ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਅਕਾਲੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਅਤੇ ਹਰਿਆਣਾ ਸਰਕਾਰ ’ਤੇ ਡਰ ਬਣਾ ਕੇ ਇਸ ਵਿਚ ਅੜਿੱਕੇ ਪੈਦਾ ਕਰਨ ਲਈ ਪੰਜਾਬ ਦੇ ਅਕਾਲੀਆਂ ਦੀ ਸਿਫਾਰਸ਼ ’ਤੇ ਕੇਂਦਰ ਸਰਕਾਰ ਵੱਲੋਂ ਆਰਟੀਕਲ 355 ਤਹਿਤ ਲਿਖੀ ਚਿੱਠੀ ’ਤੇ ਹਰਿਆਣਵੀ ਸਿੱਖਾਂ ਨੇ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਕੇਂਦਰ ਵਿਚ ਸਥਾਪਤ ਭਾਰਤੀ ਜਨਤਾ ਪਾਰਟੀ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਦਖਲ ਨਹੀਂ ਦੇਣਾ ਚਾਹੀਦਾ। ਦੀਦਾਰ ਸਿੰਘ ਨਲਵੀ ਨੇ ਆਖਿਆ ਕਿ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਆਰਟੀਕਲ 355 ਤਹਿਤ ਗੁਜਰਾਤ ਸਰਕਾਰ ਨੂੰ ਦੰਗਿਆਂ ਵੇਲੇ ਆਖਿਆ ਗਿਆ ਸੀ ਅਤੇ ਗੁਜਰਾਤ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਮਨਮਰਜ਼ੀ ਚਲਾਈ ਸੀ। ਇਹ ਹੀ ਹਾਲਾਤ ਬਿਹਾਰ ਅਤੇ ਹੋਰ ਸੂਬਿਆਂ ਦੇ ਰਹੇ ਹਨ।
ਸ੍ਰ. ਨਲਵੀ ਨੇ ਦੱਸਿਆ ਕਿ ਸਾਨੂੰ ਹਰਿਆਣਾ ਦੀ ਹੁੱਡਾ ਸਰਕਾਰ ਅਤੇ ਉਚੇਚੇ ਤੌਰ ’ਤੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਯਕੀਨ ਦਵਾਇਆ ਹੈ ਕਿ ਸੂਬਾ ਸਰਕਾਰ ਹਰਿਆਣਾ ਵਿਚ ਰਹਿੰਦੇ ਸਿੱਖਾਂ ਦੇ ਹੱਕਾਂ ਲਈ ਹਮੇਸ਼ਾਂ ਸਹਿਯੋਗ ਕਰਦੀ ਰਹੀ ਹੈ ਅਤੇ ਵੱਖਰੀ ਕਮੇਟੀ ਦੇ ਮਾਮਲੇ ਵਿਚ ਵੀ ਹਰਿਆਣਾ ਦੇ ਸਿੱਖਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਉਨ੍ਹਾਂ ਪੰਜਾਬ ਦੇ ਅਕਾਲੀ ਆਗੂਆਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਉਹ ਹਰਿਆਣਾ ਦੇ ਸਿੱਖਾਂ ਨੂੰ ਸ਼ੀਆ ਤੇ ਸੰੁਨੀ ਦੀ ਤਰਜ਼ ’ਤੇ ਨਾ ਵੰਡਣ ਅਤੇ ਭਰਾ ਮਾਰੂ ਨੀਤੀ ਨੂੰ ਤਿਆਗ ਕੇ ਦੋਸਤਾਨਾ ਸਬੰਧ ਬਣਾਉਣ ਜਿਸ ਨਾਲ ਹਰਿਆਣਾ ਵਿਚ ਅਮਨ ਸ਼ਾਂਤੀ ਕਾਇਮ ਰਹੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਅਕਾਲੀਆਂ ਨੂੰ ਹਰਿਆਣਾ ’ਚ ਸਥਿਤ ਗੁਰਧਾਮਾਂ ਵਿਚ ਭੇਜੀ ਗਈ ਟਾਸਕ ਫੋਰਸ ਵਾਪਸ ਮੰਗਵਾ ਲੈਣੀ ਚਾਹੀਦੀ ਹੈ ਅਤੇ ਗਲਬਾਤ ਰਾਹੀਂ ਹਰਿਆਣਾ ’ਚ ਸਥਿਤ ਗੁਰਧਾਮਾਂ ਦੀ ਸੇਵਾ ਤੇ ਸਾਂਭ ਸੰਭਾਲ ਦਾ ਮਾਮਲਾ ਨਿਪਟਾਉਣਾ ਚਾਹੀਦਾ ਹੈ।