ਜਾਪਾਨ ’ਚ ਸਭ ਤੋਂ ਵੱਡੇ ਤੂਫਾਨ ਦੀ ਦਸਤਕ, ਅਲਰਟ ਜਾਰੀ
Posted on:- 09-07-2014
ਜਾਪਾਨ ਵਿਚ ਪਿਛਲੇ ਕੁਝ ਸਾਲਾਂ ਦੇ ਸਭ ਤੋਂ ਭਿਆਨਕ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਤੂਫਾਨ ਨਿਓਗੁੜੀ ਦੱਖਣੀ ਓਕੀਨਾਵਾ ਟਾਪੂ ਸਮੂਹ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਹਾਈ ਐਲਰਟ ਜਾਰੀ ਕਰਦੇ ਹੋਏ ਕਰੀਬ ਪੰਜ ਲੱਖ ਲੋਕਾਂ ਨੂੰ ਸੁੱਰਖਿਅਤ ਥਾਵਾਂ ‘ਤੇ ਸ਼ਰਨ ਲੈਣ ਨੂੰ ਕਹਿ ਦਿੱਤਾ ਹੈ। ਉੱਚ ਪੱਧਰੀ ਚਿਤਾਵਨੀ ਦਾ ਮਤਲਬ, ਜਾਨ ਨੂੰ ਉਤਪੰਨ ਖਤਰੇ ਦੇ ਨਾਲ ਹੀ ਤੂਫਾਨ ਦੀ ਗਤੀ ਪ੍ਰਤੀ ਘੰਟਾ 250 ਕਿਲੋਮੀਟਰ ਤੱਕ ਹੋਣ ਨਾਲ ਜ਼ਮੀਨ ਖਿਸਕਣ ਅਤੇ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਜਾਪਾਨ ਦੇ ਮੌਸਮ ਵਿਭਾਗ ਨੇ ਓਕੀਨਾਵਾ ਦੇ ਮੁੱਖ ਟਾਪੂ ਦੇ ਨਾਲ ਹੀ ਮਿਆਕੂ ਟਾਪੂ ਦੇ ਲਈ ਸੋਮਵਾਰ ਨੂੰ ਐਲਰਟ ਜਾਰੀ ਕੀਤਾ। ਓਕੀਨਾਵਾ ਮੁੱਖ ਟਾਪੂ ਵਿਚ ਕਰੀਬ 12 ਲੱਖ ਲੋਕ ਰਹਿੰਦੇ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਤੂਫਾਨ ਦਰਮਿਆਨ 14 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਓਕੀਨਾਵਾ ਵਿਚ 6500 ਘਰਾਂ ਵਿਚ ਬਿਜਲੀ ਗੁੱਲ ਹੋ ਗਈ ਹੈ। ਇਕ ਸਾਲ ਦੇ ਅੰਦਰ ਹੀ ਭਿਆਨਕ ਤੂਫਾਨ ਹਿਆਨ ਦੇ ਬਾਅਦ ਹੀ ਇਹ ਭਿਆਨਕ ਤੂਫਾਨ ਆ ਰਿਹਾ ਹੈ।
ਜਾਪਾਨ ਦੇ ਮੌਸਮ ਵਿਭਾਗ ਦੇ ਅਧਿਕਾਰੀ ਸਤੋਸ਼ੀ ਏਬੀਹਾਰਾ ਨੇ ਕਿਹਾ ਕਿ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਉੱਚੀਆਂ ਲਹਿਰਾਂ ਉੱਠਣ ਦੇ ਨਾਲ ਹੀ ਮੋਹਲੇਧਾਰ ਬਾਰਿਸ਼ ਹੋ ਸਕਦੀ ਹੈ। ਪ੍ਰਸ਼ਾਸਨ ਨੇ ਓਕੀਨਾਵਾ ਵਿਚ ਕਰੀਬ 4,80,000 ਲੋਕਾਂ ਤੋਂ ਆਪਣੇ ਘਰਾਂ ਵਿਚ ਜਾਂ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈਣ ਨੂੰ ਕਿਹਾ ਹੈ।