀ ਭੰਨਤੋੜ ਕੀਤੀ ਅਤੇ ਪੁਲਿਸ ਵਿਭਾਗ ਦੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।
10 ਵਜੇ ਤੱਕ ਜਦੋਂ ਸ਼ਹਿਰ ਦੇ ਹਾਲਾਤ ਬੇਕਾਬੂ ਹੋਣ ਲੱਗੇ ਤਾਂ ਜ਼ਿਲ੍ਹਾ ਅਧਿਕਾਰੀਆਂ ਨੇ ਸ਼ਹਿਰੀ ਖੇਤਰ ਵਿੱਚ ਕਰਫ਼ਿਊ ਲਗਾ ਦਿੱਤਾ। ਕਮਿਸ਼ਨਰ ਤਨਵੀਰ ਜਫ਼ਰ ਅਲੀ ਦਾ ਕਹਿਣਾ ਹੈ ਕਿ ਪੂਰੀ ਸਥਿਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਉਨ੍ਹਾਂ ਮੁਸਲਮਾਨ ਭਾਈਚਾਰੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਖ਼ਰ ਅੱਗਾਂ ਲਗਾਉਣ ਦਾ ਕਿਹੜਾ ਤਰੀਕਾ ਹੈ? ਲੈਂਟਰ ਰਾਤੋਂ ਰਾਤ ਨਹੀਂ ਪੈ ਗਿਆ ਸੀ, ਇਸ ਤੋਂ ਕਾਫ਼ੀ ਦਿਨ ਪਹਿਲਾਂ ਤਿਆਰੀ ਵੀ ਕੀਤੀ ਜਾਂਦੀ ਹੋਵੇਗੀ ਤਾਂ ਇਸ ਸਬੰਧੀ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਸੀ, ਜੇਕਰ ਲੈਂਟਰ ਪੈ ਵੀ ਗਿਆ ਸੀ ਤਾਂ ਪ੍ਰਸ਼ਾਸਨ ਉਸ ਨੂੰ ਤੁੜਵਾ ਦਿੰਦਾ, ਪਰ ਅੱਗਾਂ ਲਾਉਣਾ ਕੋਈ ਹੱਲ ਨਹੀਂ ਹੈ, ਇਸ ਲਈ ਦੋਵੇਂ ਪਾਸਿਆਂ ਦੇ ਦੋਸ਼ੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਟੈਲੀਫੋਨ ’ਤੇ ਗੱਲਬਾਤ ਕਰਕੇ ਸਥਿਤੀ ’ਤੇ ਕਾਬੂ ਪਾਉਣ ਲਈ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ।