ਪੰਜਾਬ ਬਜਟ ’ਤੇ ਹੋਈ ਭਖਵੀਂ ਬਹਿਸ
Posted on:- 22-07-2014
ਇੱਥੇ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਪੰਜਵਾਂ ਦਿਨ
ਸੀ । ਅੱਜ ਸਭ ਤੋਂ ਪਹਿਲਾਂ ਪ੍ਸ਼ਨ ਕਾਲ ਚਲਿਆ ਜਿਸ ’ਚ ਹਾਕਮ ਧਿਰ ਤੇ ਵਿਰੋਧੀ ਧਿਰ ਨੇ
ਲੋਕਾਂ ਨਾਲ ਸਰੋਕਾਰ ਰੱਖਦੇ ਸਵਾਲ ਕੀਤੇ, ਜਿਨਾਂ ਦੇ ਸਬੰਧਤ ਮੰਤਰੀਆਂ ਵੱਲੋਂ ਜਵਾਬ ਦਿੱਤੇ
ਗਏ।
ਇਸ ਤੋਂ ਬਾਅਦ ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ
ਉਨ੍ਹਾਂ ਦੀ ਪਾਰਟੀ ਦੇ ਗਿਦੜਵਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਾਰੇ ’ਚ ਮਾਨਸਾ ਦੇ ਐਸਐਸਪੀ ਵੱਲੋਂ
ਇਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿਣ ’ਤੇ ਕਿ ਉਸ ਦਾ ਨਾਂ ਪੁਲਿਸ ਵੱਲੋਂ ਫੜੇ
ਗਏ ਇਕ ਦੋਸ਼ੀ ਦੇ ਮੋਬਾਇਲ ਫੋਨ ਦੀ ਫੋਨ ਬੁੱਕ ’ਚੋਂ ਮਿਲਿਆ ਹੈ ’ਤੇ ਤਿੱਖਾ ਇਤਰਾਜ ਕਰਦੇ ਹੋਏ ਇਸ ਦਾ
ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਕ ਵਿਧਾਇਕ ਦੇ ਬਾਰੇ ’ਚ ਐਸਐਸਪੀ ਵੱਲੋਂ ਪ੍ਰੈਸ
ਕਾਨਫਰੰਸ ਕਰਕੇ ਉਸ ਵਿਰੁਧ ਇਹ ਕਹਿਣਾ ਕਿ ਉਸ ਨੂੰ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ ਬਹੁਤ
ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਭੋਲੇ ਨੂੰ ਫੜਿਆ ਗਿਆ ਸੀ ਤਾਂ ਉਸ ਮੌਕੇ ਉਸ ਨੇ ਬਿਕਰਮ
ਸਿੰਘ ਮਜੀਠੀਆ ਦਾ ਨਾਂ ਲਿਆ ਸੀ ਤੇ ਕੀ ਉਦੋਂ ਵੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ
ਮਜੀਠੀਆ ਨੂੰ ਜਾਂਚ ’ਚ ਸ਼ਾਮਲ ਕਰਨ ਤੇ ਪੁੱਛਗਿੱਛ ਕਰਨ ਦੀ ਗੱਲ ਕਹੀ ਸੀ।
ਇਸ ਦੇ ਜਵਾਬ ’ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸਿਆਸੀ ਬਦਲਾਖੋਰੀ ’ਚ ਯਕੀਨ ਨਹੀਂ ਰੱਖਦੀ ਤੇ ਇਹ ਕਦੇ ਵੀ ਸਾਡੇ ਏਜੰਡੇ ’ਤੇ ਨਹੀਂ ਸੀ। ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਸ਼ਿਆਂ ’ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਡੀ.ਜੀ.ਪੀ. ਨੂੰ ਪਹਿਲਾਂ ਹੀ ਕਿਹਾ ਹੈ ਕਿ ਉਹ ਮਾਮਲੇ ਦੇ ਸਾਰੇ ਤੱਥ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਕਿਸੇ ਵੀ ਨਿਰਦੋਸ਼ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਉਹ ਬਾਹਰ ਗਏ ਸਨ ਤੇ ਉਨ੍ਹਾਂ ਨੇ ਅੱਜ ਆ ਕਿ ਹੀ ਆਪਣੇ ਫੋਨ ’ਤੇ ਵੇਖਿਆ ਕਿ ਰਾਜਾ ਵੜਿੰਗ ਦੀਆਂ ਕਾਲਾਂ ਆਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਜਦੋਂ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਦੱਸੀ ਹੈ ਤਾਂ ਉਸ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਜਿਹੇ ਸੰਜੀਦਾ ਮਾਮਲੇ ’ਤੇ ਕੋਈ ਰਾਜਨੀਤੀ ਨਾ ਕਰਨ ਕਿਉਂ ਜੋ ਇਸ ਨਾਲ ਨਾ ਸਿਰਫ ਸਬੰਧਤ ਵਿਅਕਤੀ ਸਗੋਂ ਪੂਰੇ ਸੂਬੇ ਦੀ ਬਦਨਾਮੀ ਹੁੰਦੀ ਹੈ।
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਯੋਜਨਾ ਸਫਲਤਾ ਪੂਰਵਕ ਲਾਗੂ ਕੀਤੀ ਗਈ ਹੈ ਕਿਉਂ ਜੋ ਪੰਜਾਬ ’ਚ ਨਸ਼ਾ ਉਤਪਾਦਨ ਨਹੀਂ ਹੁੰਦਾ ਸਗੋਂ ਸੂਬਾ ਤਸਕਰੀ ਲਈ ਰੂਟ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਕੇਂਦਰੀ ਏਜੰਸੀਆਂ ਤੇ ਬੀ.ਐਸ.ਐਫ. ਨੇ ਕਰਨਾ ਸੀ ਉਹ ਵੀ ਪੰਜਾਬ ਪੁਲਿਸ ਨੇ ਕੀਤਾ ਹੈ ਤੇ ਸਰਹੱਦ ਰਾਹੀਂ ਨਸ਼ਿਆਂ ਦੀ ਹੰਦੀ ਤਸਕਰੀ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ 90 ਫੀਸਦੀ ਕੰਮ ਪੰਜਾਬ ਪੁਲਿਸ ਨੇ ਕੀਤਾ ਹੈ। ਸ. ਬਾਦਲ ਨੇ ਦੱਸਿਆ ਕਿ 2002 ’ਚ ਜਿੱਥੇ ਨਸ਼ਾ ਤਸਕਰਾਂ ਨੂੰ ਸਜ਼ਾ ਮਿਲਣ ਦੀ ਦਰ 47 ਫੀਸਦੀ ਸੀ, ਉਥੇ ਉਹ 2012 ’ਚ ਵਧਕੇ 73 ਫੀਸਦੀ, 2013 ’ਚ 80.5 ਫੀਸਦੀ ਤੇ 2014 ’ਚ 81.2 ਫੀਸਦੀ ਹੋ ਗਈ ਹੈ।
ਬਹਿਸ ’ਚ ਲੈਂਦਿਆਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਸ਼ੇ ਜਿਹਾ ਗੰਭੀਰ ਮੁੱਦਾ ਸੂਬੇ ’ਚ ਸਿਆਸੀ ਮੁਫਾਦਾਂ ਲਈ ਮਜਾਕ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਂ ਬੇਵਜਾ ਨਸ਼ਾ ਤਸਕਰੀ ’ਚ ਘਸੀਟਿਆ ਗਿਆ ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮਾਨਸਿਕ, ਸਮਾਜਿਕ ਪੀੜਾ ਉਠਾਉਣੀ ਪਈ ਹੈ। ਉਨ੍ਹਾਂ ਕਿਹਾ ਕਿ 5 ਕੇਂਦਰੀ ਏਜੰਸੀਆਂ ਵੱਲੋਂ ਜਾਂਚ ਦੌਰਾਨ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਪਾਇਆ ਗਿਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਨ੍ਹਾਂ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਕੇਸ ਦਾਇਰ ਕਰਨ ਮਗਰੋਂ ਅਦਾਲਤ ਵੱਲੋਂ ਵੀ ਉਨ੍ਹਾਂ ਨੂੰ ਬੇਕਸੂਰ ਐਲਾਨਿਆ ਗਿਆ, ਪਰ ਫਿਰ ਵੀ ਉਨ੍ਹਾਂ ਦੇ ਨਾਂ ਨੂੰ ਨਸ਼ਾ ਤਸਕਰੀ ’ਚ ਘੜੀਸਿਆ ਜਾ ਰਿਹਾ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਅਜਿਹੇ ਮੁੱਦੇ ’ਤੇ ਦੋਹਰੇ ਮਾਪਦੰਡ ਨਾ ਅਪਣਾਏ ਜਾਣ ਤੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਰਬਸੰਮਤੀ ਬਣਾਈ ਜਾਵੇ।ਦੂਜੇ ਪਾਸੇ ਰਾਜਾ ਵੜਿੰਗ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਸਮੇਤ ਜਿਨ੍ਹੇ ਵੀ ਸਿਆਸੀ ਆਗੂਆਂ ਦਾ ਨਾਂ ਨਸ਼ਾ ਤਸਕਰੀ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ’ਤੇ ਕੋਈ ਅਜਿਹਾ ਦੋਸ਼ ਸਿੱਧ ਹੋ ਜਾਂਦਾ ਹੈ ਤਾਂ ਉਹ ਸਿਆਸਤ ਤਾਂ ਕਿ ਇਸ ਜਾਵਨ ਤੋਂ ਮੁਕਤੀ ਲੈ ਲੈਣਗੇ। ਹਾਲਾ ਕਿ ਬਾਅਦ ’ਚ ਇਸ ਸ਼ਬਦ ’ਤੇ ਸੰਸਦੀ ਕੰਮਾਂ ਦੇ ਮੰਤਰੀ ਮਦਨ ਮੋਹਨ ਮਿਤਲ ਨੇ ਸਪੀਕਰ ਕੋਲ ਇਤਰਾਜ ਜਤਾਉਂਦੇ ਹੋਏ ਇਸ ਨੂੰ ਸਦਨ ਦੀ ਕਾਰਵਾਈ ’ਚ ਸ਼ਾਮਲ ਨਾ ਕਰਨ ਲਈ ਕਿਹਾ।
ਇਸ ਤੋਂ ਬਾਅਦ ਸਾਲ 2014-15 ਦੇ ਬਜਟ ’ਤੇ ਬਹਿਸ ਹੋਈ ਜੋ ਕਿ ਕਾਫੀ ਲੰਮੀ ਚਲੀ। ਅੱਜ ਸਦਨ ਦੀ ਕਾਰਵਾਈ ਸਾਢੇ ਛੇ ਘੰਟੇ ਦੇ ਕਰੀਬ ਚਲੀ। ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਇਸ ਬਜਟ ਦੀ ਵਿਰੋਧਤਾ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਇਸ ਗੱਲ ’ਤੇ ਸਪੀਕਰ ਕੋਲ ਇਤਰਾਜ ਕੀਤਾ ਕਿ ਇਕ ਟੀਵੀ ਚੈਨਲ ਵੱਲੋਂ ਸਦਨ ਦੀ ਕਾਰਵਾਈ ’ਚ ਉਨ੍ਹਾਂ ਦਾ ਪੱਖ ਨਹੀਂ ਦਿਖਾਇਆ ਜਾ ਰਿਹਾ ਜਿਸ ਤੋਂ ਬਾਅਦ ਇਹ ਮੈਂਬਰ ਜਿਨਾਂ ਚਰਨਜੀਤ ਸਿੰਘ ਚੰਨੀ, ਕੁਲਜੀਤ ਸਿੰਘ ਨਾਗਰਾ ਆਦਿ ਸ਼ਾਮਲ ਸਨ ਸਰਕਾਰ ਵਿਰੋਧੀ ਨਾਰੇ ਲਾਉਂਦੇ ਹੋਏ ਸਦਨ ’ਚੋਂ ਵਾਕਆੳੂਟ ਕਰ ਗਏ।
ਇਸ ਤੋਂ ਬਾਅਦ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਜਟ ਨਾਲ ਸਬੰਧਤ ਸਵਾਲਾ ਦੇ ਜਵਾਬ ਦਿੱਤੇ ਤੇ ਇਹ ਬਜਟ ਪਾਸ ਕਰਨ ਲਈ ਕਿਹਾ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ 22ਜੁਲਾਈ 10ਵਜੇ ਤੱਕ ਮੁਲਤਵੀ ਕਰ ਦਿੱਤੀ। ਹੁਣ ਸਦਨ 22ਜੁਲਾਈ ਸਵੇਰੇ 10 ਵਜੇ ਜੁੜੇਗਾ ਤੇ ਇਸ ਦੌਰਾਨ ਬਜਟ ਪਾਸ ਕੀਤਾ ਜਾਵੇਗਾ।
ਇਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਸੂਬੇ ਦੀ ਵਿੱਤੀ ਹਾਲਤ ਦੀ ਗਲਤ ਤਸਵੀਰ ਨਾ ਪੇਸ਼ ਕਰਨ। ਸ੍ਰ. ਬਾਦਲ ਕਿਹਾ ਹੈ ਕਿ ਕਾਂਗਰਸ ਵਲੋਂ ਸੂਬੇ ਦੀ ਵਿੱਤੀ ਸਿਹਤ ਬਾਰੇ ਗਲਤ ਪੇਸ਼ਕਾਰੀ ਕੀਤੀ ਜਾ ਰਹੀ ਹੈ ਜਦਕਿ ਅਸਲ ਵਿਚ ਸੂਬੇ ਸਿਰ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਘੱਟ ਕਰਜ਼ ਹੈ ਅਤੇ ਜੋ ਕਰਜ਼ ਹੈ ਵੀ ਉਹ ਵੀ ਵਿਕਾਸਮੁਖੀ ਹੀ ਹੈ।
ਪੰਜਾਬ ਵਿਧਾਨ ਸਭਾ ਵਿਚ ਬਜਟ ਬਾਰੇ ਬਹਿਸ ਦੌਰਾਨ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੌੜੇ ਹਿੱਤਾਂ ਦੀ ਖਾਤਰ ਸੂਬੇ ਦੀ ਵਿੱਤੀ ਹਾਲਤ ਬਾਰੇ ਗੁੰਮਰਾਹਕੁੰਨ ਪ੍ਰਚਾਰ ਨਾ ਕਰਨ ਬਲਕਿ ਸਾਰੇ ਹਾਲਤਾਂ ਨੂੰ ਸਾਹਮਣੇ ਰੱਖਦੇ ਹੋਏ ਬਜਟ ਦਾ ਵਿਸਲੇਸ਼ਣ ਕਰਨ। ਵਿਰੋਧੀ ਧਿਰ ਨੂੰ ਸੰਬੋਧਨ ਹੁੰਦਿਆਂ ਸ. ਬਾਦਲ ਨੇ ਕਿਹਾ ਕਿ ‘ਮੈਂ ਹਰ ਕਿਸੇ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਹਾਂ ਪੱਖੀ ਕਦਮਾਂ ਨੂੰ ਸਮਰਥਨ ਦੇਣ ਤੇ ਸਿਰਫ ਆਲੋਚਨਾ ਕਰਨ ਦੀ ਖਾਤਰ ਆਲੋਚਨਾ ਨਾ ਕਰਨ’।
ਸ. ਬਾਦਲ ਨੇ ਅੰਕੜਿਆਂ ਦੇ ਹਵਾਲੇ ਨਾਲ ਵਿਰੋਧੀ ਧਿਰ ਦੇ ਵਿਧਾਇਕ ਸ. ਲਾਲ ਸਿੰਘ ਵਲੋਂ ਪੇਸ਼ ਤੱਥਾਂ ਨੂੰ ਸੱਚਾਈ ਤੋਂ ਦੂਰ ਦੱਸਦਿਆਂ ਕਿਹਾ ਕਿ ਸਰਕਾਰੀ ਖੇਤਰ ਦੇ 67000 ਕਰੋੜ ਦੇ ਕਰਜ਼ ਵਿਚੋਂ 48000 ਕਰੋੜ ਰੁਪੈ ਦਾ ਕਰਜ਼ ਫੂਡ ਕਰੈਡਿਟ ਲਿਮਟ ਹੈ। ਉਨ੍ਹਾਂ ਕਿਹਾ ਕਿ ਬਾਕੀ 19,700 ਕਰੋੜ ਦੇ ਕਰਜ਼ ਵਿਚੋਂ ਵੀ 11,000 ਕਰੋੜ ਰੁਪੈ ਦਾ ਕਰਜ਼ ਵਿਕਾਸਮੁਖੀ ਤੇ ਉਤਪਾਦਨ ਕਰਨ ਵਾਲਾ ਕਰਜ਼ ਹੈ,ਜੋ ਕਿ ਪਾਵਰਕਾਮ ਵਲੋਂ ਸੂਬੇ ਵਿਚ ਬਿਜਲੀ ਵੰਡ ਵਿਚ ਸੁਧਾਰ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ੁੱਧ ਕਰਜ਼ ਕੇਵਲ 6,000 ਕਰੋੜ ਰੁਪੈ ਹੀ ਹੈ।
ਉਨ੍ਹਾਂ ਕਿਹਾ ਕਿ ਜੋ ਸੂਬੇ ਸਿਰ ਇਕ ਲੱਖ ਕਰੋੜ ਰੁਪੈ ਦਾ ਕਰਜ਼ ਹੈ ਉਹ ਵੀ ਦੇਸ਼ ਭਰ ਦੇ ਸੂਬਿਆਂ ਦੇ ਮੁਕਾਬਲੇ ਘੱਟ ਹੈ ਅਤੇ 2002 ਤੋਂ ਬਾਅਦ ਦੂਜੇ ਰਾਜਾਂ ਸਿਰ ਕਰਜ਼ ਪੰਜਾਬ ਦੇ ਮੁਕਾਬਲੇ ਕਿਤੇ ਤੇਜੀ ਨਾਲ ਵਧਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਿਰ 2002 ਦੌਰਾਨ ਕਰਜ਼ 17,730 ਕਰੋੜ ਰੁਪੈ ਸੀ , ਜੋ ਕਿ 325 ਫੀਸਦੀ ਵਧਕੇ ਹੁਣ 75,310 ਕਰੋੜ ਰੁਪੈ ਹੈ ਜਦਕਿ ਆਂਧਰ ਪ੍ਰਦੇਸ਼ ਸਿਰ ਕਰਜ਼ 2002 ਵਿਚ 48,000 ਕਰੋੜ ਸੀ , ਜੋ ਕਿ ਹੁਣ 1 ਲੱਖ 94 ਹਜ਼ਾਰ ਕਰੋੜ ਹੈ , ਜਿਸਦਾ ਵਾਧਾ 294 ਫੀਸਦੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਸਿਰ ਕੁੱਲ ਸਕਲ ਘਰੇਲੂ ਉਤਪਾਦ ਦਾ ਕਰਜ਼ ਫੀਸਦੀ ਹੁਣ 31 ਫੀਸਦੀ ਹੈ ਜੋ ਕਿ 2007 ਵਿਚ 46 ਫੀਸਦੀ ਸੀ ਜਦਕਿ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਸਿਰ ਇਹ ਹਿੱਸਾ 50 ਫੀਸਦੀ ਤੋਂ ਵੀ ਵੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨਵੈਸਟ ਪੰਜਾਬ ਵਿਭਾਗ ਸਾਰੇ ਦੇਸ਼ ਲਈ ਰਾਹ ਦਸੇਰਾ ਬਣ ਗਿਆ ਹੈ ਤੇ ਪਿਛਲੇ ਦੋ ਮਹੀਨਿਆਂ ਦੌਰਾਨ ਹੀ 16 ਪ੍ਰਾਜੈਕਟ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ,ਜਿਨ੍ਹਾਂ ਵਿਚੋਂ 50 ਫੀਸਦੀ ਫੂਡ ਪ੍ਰੋਸੈਸਿੰਗ ਦੇ ਹਨ।