ਹੈਪੀ ਮਾਨ ਹੋਣਗੇ ਕੈਲਗਰੀ ਮੈਕਾਲ ਤੋਂ ਵਾਈਲਡਰੋਜ਼ ਪਾਰਟੀ ਦੇ ਉਮੀਦਵਾਰ
Posted on:- 21-07-2014
- ਹਰਬੰਸ ਬੁੱਟਰ
ਅਲਬਰਟਾ ਅਸੰਬਲੀ ਦੀਆਂ ਚੋਣਾਂ ਭਾਵੇਂ ਸਾਲ 2016 ਵਿੱਚ ਹੋਣੀਆਂ ਹਨ ਪਰ ਪੰਜਾਬੀ ਭਾਈਚਾਰੇ ਅੰਦਰ ਚੋਣਾਂ ਦਾ ਮੈਦਾਨ ਪਹਿਲਾਂ ਹੀ ਭਖ ਪਿਆ ਹੈ । ਅੰਦਰੋਂ ਅੰਦਰੀ ਕਾਫੀ ਸਾਰੇ ਸੰਭਾਵੀ ਉਮੀਦਵਾਰ ਭਾਵੇਂ ਤਿਆਰੀਆਂ ਖਿੱਚੀ ਬੈਠੇ ਹੋਣ ਦੀਆਂ ਕਨਸੋਆਂ ਹਨ ਪਰ ਵਾਈਲਡ ਰੋਜ਼ ਪਾਰਟੀ ਨੇ ਆਪਣੇ ਚਾਰ ਉਮੀਂਦਵਾਰਾਂ ਦੇ ਐਲਾਨ ਕਰਕੇ ਅੱਜ ਪਹਿਲ ਕਰ ਦਿਖਾਈ। ਕੈਲਗਰੀ ਵਿੱਚ ਪੰਜਾਬੀਆਂ ਦੇ ਗੜ੍ਹ ਹਲਕਾ ਕੈਲਗਰੀ ਮੈਕਾਲ ਤੋਂ ਹਰਦਿਆਲ ਸਿੰਘ ਹੈਪੀ ਮਾਨ ਨੂੰ ਆਪਣਾ ਉੁਮੀਦਵਾਰ ਐਲਾਨ ਦਿੱਤਾ ਹੈ ।
ਹੈਪੀ ਮਾਨ ਕੈਲਗਰੀ ਦੀ ਜਾਣੀ ਪਛਾਣੀ ਸ਼ਖਸੀਅਤ ਹਨ ਜੋ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਹਲਕਾ ਵਾਈਟ ਹਾਰਨ ਤੋਂ ਚੋਣ ਲੜ ਚੁੱਕੇ ਹਨ ਅਤੇ ਸਿਰਫ ਥੋੜੀਆਂ ਵੋਟਾਂ ਦੇ ਫਰਕ ਨਾਲ ਹੀ ਚੋਣ ਹਾਰ ਗਏ ਸਨ । ਮਾਨ ਸਾਹਿਬ ਪਿਛਲੇ ਅਰਸੇ ਦੌਰਾਨ ਕੌਂਸਿਲ ਆਫ ਸਿੱਖ ਆਰਗੇਨਾਈਜੇਸ਼ਨ ,ਖਾਲਸਾ ਸਕੂਲ ਨਾਲ ਜੁੜਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਕਾਫੀ ਯੋਗਦਾਨ ਪਾ ਚੁੱਕੇ ਹਨ।ਅਲਬਰਟਾ ਦੀਆਂ ਤਿੰਨ ਹੋਰ ਸੀਟਾਂ ਉੱਪਰ ਜਿਹਨਾਂ ਵਿੱਚ ਕੈਲਗਰੀ ਫੋਰਟ ਤੋਂ ਜੀਵਨ ਮਾਂਗਟ ਉਮੀਂਦਵਾਰ ਹੋਣਗੇ ਜਦੋਂ ਕਿ ਐਡਮਿੰਟਨ ਐਲਰਸੈਲੀ ਤੋਂ ਸੁੱਖ ਬੱਲ ਅਤੇ ਐਡਮਿੰਟਨ ਸਾਊਥ ਵੈਸਟ ਤੋਂ ਟਿਮ ਗਰੋਵਰ ਐਲਾਨੇ ਗਏ ਹਨ।
ਕੈਲਗਰੀ ਮੈਕਾਲ ਵਾਲੀ ਸੀਟ ਉੁੱਪਰ ਇਸ ਵੇਲੇ ਲਿਬਰਲ ਦੇ ਐਮ ਐਲ ਏ ਸ: ਦਰਸਨ ਸਿੰਘ ਕੰਗ ਪਿਛਲੀਆਂ ਦੋ ਬਾਰੀਆਂ ਤੋਂ ਕਾਬਜ ਹਨ ਪਰ ਉਹਨਾਂ ਨੇ ਹੁਣ ਐਮ ਪੀ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਸੋ ਇਹ ਮੈਦਾਨ ਹਾਲੇ ਤੱਕ ਖਾਲੀ ਜਾਪਦਾ ਹੈ ਪਰ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਦੁਸਰੀਆਂ ਪਾਰਟੀਆਂ ਦੇ ਕਿਹੜੇ ਉਮੀਂਦਵਾਰ ਮੈਦਾਨ ਵਿੱਚ ਆਉਂਦੇ ਹਨ ਸੰਭਾਵਨਾ ਪੰਜਾਬੀ ਉਮੀਂਦਵਾਰਾਂ ਦੀ ਹੀ ਹੈ ਕਿਉਂਕਿ ਇਸ ਹਲਕੇ ਦੀ ਵਧੇਰੇ ਵੱਸੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਹੈ ।