ਸਿੱਖਿਆ ਬੋਰਡ ਦਾ ਸੀਨੀਅਰ ਸਹਾਇਕ ਲੱਖਾਂ ਰੁਪਏ ਦੇ ਹੇਰ-ਫੇਰ ਦੇ ਦੋਸ਼ ’ਚ ਮੁਅੱਤਲ
Posted on:- 16-07-2014
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸ਼ਨ ਵੱਲੋਂ ਇਕ ਹੁਕਮ ਜਾਰੀ ਕਰਕੇ ਲੇਖਾ ਸਾਖਾ ਵਿੱਚ ਮੁਲਾਜ਼ਮਾਂ ਦੀ ਤਨਖਾਹ (ਸੈਲਰੀ) ਦੀ ਸੀਟ ’ਤੇ ਕੰਮ ਕਰਦੇ ਸੀਨੀਅਰ ਸਹਾਇਕ ਤਰੂਨ ਭਗੀਰਥ ਨੂੰ ਚੈੱਕਾਂ ਵਿੱਚ ਹੇਰ-ਫੇਰ ਕਰਕੇ ਅਪਣੇ ਖਾਤੇ ਵਿੱਚ ਜਮਾਂ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਤਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਸਹਾਇਕ ਤਰੂਨ ਭਗੀਰਥ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਦੀ ਤਨਖਾਹ ਦੇ ਚੈੱਕ ਬੈਂਕਾਂ ਵਿੱਚ ਜਮਾਂ ਕਰਵਾਉਣ ਅਤੇ ਇਸ ਦਾ ਸਾਰਾ ਹਿਸਾਬ-ਕਿਤਾਬ ਰੱਖਣ ਦਾ ਕੰਮ ਕਰਦਾ ਸੀ। ਸਿੱਖਿਆ ਬੋਰਡ ਦੇ ਹੀ ਇਕ ਸੀਨੀਅਰ ਸਹਾਇਕ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਕਿ ਸ੍ਰੀ ਭਗੀਰਥ ਵੱਲੋਂ ਉਸ ਦੇ ਬਕਾਇਆਂ ਦਾ ਬਣਦਾ ਚੈੱਕ ਬੈਂਕ ਵਿੱਚ ਜਮਾਂ ਨਹੀਂ ਕਰਵਾਇਆ ਗਿਆ ਅਤੇ ਉਸ ਦੇ ਪੈਸਿਆਂ ਦਾ ਬਣਦਾ ਬਕਾਇਆ ਆਪਣੀ ਜੇਬ ਵਿੱਚ ਨਕਦ ਦੇ ਦਿੱਤਾ ਗਿਆ ਹੈ। ਇਸ ਮਾਮਲੇ ਦੀ ਬਰਾਂਚ ਦੇ ਅਧਿਕਾਰੀਆਂ ਵੱਲੋਂ ਵਰਤੀ ਗਈ ਮੁਸਤੈਦੀ ਨਾਲ ਕੀਤੀ ਪੜਤਾਲ ਤੇ ਇਹ ਮਾਮਲਾ ਸਾਹਮਣੇ ਆਇਆ ਕੀ ਤਰੂਨ ਭਗੀਰਥ ਵੱਲੋਂ ਤਨਖਾਹ ਦੇ ਚੈਕਾਂ ਵਿੱਚ ਹੇਰ-ਫੇਰ ਕਰਕੇ ਲੱਖਾਂ ਰੁਪਏ ਦੇ ਚੈੱਕ ਅਪਣੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ। ਉਸ ਦਾ ਤਨਖਾਹ (ਸੈਲਰੀ) ਹੈਡ ਚੈਕ ਕਰਨ ’ਤੇ ਮਾਮਲਾ ਸਾਹਮਣੇ ਆਇਆ ਕਿ ਸ੍ਰੀ ਭਗੀਰਥ ਦੇ ਖਾਤੇ ਵਿੱਚ ਹਰ ਮਹੀਨੇ 5-7 ਲੱਖ ਰੁਪਏ ਸੈਲਰੀ ਹੈਡ ਵਿੱਚ ਟਰਾਂਸਫਰ ਹੋ ਰਹੇ ਹਨ। ਇਹ ਵੀ ਧਿਆਨ ਵਿੱਚ ਆਇਆ ਹੈ ਕਿ ਸ੍ਰੀ ਭਗੀਰਥ ਸੈਲਰੀ ਏ.ਸੀ.ਆਰ ਦਾ ਗਰੇਡ ਟੋਟਲ ਗਲਤ ਕਰਕੇ ਆਡਿਟ ਵਿਚੋਂ ਪਾਸ ਵੀ ਕਰਵਾ ਲੈਂਦਾ ਸੀ, ਜਦੋਂ ਚੈੱਕ ਤਿਆਰ ਹੋ ਕੇ ਅਦਾਇਗੀ ਲਈ ਜਾਂਦਾ ਤਾਂ ਇਸ ਰਾਸ਼ੀ ਵਿੱਚ ਹੇਰ-ਫੇਰ ਕਰਕੇ ਆਪਣੇ ਖਾਤੇ ਵਿੱਚ ਜਮਾਂ ਕਰਵਾ ਲੈਂਦਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਕੇਸ ਦੀ ਮੁਢਲੀ ਪੜਤਾਲ ਕਰਨ ’ਤੇ ਇਹ ਤੱਥ ਸਾਹਮਣੇ ਆਇਆ ਕਿ ਸ੍ਰੀ ਭਗੀਰਥ ਨੇ ਕਈ ਲੱਖਾਂ ਰੁਪਏ ਦੇ ਚੈੱਕ ਫੇਰ ਬਦਲ ਕਰਕੇ ਆਪਣੇ ਖਾਤੇ ਵਿੱਚ ਜਮਾਂ ਕਰਵਾ ਲਏ ਹਨ। ਸਿੱਖਿਆ ਬੋਰਡ ਦੀ ਚੇਅਰਪਸ਼ਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤਰੂਨ ਭਗੀਰਥ ਸੀਨੀਅਰ ਸਹਾਇਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਸਿੱਖਿਆ ਬੋਰਡ ਦੇ ਸਕੱਤਰ ਇੰਜ ਗੁਰਿੰਦਰ ਪਾਲ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਤਰੂਨ ਭਗੀਰਥ ਵੱਲੋਂ 57 ਹਜ਼ਾਰ ਦਾ ਚੈੱਕ ਬੈਂਕ ਵਿੱਚ ਜਮਾਂ ਨਹੀਂ ਕਰਵਾਇਆ ਗਿਆ ਤੇ ਕਈ ਮੁਲਾਜ਼ਮਾਂ ਨੂੰ ਅਪਣੀ ਜੇਬ ਵਿੱਚ ਅਦਾਇਗੀ ਕਰ ਦਿੱਤੀ ਗਈ। ਇਸ ਸਾਰੇ ਮਾਮਲੇ ਦੀ ਸ਼ਾਖਾ ਵੱਲੋਂ ਮੁਸਤੈਦੀ ਨਾਲ ਕੀਤੀ ਜਾਂਚ ਦੌਰਾਨ ਲੱਖਾਂ ਦੇ ਹੇਰ-ਫੇਰ ਦੇ ਮਾਮਲੇ ਤੋਂ ਪਰਦਾ ਉਠਣ ਉਪਰੰਤ ਸੀਨੀਅਰ ਸਹਾਇਕ ਤਰੂਨ ਭਗੀਰਥ ਨੂੰ ਤਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਇਸ ਮਾਮਲੇ ਦੀ ਪੜਤਾਲ ਕਰਨ ਲਈ ਪੜਤਾਲ ਅਫਸਰ ਨਿਯੁਕਤ ਕਰਕੇ ਰੈਗੂਲਰ ਪੜਤਾਲ ਕਰਵਾਈ ਜਾਵੇਗੀ। ਇਸ ਸਬੰਧੀ ਸੰਪਰਕ ਕਰਨ ’ਤੇ ਤਰੂਨ ਭਗੀਰਥ ਨੇ ਕਿਹਾ ਉਸ ਵਿਰੁਧ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਜੋ ਨਿਯਮਾਂ ਦੇ ਉਲਟ ਹੋਵੇ।