ਪੁਸਤਕ ਵੰਡ ਸਮਾਗਮ ਦੌਰਾਨ ਬਾਲ ਰਸਾਲਾ ‘ਨਿੱਕੀਆਂ ਕਰੂੰਰਲਾਂ’ ਮੁਫਤ ਵੰਡਿਆ
Posted on:- 09-07-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਇੱਕ ਮੁਫਤ ਪੁਸਤਕ ਵੰਡ ਸਮਾਗਮ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕਰਵਾਇਆ ਗਿਆ। ਇਸ ਮੌਕੇ ਸਭ ਦਾ ਸਵਾਗਤ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਸਾਡਾ ਉਦੇਸ਼ ਬੱਚਿਆਂ ਅੰਦਰ ਨਰੋਈਆਂ ਕਦਰਾਂ ਕੀਮਤਾਂ ਭਰਨਾ ਅਤੇ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਕੇ ਸਮੇਂ ਦੇ ਹਾਣੀ ਬਣਾਉਣਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਪਿੱਛਲੇ 18 ਸਾਲਾਂ ਤੋਂ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਪ੍ਰਕਾਸ਼ਨ ਤੋਂ ਇਲਾਵਾ ਬਾਲ ਸਾਹਿਤ ਦੀਆਂ ਨਰੋਈਆਂ ਪੁਸਤਕਾਂ ਦਾ ਪ੍ਰਕਾਸ਼ਨ ਵੀ ਕੀਤਾ ਜਾ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿੱਕੀਆਂ ਕਰੂੰਬਲਾਂ ਦੀ 3100 ਕਾਪੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੁਸ਼ਿਆਰ ਵਿਦਿਆਰਥੀਆਂ ਨੂੰ ਵੰਡੀ ਜਾ ਰਹੀ ਹੈ। ਇਸ ਮੁਫਤ ਪੁਸਤਕ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਘੇ ਲੇਖਕ ਅਮਰੀਕ ਦਿਆਲ ਅਤੇ ਪਰਮਾਨੰਦ ਬ੍ਰਹਮਪੁਰੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਬਿਜ਼ਨਸ ਵਾਲੇ ਕੰਮ ਕਰਨ ਵਾਲੇ ਬਹੁਤ ਹਨ ਪਰ ਬਲਜਿੰਦਰ ਮਾਨ ਵਾਂਗ ਬਾਲ ਭਲਾਈ ਲਈ ਕੋਈ ਟਾਂਵਾ ਹੀ ਮੈਦਾਨ ਵਿੱਚ ਨਿੱਤਰਦਾ ਹੈ ।
ਉਹਨਾਂ ਇਹ ਵੀ ਕਿਹਾ ਕਿ ਮਨੁੱਖ ਦਾ ਸਭ ਤੋਂ ਨਰੋਆ ਤੇ ਭਰੋਸੇ ਵਾਲਾ ਸਾਥੀ ਚੰਗੀ ਕਿਤਾਬ ਹੁੰਦੀ ਹੈ , ਜਿਸ ਵਾਸਤੇ ਸੁਰ ਸੰਗਮ ਵਿਦਿਅਕ ਟਰੱਸਟ ਦੇ ਸਾਰੇ ਮੈਂਬਰ ਪੂਰੀ ਤਨ ਦੇਹੀ ਨਾਲ ਕਾਰਜਸ਼ੀਲ ਹਨ । ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਸ਼ਾਨਦਾਰ ਸਾਹਿਤਕ ਸੇਵਾਵਾਂ ਲਈ ਦੋਨਾਂ ਲੇਖਕਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਸੇਵਾ ਮੁਕਤ ਬਲਾਕ ਸਿੱਖਿਆ ਅਧਿਕਾਰੀ ਸਰਦਾਰ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਹਰ ਬੱਚੇ ਨੂੰ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਪੜ੍ਹਨ ਲਈ ਰੌਚਿਕ ਬਾਲ ਸਾਹਿਤ ਮਿਲਣਾ ਜ਼ਰੂਰੀ ਹੈੇ। ਉਹਨਾਂ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਸਾਡੇ ਬਹੁਤੇ ਮਾਪੇ ਤੇ ਅਧਿਆਪਕ ਬਾਲ ਸਾਹਿਤ ਦੀ ਮਹੱਤਤਾ ਤੋਂ ਅਣਜਾਣ ਹਨ। ਅਸਲ ਵਿੱਚ ਚੰਗੇ ਸ਼ਹਿਰੀ ਪੈਦਾ ਕਰਨ ਲਈ ਬਾਲ ਸਾਹਿਤ ਦੀ ਬੱਚਿਆਂ ਨੂੰ ਆਕਸੀਜਨ ਵਾਂਗ ਹੀ ਲੋੜ ਹੈ। ਮੁੱਖ ਅਧਿਆਪਕ ਸਰਵਣ ਰਾਮ ਭਾਟੀਆ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਸਕੂਲਾਂ ਵਿੱਚ ਬਾਲ ਰਸਾਲਿਆਂ ਦਾ ਜ਼ਰੂਰ ਪ੍ਰਬੰਧ ਕਰਨ।
ਉਮਰ ਗੁੱਟ ਅਨੁਸਾਰ ਹਰ ਬੱਚੇ ਨੂੰ ਬਾਲ ਪੁਸਤਕ ਵੀ ਮੁਹੱਈਆ ਕਰਵਾਈ ਜਾਵੇ। ਬਾਲ ਸਾਹਿਤ ਦੇ ਕਲਾਤਮਿਕ ਪਹਿਲੂਆਂ ਬਾਰੇ ਚਾਨਣਾ ਪਾਉਂਦਿਆਂ ਚਿੱਤਰਕਾਰ ਕੁਲਵਿੰਦਰ ਕੌਰ ਰੁਹਾਨੀ ਨੇ ਕਿਹਾ ਕਿ ਅਸਲ ਵਿੱਚ ਦਿਲਚਸਪ ਚਿੱਤਰ ਹੀ ਬਾਲ ਸਾਹਿਤ ਦੀ ਜਿੰਦ ਜਾਨ ਹੁੰਦੇ ਹਨ । ਬਾਲ ਲੇਖਕਾ ਸੁਖਚੰਚਲ ਕੌਰ ਨੇ ਆਪਣੀ ਕਹਾਣੀ ਨੂੰ ਅਦਾਵਾਂ ਨਾਲ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਪੰਮੀ ਖੁਸ਼ਹੀਲਪੁਰੀ ਨੇ ਆਪਣੇ ਮਜਾਹੀਆ ਗੀਤਾਂ ਨਾਲ ਸਭ ਦਾ ਭਰਪੂਰ ਮਨੌਰੰਜ਼ਨ ਕੀਤਾ। ਇਸ ਮੌਕੇ ਪਿ੍ਰੰਸੀਪਲ ਮਨਜੀਤ ਕੌਰ ਮਾਨ, ਰਵਨੀਤ ਕੌਰ, ਕੁਲਦੀਪ ਕੌਰ ਬੈਂਸ, ਅਮਨ ਸਹੋਤਾ, ਤਨਵੀਰ ਮਾਨ, ਗੁਰਦੇਵ ਸਿੰਘ ਅਤੇ ਹਰਮਨਪ੍ਰੀਤ ਕੌਰ ਤੋਂ ਇਲਾਵਾ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਕੂਲ ਮੁੱਖੀ, ਅਧਿਆਪਕ ਅਤੇ ਬੱਚੇ ਹਾਜ਼ਰ ਸਨ।