ਨਸ਼ੇੜੀਆਂ ਦਾ ਨਸ਼ੇ ਦੀ ਲੱਤ ਪੂਰੀ ਕਰਨ ਲਈ ਤਾਂ ਦਿਲ ਖੁੱਲ੍ਹਾ ਪਰ ਇਲਾਜ ਲਈ ਹੱਥ ਤੰਗ!
Posted on:- 09-07-2014
ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨਸ਼ੇ ਵਿਰੁਧ ਛੇੜੀ ਮੁਹਿੰਮ ਦੌਰਾਨ ਪਹਿਲਾਂ ਨਸ਼ੇੜੀਆਂ ਵਿਰੁਧ ਮਾਮਲਾ ਦਰਜ਼ ਕਰਕੇ ਗਿ੍ਰਫਤਾਰ ਕਰਨ ਦੀ ਮੁਹਿੰਮ ਦਾ ਆਮ ਜਨਤਾ ਵਿੱਚ ਕਾਫੀ ਕਿਰਕਰੀ ਹੋ ਰਹੀ ਸੀ. ਹੁਣ ਪੁਲਿਸ ਨਸ਼ੇੜੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਬਜਾਏ ਨਸ਼ਾ ਛੱਡਣ ਲਈ ਪ੍ਰੇਰਕ ਕੇ ਇਲਾਜ ਲਈ ਨਸ਼ਾ ਛੁਡਾਉ ਕੇਂਦਰਾਂ ਵਿੱਚ ਲਿਆ ਰਹੀ ਹੈ । ਜਿਸ ਕਾਰਨ ਡਾਕਟਰਾਂ ਨੂੰ ਨਸੇੜੀਆਂ ਨੂੰ ਕਾਬੂ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਵੱਲੋਂ ਇਲਾਜ ਦੌਰਾਨ ਨਸ਼ਾ ਛੁਡਾਉ ਕੇਂਦਰ ਦੀ ਭੰਨ-ਤੋੜ ਕਰਨ ਬਾਰੇ ਵੀ ਪਤਾ ਲੱਗਾ ਹੈ ਪਰ ਸਰਕਾਰ ਦੀਆਂ ਹਦਾਇਤਾਂ ਅੱਗੇ ਸਰਕਾਰੀ ਹਸਪਤਾਲ ਦੇ ਡਾਕਟਰ ਬਿਲਕੁਲ ਬੇਬਸ ਦਿਖਾਈ ਦੇ ਰਹੇ ਹਨ। ਉਂਜ ਹੁਣ ਡਾਕਟਰਾਂ ਦੀ ਰਿਪੋਰਟ ’ਤੇ ਨਸ਼ਾ ਛੁਡਾਉ ਕੇਂਦਰ ਦੀ ਸਪੈਸ਼ਲ ਵਾਰਡ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਦੀ ਦੂਜੀ ਮੰਜ਼ਿਲ ’ਤੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਪਿਛਲੇ ਮਹੀਨੇ ਮੁੜ ਸ਼ੁਰੂ ਕੀਤਾ ਗਿਆ ਹੈ। ਜਿਥੇ ਸਿਹਤ ਵਿਭਾਗ ਵੱਲੋਂ ਮਨੋ ਵਿਗਿਆਨੀ ਮਹਿਲਾ ਡਾਕਟਰ ਡਾ. ਜਸਪ੍ਰੀਤ ਕੌਰ ਸਿੱਧੂ ਨੂੰ ਨਸ਼ੇੜੀਆਂ ਦੇ ਇਲਾਜ ਲਈ ਤਾਇਨਾਤ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਨਸ਼ੇੜੀਆਂ ਦੇ ਇਲਾਜ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਡਾ. ਹਰਨੀਤ ਕੌਰ ਦਾ ਇੱਥੋਂ ਪਟਿਆਲਾ ਵਿੱਚ ਤਬਾਦਲਾ ਕਰ ਦੇਣ ਨਾਲ ਇਹ ਕੇਂਦਰ ਕਈ ਮਹੀਨਿਆਂ ਤੋਂ ਲਗਾਤਾਰ ਬੰਦ ਪਿਆ ਸੀ।
ਡਾ. ਸਿੱਧੂ ਨੇ ਦੱਸਿਆ ਕਿ ਹਸਪਤਾਲ ਵਿੱਚ ਰੋਜ਼ਾਨਾ 40-45 ਨਸ਼ੇੜੀ ਆਪਣੇ ਇਲਾਜ ਲਈ ਆ ਰਹੇ ਹਨ ਅਤੇ ਅੱਧਾ ਦਰਜਨ ਤੋਂ ਵੱਧ ਨਸ਼ੇੜੀ ਵਾਰਡ ਵਿੱਚ ਦਾਖ਼ਲ ਕੀਤੇ ਗਏ ਹਨ। ਇਹ ਸਾਰੇ ਸ਼ਰਾਬ, ਅਫ਼ੀਮ, ਭੁੱਕੀ ਅਤੇ ਸਥੈਟਿਕ ਡਰੱਗ ਦੇ ਆਦੀ ਹਨ। ਉਧਰ, ਸਰਕਾਰੀ ਹਸਪਤਾਲ ਦੀ ਐਸ.ਐਮ.ਓ. ਡਾ. ਆਦੇਸ਼ ਕੰਗ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਇਕ ਸਪੈਸ਼ਲ ਵਾਰਡ ਬਣਾਇਆ ਗਿਆ ਹੈ। ਜਿਸ ਵਿੱਚ 15 ਬੈੱਡ ਲਗਾਏ ਗਏ ਹਨ। ਜਿਥੇ ਨਸ਼ਾ ਛੱਡਣ ਵਾਲੇ ਵਿਅਕਤੀਆਂ ਤੋਂ ਇਲਾਜ ਲਈ ਨਾਮਾਤਰ ਫੀਸ ਲਈ ਜਾਂਦੀ ਹੈ। ਨਸ਼ੇੜੀਆਂ ਦੇ ਮਨੋਰੰਜਨ ਲਈ ਰੰਗਦਾਰ ਟੀ.ਵੀ. ਅਤੇ ਵੱਖ-ਵੱਖ ਇਨਡੋਰ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇੱਥੇ ਦਾਖ਼ਲ ਮਰੀਜ਼ਾਂ ਦਾ ਕਿਸੇ ਤਰੀਕੇ ਦਿਲ ਲੱਗਿਆ ਰਹੇ।
ਉਨ੍ਹਾਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਫੀਸ ਦਾ 200 ਰੁਪਏ ਪ੍ਰਤੀ ਦਿਨ ਦਾ ਭੁਗਤਾਨ ਕਰਨ ਅਤੇ ਡਾਕਟਰਾਂ ਨੂੰ ਸਹਿਯੋਗ ਦੇਣ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦੋ ਹਫ਼ਤੇ ਤੱਕ ਮਰੀਜ਼ ਨੂੰ ਦਾਖ਼ਲ ਰੱਖਿਆ ਜਾਵੇਗਾ। ਇਸ ਦੌਰਾਨ ਸਬੰਧਤ ਵਿਅਕਤੀ ਨੂੰ ਪੂਰੀ ਤਰ੍ਹਾਂ ਨਸ਼ੇ ਦੀ ਲਤ ਤੋਂ ਛੁਟਕਾਰਾ ਦਿਵਾਇਆ ਜਾਵੇਗਾ। ਇਸ ਤੋਂ ਇਲਾਵਾ ਐਨ.ਜੀ.ਓ. ਦੀ ਮਦਦ ਨਾਲ ਆਮ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਅਤੇ ਨਸ਼ੇੜੀਆਂ ਦੇ ਇਲਾਜ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸੇ ਦੌਰਾਨ ਐਸ.ਐਮ.ਓ. ਨੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਐਸਐਸਪੀ ਨੂੰ ਇਕ ਪੱਤਰ ਲਿਖ ਕੇ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਕਈ ਵਾਰ ਨਸ਼ੇੜੀ ਹੱੁਲੜਬਾਜ਼ੀ ਕਰਦੇ ਹਨ ਅਤੇ ਸਟਾਫ਼ ਨਾਲ ਝਗੜਾ ਕਰਕੇ ਫਰਾਰ ਹੋਣ ਦੀ ਤਾਕ ਵਿੱਚ ਰਹਿੰਦੇ ਹਨ।