ਕਾਮਾਗਾਟਾ ਮਾਰੂ ਦੀ ਘਟਨਾ ਨੂੰ ਸਮਰਪਤ ਰੈਲੀ 27 ਜੁਲਾਈ ਨੂੰ
Posted on:- 23-07-2014
ਭਾਰਤੀ ਭਾਈਚਾਰੇ ਵਿੱਚ 100 ਸਾਲ ਪਹਿਲਾਂ ਕਾਮਾਗਾਟਾ ਮਾਰੂ ਦੀ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸਨੂੰ ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਕਾਮਾਗਾਟਾ ਮਾਰੂ ਦੇ 376 ਮੁਸਾਫਰਾਂ, ਜਿਹਨਾਂ ਨੂੰ ਕਨੇਡੀਅਨ ਸਰਕਾਰ ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ 2 ਮਹੀਨੇ ਵੈਨਕੂਵਰ ਦੇ ਪਾਣੀਆਂ ਵਿੱਚ ਖੜ੍ਹਾ ਕਰਕੇ ਅਣਮਨੁੱਖੀ, ਘਿਨਾਉਣੇ, ਨਸਲੀ ਤੇ ਪੱਖਪਾਤੀ ਕਾਨੂੰਨਾਂ ਦੇ ਤਹਿਤ, ਭੁੱਖਣ ਭਾਣੇ ਵਾਪਸ ਭੇਜਿਆ ਅਤੇ ਲੱਗਭੱਗ 20 ਦੇ ਕਰੀਬ ਯਾਤਰੀ ਬਜਬਜ ਘਾਟ ਦੀ ਬੰਦਰਗਾਹ ਤੇ ਉਤਰਨ ਸਮੇਂ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ ਅਤੇ ਬਾਕੀਆਂ ਤੇ ਵੀ ਬੇਅੰਤ ਤਸ਼ੱਦਦ ਕੀਤਾ ਗਿਆ ਸੀ।
ਇਸ ਸਾਰੇ ਘਟਨਾ ਕ੍ਰਮ ਨੂੰ 100 ਸਾਲ ਬੀਤ ਚੁੱਕਿਆ ਹੈ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਇਸ ਸਾਕੇ ਦੇ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਉਹਨਾਂ ਯਾਤਰੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅਮੀਰ ਇਤਿਹਾਸਕ ਵਿਰਸੇ ਜਿਸਨੇ ਇਸ ਧਰਤੀ ਵਿੱਚ ਸਾਡੀਆਂ ਜੜ੍ਹਾਂ ਲਾਈਆਂ ਹਨ, ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ ਅਤੇ ਅੱਜ ਉਸ ਸਮੇਂ ਦੇ ਕਾਲੇ ਕਾਨੂੰਨ ਜਿਹਨਾਂ ਸਦਕਾ ਮੁਸਾਫਰਾਂ ਨੂੰ ਪਾਣੀ ਦੀ ਘੁੱਟ ਵੀ ਨਸੀਬ ਨਹੀਂ ਸੀ ਹੋਈ ਨੂੰ ਦੇਖਣਾ ਬਣਦਾ ਹੈ ਕਿ ਕੀ ਅਸੀਂ ਅੱਜ ਉਹਨਾਂ ਕਾਲੇ ਕਾਨੂੰਨਾਂ ਤੋਂ ਬਚੇ ਹੋਏ ਹਾਂ ? ਕੀ ਨਸਲਵਾਦ ਦਾ ਮਲੀਆਮੇਟ ਹੋ ਚੁੱਕਿਆ ਹੈ ? ਕੀ ਗੋਰੇ ਕਾਲੇ ਦਾ ਸਵਾਲ ਖ਼ਤਮ ਹੋ ਚੁੱਕਿਆ ਹੈ ? ਕੀ ਸਾਨੂੰ ਬਰਾਬਰ ਦੇ ਹੱਕ ਮਿਲਦੇ ਹਨ ? ਕੀ ਮਾਫੀ ਮੰਗਣ ਜਾਂ ਨਾ ਮੰਗਣ ਦੇ ਸਵਾਲ ਤੇ ਅਸੀਂ ਵੰਡੇ ਤਾਂ ਨਹੀਂ ਗਏ ? ਕੀ ਅੱਜ ਨਵੇਂ ਨਾਵਾਂ ਹੇਠ ਬਣ ਰਹੇ ਸੁਪਰ ਵੀਜ਼ਾ ਜਾਂ ਬਿੱਲ ਸੀ-24 ਵਰਗੇ ਕਾਨੂੰਨ ਘੱਟ ਗਿਣਤੀਆਂ ਨੂੰ ਖਤਰੇ ਤਾਂ ਨਹੀਂ ਖੜ੍ਹੇ ਕਰ ਰਹੇ ? ਅੱਜ ਸੌ ਸਾਲਾਂ ਬਾਅਦ ਵੀ ਇਸ ਕਿਸਮ ਦੇ ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਸੰਗੀਨਾਂ ਤਾਣੀ ਖੜ੍ਹੇ ਹਨ। ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇੱਕਠੇ ਹੋ ਕੇ ਇਹਨਾਂ ਸਵਾਲਾਂ ਤੇ ਵਿਚਾਰ ਵਟਾਦਰਾਂ ਕਰੀਏ।
ਇਸਦੇ ਮੱਦੇ ਨਜ਼ਰ ਹੀ ਪਿਛਲੇ ਸਾਲ 16 ਜਥੇਬੰਦੀਆਂ ਨੇ ਇੱਕਠੇ ਹੋ ਕੇ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਕਾਇਮ ਕੀਤੀ ਸੀ ਜਿਸਨੇ ਪ੍ਰਣ ਕੀਤਾ ਸੀ ਕਿ 2013 ਦਾ ਵਰ੍ਹਾ ਗ਼ਦਰ ਸ਼ਤਾਬਦੀ ਵਰ੍ਹਾ, 2014 ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਤੇ 2015 ਦਾ ਵਰ੍ਹਾ ਸ਼ਹੀਦ ਮੇਵਾ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਸਮਰਪਤ ਵਰ੍ਹੇ ਦੇ ਤੌਰ ਤੇ ਮਨਾਇਆ ਜਾਵੇਗਾ। ਪਿਛਲੇ ਸਾਲ ਫੰਡਰੇਜ਼ ਡਿਨਰ, ਪਬਲਿਕ ਰੈਲੀ, ਸੈਮੀਨਾਰ, ਗ਼ਦਰ ਸਬੰਧੀ ਨਾਟਕਾਂ ਦਾ ਪ੍ਰੋਗਰਾਮ, ਕਵੀ ਦਰਬਾਰ, ਪ੍ਰਦਰਸ਼ਨੀਆਂ ਤੇ ਗ਼ਦਰ ਸਾਹਿਤ ਵੰਡਣ ਦੇ ਰੂਪ ਵਿੱਚ ਗ਼ਦਰੀਆਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਸੀ।
ਇਸ ਸਾਲ ਵੀ ਉਸੇ ਲੜੀ ਨੂੰ ਕਾਇਮ ਰੱਖਦੇ ਹੋਏ ਪ੍ਰਦਰਸ਼ਨੀਆਂ ਤੇ 24 ਮਈ ਨੂੰ ਸੈਮੀਨਾਰ ਕਰ ਚੁੱਕੇ ਹਾਂ ਅਤੇ ਹੁਣ 27 ਜੁਲਾਈ ਨੂੰ ਕੈਨੇਡਾ ਪਲੇਸ ਤੇ ਰੈਲੀ ਕੀਤੀ ਜਾ ਰਹੀ ਹੈ। ਆਓ ਸਾਰੇ ਭੈਣ ਭਾਈ ਇਕੱਠੇ ਹੋ ਕੇ ਗ਼ਦਰੀਆਂ ਦੇ ਰਾਹਾਂ ਤੇ ਚੱਲ ਕੇ, ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਅੱਜ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਦੇ ਕੇ ਸੱਚੀ ਸ਼ਰਧਾਂਜ਼ਲੀ ਦੇਈਏ ਅਤੇ ਆਪਣੇ ਮਨਾਂ ਵਿੱਚ ਉੱਠਦੇ ਸੁਆਲਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰੀਏ ਤਾਂ ਕਿ ਫਿਰ ਕਦੇ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਇਹੋ ਜਿਹੇ ਦੁਖਾਂਤ ਦਾ ਸਾਹਮਣਾ ਕਦੇ ਨਾ ਕਰਨਾ ਪਵੇ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਪਰਮਿੰਦਰ ਸਵੈਚ-604 760 4794 ਹਰਭਜਨ ਚੀਮਾ 604 377 2415
ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ
ਤਰੀਕ - ਐਤਵਾਰ 27 ਜੁਲਾਈ, 2014
ਥਾਂ – 999 ਕੈਨੇਡਾ ਪਲੇਸ ਵੈਨਕੁਵਰ ਬੀ ਸੀ V6C 3T4
ਸਮਾਂ - ਦੁਪਹਿਰ ਤੋਂ ਬਾਅਦ 1:00 ਤੋਂ 3:00