ਪਿੰਡ ਬਾਦਲ : ਨਸ਼ਾ ਮੁਕਤੀ ਕੇਂਦਰ ’ਚ ਇਲਾਜ ਖੁਣੋਂ ਅਮਲੀ ਦੀ ਮੌਤ
Posted on:- 08-07-2014
ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਸਟਾਫ਼ ਦੀ ਅਣਗਹਿਲੀ ਅਤੇ ਘਾਟ ਕਰਕੇ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਦਿਨ-ਦਿਹਾੜੇ ਜਨਾਜ਼ਾ ਨਿੱਕਲ ਗਿਆ। ਪਿੰਡ ਦੇ ਸਿਵਲ ਹਸਪਤਾਲ ’ਚ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਇੱਕ 35 ਕੁ ਸਾਲਾ ਅਮਲੀ ਨੇ ਇਲਾਜ ਖੁਣੋਂ ਦਮ ਤੋੜ ਦਿੱਤਾ।
ਨੇੜਲੇ ਪਿੰਡ ਕਾਲਝਰਾਨੀ ਦੇ 35 ਸਾਲਾ ਵਕੀਲ ਰਾਮ ਪੁੱਤਰ ਚਾਂਦੀ ਰਾਮ ਦੀ ਬੀਤੀ 28 ਜੂਨ 2104 ਤੋਂ ਅਮਲ ਛੱਡਣ ਲਈ ਸਿਵਲ ਹਸਪਤਾਲ ਬਾਦਲ ਤੋਂ ਦਵਾਈ ਚੱਲ ਰਹੀ ਸੀ ਅਤੇ ਅੱਜ ਉਹ ਆਪਣੀ ਮਾਂ ਮਾਇਆ ਦੇਵੀ ਅਤੇ ਭੈਣ ਚਿੜੀ ਦੇ ਨਾਲ ਅੱਜ ਸਵੇਰੇ 10 ਵਜੇ ਦਵਾਈ ਲੈਣ ਖਾਤਰ ਹਸਪਤਾਲ ਦੀ ਓਪੀਡੀ ਵਿਚ ਆਇਆ ਸੀ। ਇਸੇ ਦੌਰਾਨ ਡਾਕਟਰ ਦੇ ਕੋਲ ਅਮਲੀਆਂ ਦੀ ਵੱਡੀ ਭੀੜ ਹੋਣ ਕਰਕੇ ਉਸਦੀ ਵਾਰੀ ਆਉਣ ਵਿਚ ਕੁਝ ਸਮਾਂ ਲੱਗ ਗਿਆ।
ਪਿਛਲੇ 7 ਵਰ੍ਹਿਆਂ ਤੋਂ ਭੁੱਕੀ-ਪੋਸਤ ਦੇ ਗੇੜ ’ਚ ਫਸੇ ਮਿ੍ਰਤਕ ਵਕੀਲ ਰਾਮ ਦੀ ਮਾਤਾ ਮਾਇਆ ਦੇਵੀ ਅਤੇ ਪਿਤਾ ਚਾਂਦੀ ਰਾਮ ਨੇ ਆਖਿਆ ਕਿ ਵਾਰੀ ਆਉਣ ਦੀ ਉਡੀਕ ’ਚ ਜਦੋਂ ਉਸਦੇ ਪੁੱਤਰ ਦੀ ਹਾਲਤ ਵਿਗੜਨ ਲੱਗੀ ਤਾਂ ਉਨ੍ਹਾਂ ਕਾਫ਼ੀ ਗੁਹਾਰ ਲਗਾਈ ਪਰ ਕਿਸੇ ਉਨ੍ਹਾਂ ਨੂੰ ਡਾਕਟਰ ਤੱਕ ਨਹੀਂ ਪੁੱਜਣ ਦਿੱਤਾ। ਬਾਅਦ ਵਿਚ ਉਸਨੂੰ ਮੁੱਢਲੀ ਜਾਂਚ ਉਪਰੰਤ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ ਡਾਕਟਰ ਰਾਹੁਲ ਜਿੰਦਲ ਵੱਲੋਂ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕੀਤਾ ਗਿਆ।
ਮਾਇਆ ਦੇਵੀ ਅਤੇ ਚਿੜੀ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਨ ਦੇ ਬਾਅਦ ਵੀ ਵਾਰਡ ’ਚ ਮੌਜੂਦ ਨਰਸਾਂ ਵਗੈਰਾ ਨੇ ਵਕੀਲ ਰਾਮ ਨੂੰ ਡਿੱ੍ਰਪ ਜਾਂ ਹੋਰ ਕੋਈ ਦਵਾਈ ਨਹੀਂ ਦਿੱਤੀ, ਜਿਸ ਨਾਲ ਉਸਦੀ ਹਾਲਤ ’ਚ ਕੋਈ ਢੁੱਕਵਾਂ ਸੁਧਾਰ ਆਉਂਦਾ। ਉਨ੍ਹਾਂ ਅਨੁਸਾਰ ਉਹ ਕਰੀਬ 40-50 ਮਿੰਟ ਤੱਕ ਦਰਦ ਨਾਲ ਮਿਹਲਦਾ ਹੋਇਆ ਦਮ ਤੋੜ ਗਿਆ। ਮਾਇਆ ਦੇਵੀ ਅਤੇ ਚਿੜੀ ਦੇ ਦੋਸ਼ਾਂ ਦੀ ਪੁਸ਼ਟੀ ਨਸ਼ਾ ਮੁਕਤੀ ਕੇਂਦਰ ’ਚ ਜ਼ੇਰੇ ਇਲਾਜ ਪਿੰਡ ਬਾਜਕ ਦੇ ਸਾਬਕਾ ਸਰਪੰਚ ਦਾਰਾ ਸਿੰਘ ਅਤੇ ਸਕੇ ਭਰਾ ਲਾਭ ਸਿੰਘ ਅਤੇ ਪ੍ਰਕਾਸ਼ ਸਿੰਘ ਵਾਸੀ ਬਾਜਕ ਨੇ ਆਖਿਆ ਕਿ ਅੱਜ ਮਰਿਆ ਮਰੀਜ਼ ਤਾਂ ਬੇਹੱਦ ਤੰਗ ਸੀ ਅਤੇ ਬਹੁਤ ਮਿਹਲ ਰਿਹਾ ਸੀ ਅਤੇ ਪੀਣ ਲਈ ਸਾਡੇ ਕਮਰੇ ਆਪਣੀ ਮਾਂ ਅਤੇ ਭੈਣ ਦੇ ਸਹਾਰੇ ਆਇਆ ਤਾਂ ਡਿੱਗ ਪਿਆ ਸੀ। ਉਨ੍ਹਾਂ ਆਖਿਆ ਕਿ ਕਿਸੇ ਡਾਕਟਰ ਅਤੇ ਨਰਸ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਜਦੋਂ ਉਸਦੀ ਹਾਲਤ ਮਰਨ ਕਿਨਾਰੇ ਪੁੱਜ ਗਈ ਅਤੇ ਜਦੋਂ ਉਸਦੇ ਘੁੰਡ ਮੁੜਣ ਲੱਗੇ ਤਾਂ ਫਿਰ 12-ਸਵਾ 12 ਵਜੇ ਕਿਧਰੇ ਜਾ ਕੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਦੋਂ ਤੱਕ ਉਸਦੇ ਪ੍ਰਾਣ ਨਿੱਕਲ ਚੁੱਕੇ ਸਨ। ਮਾਇਆ ਦੇਵੀ ਨੇ ਨੌਜਵਾਨ ਪੁੱਤਰ ਦੀ ਮੌਤ ’ਤੇ ਵਿਰਲਾਪ ਕਰਦਿਆਂ ਆਖਿਆ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਉਸਦੇ ਲੜਕੇ ਦਾ ਹੱਸਦਾ-ਵਸਦਾ ਘਰ ਉੱਜੜ ਗਿਆ ਅਤੇ ਉਸਦੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ।
ਪਿੰਡ ਕਾਲਝਰਾਨੀ ਵਿਖੇ ਮਿ੍ਰਤਕ ਦੇ ਘਰ ਪੁੱਜੇ ਪੱਤਰਕਾਰ ਨੇ ਵੇਖਿਆ ਕਿ ਗਰੀਬੀ ਦੇ ਝਲਕਾਰੇ ਮਾਰਦੇ ਕੱਚੇ ਮਕਾਨ ਦੇ ਵਿਹੜੇ ’ਚ ਮਿ੍ਰਤਕ ਵਕੀਲ ਰਾਮ ਦੀ ਲੋਥ ਮੰਜੇ ਪਈ ਸੀ ਅਤੇ ਉਸਦੀ ਬੁੱਢਾ ਬਾਪ ਚਾਂਦੀ ਰਾਮ ਸੁੰਨਾ ਜਿਹਾ ਹੋਇਆ ਆਪਣੇ ਪੁੱਤਰ ਦੇ ਬੱਚਿਆਂ ਦੇ ਭਵਿੱਖ ਦਾ ਝੋਰਾ ਕਰ ਰਿਹਾ ਸੀ।
ਚਾਂਦੀ ਰਾਮ ਨੇ ਆਖਿਆ ਕਿ ਪਿਛਲੇ 7 ਸਾਲਾਂ ਤੋਂ ਭੁੱਕੀ ਦੇ ਨਸ਼ੇ ਦੀ ਮਾਰ ਹੇਠ ਆਇਆ ਵਕੀਲ ਚੰਦ ਉਸਦੇ ਪਰਿਵਾਰ ਦਾ ਮੁੱਖ ਸਹਾਰਾ ਸੀ ਅਤੇ ਨਸ਼ਿਆਂ ਦੇ ਬਾਵਜੂਦ ਮਜ਼ਦੂਰੀ ਕਰਕੇ ਪਰਿਵਾਰ ਨੂੰ ਚਲਾ ਰਿਹਾ ਸੀ। ਉਸਦੀ ਪਤਨੀ ਅਤੇ ਨਿੱਕੇ-ਨਿੱਕੇ ਤਿੰਨੇ ਬੱਚੇ ਆਪਣੇ ਵਕੀਲ ਚੰਦ ਦੀ ਬੇਵਕਤੀ ਮੌਤ ’ਤੇ ਵਿਰਲਾਪ ਕਰ ਰਹੇ ਸਨ। ਮਾਇਆ ਦੇੇਵੀ ਨੇ ਆਖਿਆ ਕਿ ਪੇਟ ’ਚ ਗੜਬੜ (ਡਾਇਰੀਆ) ਹੋਣ ਬਾਰੇ ਉਨ੍ਹਾਂ ਪਹਿਲਾਂ ਡਾਕਟਰ ਰਾਹੁਲ ਨੂੰ ਦੱਸਿਆ ਸੀ ਪਰ ਡਾਕਟਰ ਨੇ ਆਖਿਆ ਕਿ ‘‘ਕੋਈ ਫ਼ਿਕਰ ਵਾਲੀ ਗੱਲ ਨਹੀਂ ਨਸ਼ੇ ਛੱਡਣ ਕਰਕੇ ਉਸਦਾ (ਵਕੀਲ ਰਾਮ) ਨੂੰ ਢਿੱਡ ਸਾਫ਼ ਹੋ ਰਿਹੈ।’’ ਮਾਇਆ ਦੇਵੀ ਨਾਲ ਮੰਗ ਕੀਤੀ ਕਿ ਉਸਦੇ ਪੁੱਤਰ ਦੇ ਇਲਾਜ ’ਚ ਅਣਗਹਿਲੀ ਕਰਨ ਵਾਲੇ ਡਾਕਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਸੱਤਾ ’ਚ ਆਉਣ ਉਪਰੰਤ ਅਕਾਲੀ ਸਰਕਾਰ ਵੱਲੋਂ ਕਾਹਲੀ ’ਚ ਆਰੰਭੀ ਸੂਬਾ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ ਦੇ ਖਾਸੇ ਪ੍ਰਚਾਰ ਕਰਕੇ ਨਸ਼ਿਆਂ ਛੱਡਣ ਦੇ ਚਾਹਵਾਨ ਅਮਲੀ ਇਲਾਜ ਲਈ ਪਿੰਡ ਬਾਦਲ ਦੇ ਸਿਵਲ ਹਸਪਤਾਲ ’ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਪੁੱਜ ਰਹੇ ਹਨ ਪਰ ਸੂਬਾ ਸਰਕਾਰ ਵੱਲੋਂ ਅਮਲੀਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਜ਼ਰੂਰਤ ਅਨੁਸਾਰ ਮਨੋਰੋਗ ਦੇ ਡਾਕਟਰਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਨਸ਼ਾ ਮੁਕਤੀ ਕੇਂਦਰ ਵਿਚ ਸਿਰਫ਼ ਇਕਲੌਤੇ ਡਾਕਟਰ ਰਾਹੁਲ ਜਿੰਦਲ ਹੀ ਰੋਜ਼ਾਨਾ 250 ਤੋਂ 3 ਸੌ ਮਰੀਜਾਂ ਦੀ ਓ.ਪੀ.ਡੀ ਵਿਚ ਮੈਡੀਕਲ ਜਾਂਚ ਕਰਦੇ ਹਨ। ਇਸਦੇ ਇਲਾਵਾ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਦੋ ਦਰਜਨ ਤੋਂ ਵੱਧ ਨਸ਼ੇ ਦੇ ਮਰੀਜਾਂ ਲਈ ਇੱਕ ਟਰੇਂਡ ਸਟਾਫ਼ ਨਹੀਂ ਹੈ। ਨਸ਼ਾ ਮੁਕਤੀ ਕੇਂਦਰ ’ਚ ਨਰਸਿੰਗ ਇੰਸਟੀਟਿਊਟ ਬਾਦਲ ਦੀਆਂ ਸਿਖਾਂਦਰੂ ਵਿਦਿਆਰਥਣਾਂ ਹੀ ਬਤੌਰ ਨਰਸ ਢੰਗ ਟਪਾ ਰਹੀਆਂ ਹਨ। ਅੱਜ ਦੁਪਿਹਰ 3 ਵਜੇ ਤੱਕ ਓ.ਪੀ.ਡੀ. ’ਚ 290 ਮਰੀਜਾਂ ਦੀ ਜਾਂਚ ਹੋ ਚੁੱਕੀ ਸੀ ਅਤੇ 245 ਮਰੀਜ਼ ਪਰਚੀ ’ਤੇ ਵਾਰੀ ਆਉਣ ਦੀ ਉਡੀਕ ਕਰ ਰਹੇ ਸਨ। ਜਿਨ੍ਹਾਂ ਦੀ ਹਸਪਤਾਲ ਦੇ ਵਿਹੜੇ ’ਚ ਇੱਕ ਪੁਲੀਸ ਕਰਮਚਾਰੀ ਬਲਕਾਰ ਸਿੰਘ ਨਸ਼ਿਆਂ ਤੋਂ ਰਹਿਤ ਜੀਵਨ ਲਈ ਕਾਊਂਸਲਿੰਗ ਕਰ ਰਿਹਾ ਸੀ।
ਦੂਜੇ ਪਾਸੇ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ਼ ਡਾ: ਰਾਹੁਲ ਜਿੰਦਲ (ਐਮ.ਡੀ. ਮਨੋਰੋਗ) ਨੇ ਆਖਿਆ ਕਿ ਮਰੀਜ਼ ਅਨੁਸਾਰ ਵਕੀਲ ਰਾਮ ਨੂੰ 3-4 ਦਿਨਾਂ ਡਾਈਰਿਆ (ਪੇਟ ’ਚ ਗੜਬੜ) ਦੀ ਤਕਲੀਫ਼ ਸੀ ਅਤੇ ਇਸਦੇ ਬਾਵਜੂਦ ਮਾਪੇ ਪਿੰਡ ਤੋਂ ਇਲਾਜ ਕਰਵਾਉਂਦੇ ਰਹੇ ਅਤੇ ਹਾਲਤ ਜ਼ਿਆਦਾ ਵਿਗੜਨ ’ਤੇ ਹਸਪਤਾਲ ਲੈ ਆਏ ਅਤੇ ਜਿੱਥੇ ਦਾਖਲ ਕਰਨ ਦੇ 10-12 ਮਿੰਟ ਬਾਅਦ ’ਚ ਉਸਦੀ ਮੌਤ ਹੋ ਗਈ।