ਸ਼ਿਵ ਸੈਨਾ ਸਾਂਸਦ ਵੱਲੋਂ ਜਬਰੀ ਰੋਜ਼ਾ ਤੁੜਵਾਉਣ ਦੇ ਮਾਮਲੇ ’ਤੇ ਸੰਸਦ ’ਚ ਹੰਗਾਮਾ
Posted on:- 24-07-2014
ਦਿੱਲੀ ਸਥਿਤ ਮਹਾਰਾਸ਼ਟਰ ਸਦਨ ਵਿੱਚ ਤਾਇਨਾਤ ਇੱਕ ਮੁਸਲਿਮ ਕਰਮਚਾਰੀ ਨੂੰ ਰੋਜ਼ਿਆਂ ਦੌਰਾਨ ਸ਼ਿਵ ਸੈਨਾ ਦੇ ਸਾਂਸਦ ਵੱਲੋਂ ਕਥਿਤ ਤੌਰ ’ਤੇ ਜ਼ਬਰਦਸਤੀ ਮੂੰਹ ਵਿੱਚ ਰੋਟੀ ਠੁੂਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਸੇ ਮਹੀਨੇ ਦੀ 17 ਤਾਰੀਖ਼ ਨੂੰ ਵਾਪਰੀ ਦੱਸੀ ਗਈ ਹੈ, ਪਰ ਇਸ ਸਬੰਧੀ ਤਸਵੀਰਾਂ ਇੱਕ ਨਿੱਜੀ ਚੈਨਲ ਵੱਲੋਂ ਜਾਰੀ ਕੀਤੇ ਜਾਣ ਬਾਅਦ ਇਹ ਮਾਮਲਾ ਗਰਮਾਇਆ। ਦਿਖ਼ਾਈਆਂ ਗਈਆਂ ਤਸਵੀਰਾਂ ਵਿੱਚ ਸ਼ਿਵ ਸੈਨਾ ਦੇ ਸਾਂਸਦ ਰਾਜਨ ਵਿਚਾਰੇ ਦਿੱਲੀ ਸਥਿਤ ਮਹਾਰਾਸ਼ਟਰ ਸਦਨ ਦੇ ਕੰਟੀਨ ਮੈਨੇਜਰ ਅਰਸ਼ਦ ਦੇ ਮੂੰਹ ਵਿੱਚ ਰੋਟੀ ਵਾਰਵਾਰ ਠੂਸਦੇ ਦਿਖਾਇਆ ਗਿਆ ਹੈ। ਰਾਜਨ ਵਿਚਾਰੇ ਦਾ ਕਹਿਣਾ ਹੈ ਕਿ ਉਹ ਤਾਂ ਮੈਨੇਜਰ ਨੂੰ ਇਹ ਦਿਖਾ ਰਹੇ ਸਨ ਕਿ ਉਹ ਸਾਨੂੰ ਕਿਹੋ ਜਿਹੀ ਰੋਟੀ ਪਰੋਸ ਰਿਹਾ ਹੈ। ਮੈਂ ਉਸ ਨੂੰ ਇਹ ਰੋਟੀ ਖਾ ਕੇ ਦੇਖਣ ਦਾ ਜ਼ੋਰ ਪਾ ਰਿਹਾ ਸੀ। ਪਰ ਸਾਹਮਣੇ ਆਇਆ ਹੈ ਕਿ ਸ਼ਿਵ ਸੈਨਾ ਦੇ ਕਰੀਬ 11 ਸਾਂਸਦਾਂ ਨੇ ਉਸ ਦਿਨ ਕਥਿਤ ਤੌਰ ’ਤੇ ਕੰਟੀਨ ’ਚ ਖੂਬ ਹੰਗਾਮਾ ਕਰਦਿਆਂ ਕੰਟੀਨ ਦੀ ਤੋੜਭੰਨ ਵੀ ਕੀਤੀ ਸੀ।
ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੈਟਰਿੰਗ ਸਟਾਫ਼ ਦੇ ਮੈਨੇਜਰ ਮੁਹੰਮਦ ਅਰਸ਼ਦ ਨੂੰ ਜ਼ਬਰਦਸਤੀ ਰੋਟੀ ਖੁਆ ਦਿੱਤੀ, ਜਿਸ ਨਾਲ ਉਨ੍ਹਾਂ ਦਾ ਰੋਜ਼ਾ ਟੁੱਟ ਗਿਆ ਅਤੇ ਧਾਰਮਿਕ ਭਾਵਨਾ ਨੂੰ ਠੇਸ ਪਹੰੁਚੀ। ਹਾਲਾਂਕਿ ਸ਼ਿਵ ਸੈਨਾ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਮੁਸਲਮਾਨ ਕੰਟੀਨ ਸਟਾਫ਼ ਨੂੰ ਜ਼ਬਰਦਸਤੀ ਰੋਟੀ ਖੁਆਏ ਦੇ ਮਾਮਲੇ ਵਿੱਚ ਅਲੋਚਨਾ ਦਾ ਸਾਹਮਣਾ ਕਰ ਰਹੇ ਸ਼ਿਵ ਸੈਨਾ ਸਾਂਸਦ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਇਸ ਕੰਮ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੰੁਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮੈਨੂੰ ਨਹੀਂ ਪਤਾ ਸੀ ਕਿ ਉਹ ਵਿਅਕਤੀ ਮੁਸਲਮਾਨ ਹੈ। ਮੈਂ ਤਾਂ ਸਿਰਫ਼ ਇਸ ਗੱਲ ਨੂੰ ਚੁੱਕਣਾ ਚਾਹ ਰਿਹਾ ਸੀ ਕਿ ਖ਼ਾਣੇ ਦੀ ਕੁਆਲਟੀ ਘਟੀਆ ਹੈ।
ਦੂਜੇ ਪਾਸੇ ਮਹਾਰਾਸ਼ਟਰ ਦੀ ਸਰਕਾਰ ਨੇ ਮਹਾਰਾਸ਼ਟਰ ਸਦਨ ਦੀ ਕੰਟੀਨ ਵਿੱਚ ਹੋਈ ਤੋੜ ਫੋੜ ਦੀ ਘਟਨਾ ਤੋਂ ਬਾਅਦ ਸਦਨ ਦੇ ਪ੍ਰਬੰਧਕ ਨੂੰ ਹਟਾ ਦਿੱਤਾ ਹੈ। ਇਸ ਕੰਟੀਨ ਦਾ ਸੰਚਾਲਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੁਆਰਾ ਕੀਤਾ ਜਾਂਦਾ ਰਿਹਾ ਹੈ, ਜਿਸ ਨੇ ਤੁਰੰਤ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਸਦਨ ਦੇ ਪ੍ਰਬੰਧਕ ਸੁਹਾਸ ਮਾਮਦਪੁਰਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਸਾਂਸਦਾਂ ਨੇ ਜੰਮ ਕੇ ਹੰਗਾਮਾ ਕੀਤਾ, ਜਿਸ ਨੂੰ ਦੇਖਦਿਆਂ ਸਪੀਕਰ ਮੀਰਾ ਕੁਮਾਰ ਨੇ ਸਦਨ ਨੂੰ ਮੁਲਤਵੀ ਕਰ ਦਿੱਤਾ। ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਸਦਨ ਨੂੰ ਪੂਰੀ ਘਟਨਾ ਜਾਨਣ ਦਾ ਅਧਿਕਾਰ ਹੈ। ਜਦਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੂੰ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਇਸ ਮਾਮਲੇ ਨੂੰ ਸਦਨ ਵਿੱਚ ਨਾ ਉਠਾਇਆ ਜਾਵੇ।
ਸੁਮਿੱਤਰਾ ਮਹਾਜਨ ਨੇ ਭਰੋਸਾ ਦਿੱਤਾ ਕਿ ਉਹ ਸਿਫ਼ਰ ਕਾਲ ਵਿੱਚ ਮਾਮਲੇ ’ਤੇ ਚਰਚਾ ਕਰਵਾਉਣਗੇ, ਪਰ ਸਦਨ ਵਿੱਚ ਵਿਰੋਧੀ ਧਿਰ ਦੇ ਸਾਂਸਦ ਹੰਗਾਮਾ ਕਰਦੇ ਰਹੇ। ਇਸ ਮਾਮਲੇ ’ਤੇ ਰਾਜ ਸਭਾ ਵਿੱਚ ਵੀ ਹੰਗਾਮਾ ਹੋਇਆ ਅਤੇ ਇਸ ਨੂੰ ਧਾਰਮਿਕ ਆਸਥਾ ਦਾ ਉਲੰਘਣ ਦੱਸਿਆ ਗਿਆ। ਹਾਲਾਂਕਿ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਸਾਂਸਦਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਫ਼ਰ ਕਾਲ ਵਿੱਚ ਉਠਾਉਣ। ਉਧਰ ਇਸ ਬਾਰੇ ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਊਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਜੋ ਲੋਕ ਧਾਰਮਿਕ ਰੰਗਤ ਦੇ ਰਹੇ ਹਨ, ਉਨ੍ਹਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਸਾਂਸਦ ਅਰਵਿੰਦ ਸਾਂਵਤ ਨੇ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਸਦਨ ਵਿੱਚ ਮਾੜੀ ਵਿਵਸਥਾ ਦੇ ਖਿਲਾਫ਼ ਉਨ੍ਹਾਂ ਨੇ ਜ਼ਰੂਰ ਆਵਾਜ਼ ਉਠਾਈ, ਪਰ ਕਿਸੇ ਦੇ ਮੂੰਹ ਵਿੱਚ ਜ਼ਬਰਦਸਤੀ ਰੋਟੀ ਠੂਸੀ ਨਹੀਂ ਗਈ। ਆਈਆਰਸੀਟੀਸੀ ਦੇ ਉਪ ਜਨਰਲ ਮੈਨੇਜਰ ਸ਼ੰਕਰ ਮਲਹੋਤਰਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਹਾਰਾਸ਼ਟਰ ਸਦਨ ਦੇ ਸਥਾਨਕ ਕਮਿਸ਼ਨਰ ਨੇ ਪੱਤਰ ਲਿਖ਼ ਕੇ ਘਟਨਾ ਸਬੰਧੀ ਮੁਆਫ਼ੀ ਮੰਗੀ ਹੈ।