ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਤੋਂ ਸੱਖਣੇ ਵਿਦਿਆਰਥੀ
Posted on:- 08-07-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਪਹਾੜੀ ਖਿੱਤੇ ਦੇ ਪਿੰਡਾਂ ਸਮੇਤ ਬਿਸਤ ਦੋਆਬ ਨਹਿਰ ਨਾਲ ਲਗਦੇ ਬਹੁਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਤੋਂ ਸੱਖਣੇ ਹਨ। ਉਕਤ ਸਕੂਲਾਂ ਵਿੱਚ ਵਿਦਿਆਰਥੀ ਆਪੋ ਆਪਣੇ ਘਰੋਂ ਪੜ੍ਹਨ ਆਉਂਦੇ ਹਨ ਪ੍ਰੰਤੂ ਉਹ ਬਿਨਾ ਪੜ੍ਹੇ ਅਤੇ ਸਕੂਲਾਂ ਵਿੱਚ ਮਿਲਣ ਵਾਲਾ ਮੁਫਤ ਸਰਕਾਰੀ ਭੋਜਨ ਖੁਦ ਹੀ ਤਿਆਰ ਕਰਕੇ ਖਾ ਪੀ ਕੇ ਘਰਾਂ ਨੂੰ ਬਿਨਾ ਪੜ੍ਹੇ ਵਾਪਿਸ ਚਲੇ ਜਾਂਦੇ ਹਨ।
ਬਹੁਤ ਸਾਰੇ ਅਜਿਹੇ ਸਕੂਲ ਵੀ ਹਨ ਜਿਥੇ ਅਧਿਆਪਕ ਬੱਚਿਆਂ ਨੂੰ ਮਿਡ ਡੇ ਮੀਲ ਦਾ ਖਾਣਾ ਪਕਾਉਣ ਲਈ ਬੱਚਿਆਂ ਨੂੰ ਟਾਲਾਂ ਤੋਂ ਬਾਲਣ ਅਤੇ ਗੈਸ ਕੰਪਨੀਆਂ ਦੇ ਦਫਤਰਾਂ ਵਿੱਚੋਂ ਗੈਸ ਸਿਲੰਡਰ ਢੋਣ ਲਈ ਤੋਰੀ ਰੱਖਦੇ ਹਨ। ਸਰਕਾਰੀ ਸਕੂਲਾਂ ਵਿਚ ਪੰਜਾਬ ਸਰਕਾਰ ਵਲੋਂ ਜਾਣ ਬੁਝ ਕੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਲੰਬੇ ਸਮੇਂ ਤੋਂ ਨਹੀਂ ਭਰੀਆਂ ਜਾ ਰਹੀਆਂ ਜਿਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਸਰਕਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਸਵਾਰਨ ਦੀ ਨੀਤੀ ਵਿੱਚ ਵੱਡਾ ਅੰਤਰ ਹੈ। ਸਰਕਾਰ ਦੀਆਂ ਗਲਤੀਆਂ ਬੱਚਿਆਂ ਨਾਲ ਵਿਤਕਰੇ ਹੀ ਨਹੀਂ ਕਰ ਰਹੀਆਂ ਸਗੋਂ ਬੱਚਿਆਂ ਦਾ ਵਿਦਿਅਕ ਸੋਸ਼ਨ ਵੀ ਖਰਾਬ ਕਰ ਰਹੀਆਂ ਹਨ ਜੋ ਕਿ ਬੱਚਿਆਂ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਕਸੀਹਾਂ ਦੇ ਹਾਈ ਸਕੂਲ ਦੇ 162 ਬੱਚਿਆਂ ਅਤੇ ਰਾਮਪੁਰ ਬਿਲੜੋਂ ਦੇ ਸਰਕਾਰੀ ਹਾਈ ਸਕੂਲ ਵਿਚ 256 ਬੱਚਿਆਂ ਨੂੰ ਪੜ੍ਹਾਉਣ ਲਈ ਨਾਮਾਤਰ ਸਹੂਲਤਾਂ ਹਨ। ਪਿੰਡ ਲਕਸੀਹਾਂ ਦੇ ਸਕੂਲ ਵਿਚ ਸਾਇੰਸ ਅਧਿਆਪਕ ਦੀ ਇਕੋ ਅਸਾਮੀ 3 ਸਾਲ ਤੋਂ ਖਾਲੀ ਹੈ, ਗਣਿਤ ਦੀਆਂ ਦੋ ਅਸਾਮੀਆਂ ਹਨ ਦੋਵੇਂ ਹੀ 1- 2 ਸਾਲ ਤੋਂ, ਐਸ ਐਸ ਮਾਸਟਰ ਦੀਆਂ 3 ਵਿਚੋਂ ਪਿਛਲੇ 2 ਸਾਲਾਂ ਤੋਂ 2 ਖਾਲੀ, ਡਰਾਇੰਗ ਦੀ 1 ਸਾਲ ਤੋਂ, ਸੇਵਾਦਾਰ ਦੀ 1 ਖਾਲੀ, ਚੋਕੀਦਾਰ ਦੀ 5 ਸਾਲਾਂ ਤੋਂ ਖਾਲੀ ਪਈਆਂ ਹਨ। ਇਸੇ ਤਰ੍ਹਾਂ ਰਾਮਪੁਰ ਬਿਲੜੋਂ ਵਿਚ ਮੈਥ ਦੀਆਂ ਦੋਵੋਂ ਪੋਸਟਾਂ ਵਿਚੋਂ ਦੋਨੋ ਹੀ ਖਾਲੀ ਹਨ। ਪਹਾੜੀ ਖਿੱਤੇ ਦੇ ਪਿੰਡ ਗੱਜ਼ਰ ਮਹਿਦੂਦ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਅਧਿਆਪਕ ਹੀ ਨਹੀਂ ਹੈ। ਪਿੰਡ ਦੇ ਸਰਪੰਚ ਦਿਲਬਾਗ ਸਿੰਘ ਮਹਿਦੂਦ ਦਾ ਕਹਿਣ ਹੈ ਕਿ ਉਹਨਾਂ ਇਸ ਸਬੰਧ ਵਿੱਚ ਮੁੱਖ ਮੰਤਰੀ, ਸਿੱਖਿਆ ਵਿਭਾਗ , ਲੋਕ ਸਭਾ ਮੈਂਬਰਾਂ ਸਮੇਤ ਮੰਤਰੀਆਂ ਅਤੇ ਹਲਕੇ ਦੇ ਵਿਧਾਇਕ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸਕੂਲ ਲਈ ਅਧਿਆਪਕਾਂ ਦੀ ਮੰਗ ਕੀਤੀ ਪ੍ਰੰਤੂ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ।
ਸਿੱਖਿਆ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀ ਤਾਂ ਉਸਨੂੰ ਦੇਖਕੇ ਮੂੰਹ ਵਿੱਚ ਉਂਗਲੀ ਪਾ ਕੇ ਸੋਚਣ ਲੱਗ ਪੈਂਦੇ ਹਨ। ਇਸ ਪਿੰਡ ਦੇ ਗਰੀਬ ਪਰਿਵਾਰ ਸਕੂਲ ਵਿੱਚ ਅਧਿਆਪਕ ਨਾ ਹੋਣ ਕਾਰਨ ਸਰਕਾਰ ਨਾਲ ਅਤਿ ਦੇ ਨਿਰਾਸ਼ ਹਨ। ਇਸ ਸਬੰਧ ਵਿੱਚ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜੈ ਗੁਪਾਲ ਧੀਮਾਨ ਦਾ ਕਹਿਣ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਨਾ ਮੈਥ ਦਾ ਤੇ ਨਾ ਸਾਇੰਸ ਦਾ ਪਿਛੱਲੇ 3-3 ਸਾਲਾਂ ਤੋਂ ਅਧਿਆਪਕ ਹੀ ਨਹੀਂ ਮਿਲਿਆ ੳਨ੍ਹਾਂ ਦੀ ਸਥਿਤੀ ਕੀ ਹੋਵੇਗੀ, ਇਹ ਅਪਣੇ ਆਪ ਵਿਚ ਬੱਚਿਆਂ ਦਾ ਵਿਦਿਅਕ ਸੋਸ਼ਣ ਹੈ ਜੋ ਸਰਕਾਰ ਖੁਦ ਕਰ ਰਹੀ ਹੈ।
ਸਕੂਲਾਂ ਵਿਚ ਗਰੀਬ ਪਰੀਵਾਰਾਂ ਦੇ ਬੱਚਿਆਂ ਨਾਲ ਮਤਰੇਈ ਮਾਂ ਨਾਲੋਂ ਵੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ। ਸਰਕਾਰਾਂ ਦੇਸ਼ ਵਿਚੋਂ ਅਨਪੜ੍ਹਤਾ ਖਤਮ ਕਰਨ ਦਾ ਡਰਾਮਾ ਹੀ ਕਰਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਸੂਬੇ ਦੇ ਸਕੂਲਾਂ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਨਿੱਤ ਨਵੇਂ ਬਿਆਨ ਅਤੇ ਐਨਾਨ ਦਾਗ ਰਹੇ ਹਨ ਪ੍ਰੰਤੂ ਉਹਨਾਂ ਦਾ ਅਦਰਸ਼ ਸਕੂਲਾਂ ਦਾ ਫੈਸਲਾ ਸਮੂਹ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਲਈ ਸਕੂਲ ਸਮੇਂ ਸਿਰ ਨਾ ਖੁੱਲ੍ਹ ਸਕਣ ਕਾਰਨ ਗਲੇ ਦੀ ਹੱਡੀ ਬਣ ਚੁੱਕਾ ਹੈ। ਮੁੱਖ ਮੰਤਰੀ ਦੀ ਉਕਤ ਕਾਰਵਾਈ ਨਾਲ ਹਜ਼ਾਰਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਪੜ੍ਹਾਈ ਵਿੱਚ ਹੁਸ਼ਿਆਰ ਬੱਚਿਆਂ ਦੇ ਭਵਿੱਖ ਤੇ ਪ੍ਰਸ਼ਨ ਚਿਨ੍ਹ ਲੱਗ ਚੁੱਕਾ ਹੈ। ਸਰਕਾਰ ਦੀ ਮਿਆਰੀ ਸਿਖਿਆ ਨੀਤੀ ਬਾਰੇ ਸੁਣਦਿਆਂ 7-8 ਸਾਲ ਹੋ ਗਏ ਹਨ ਪਰ ਅੱਜ ਤਕ ਸਕੂਲਾਂ ਨੂੰ ਪੂਰੀ ਤਰ੍ਹਾਂ ਅਧਿਆਪਕ ਨਹੀਂ ਮਿਲੇ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਦਾ ਸਭ ਤੋਂ ਵੱਡਾ ਕਾਰਨ ਅਧਿਅਪਕਾਂ ਦੀਆਂ ਖਾਲੀ ਪੋਸਟਾਂ ਤੇ ਸਰਕਾਰੀ ਸੋੜੀ ਨੀਤੀ ਹੈ।