ਬਜਟ ਸੈਸ਼ਨ ਦੀ ਹੰਗਾਮੇਦਾਰ ਸ਼ੁਰੂਆਤ, ਮਹਿੰਗਾਈ ਦੇ ਮੁੱਦੇ ’ਤੇ ਲੋਕ ਸਭਾ ਪੂਰੇ ਦਿਨ ਲਈ ਉਠੀ
Posted on:- 08-07-2014
16ਵੀਂ ਲੋਕ ਸਭਾ ਦੇ ਪਹਿਲੇ ਬਜਟ ਇਜਲਾਸ ਦੀ ਸ਼ੁਰੂਆਤ ਹੰਗਾਮੇਦਾਰ ਹੋਈ। ਅੱਜ ਸੰਸਦ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਵਿਚ ਵਿਰੋਧੀ ਧਿਰ ਨੇ ਮਹਿੰਗਾਈ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਜ਼ੋਰਦਾਰ ਹੰਗਾਮੇ ਦੀ ਵਜ੍ਹਾ ਨਾਲ ਲੋਕ ਸਭਾ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ ਜਿਸ ਦੀ ਵਜ੍ਹਾ ਨਾਲ ਲੋਕ ਸਭਾ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ।
ਮਹਿੰਗਾਈ ’ਤੇ ਕਾਬੂ ਪਾਉਣ ਅਤੇ ਵਧੇ ਰੇਲ ਕਿਰਾਏ ਨੂੰ ਵਾਪਸ ਲੈਣ ਦੀ ਮੰਗ ’ਤੇ ਮੋਦੀ ਸਰਕਾਰ ਦੇ ਸੰਸਦ ਦੇ ਪਹਿਲੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਲੋਕ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ, ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ, ਤਿ੍ਰਣਾਮੁਲ ਕਾਂਗਰਸ, ਖੱਬੀਆਂ ਪਾਰਟੀਆਂ, ਰਾਸ਼ਟਰੀ ਜਨਤਾ ਦਲ ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸਮੇਤ ਸਮੁੱਚੀਆਂ ਵਿਰੋਧੀਆਂ ਪਾਰਟੀਆਂ ਦੇ ਸਾਂਸਦ ਪ੍ਰਸ਼ਨ ਕਾਲ ਮੁਲਤਵੀ ਕਰਕੇ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਦੀ ਮੰਗ ਕਰਨ ਲੱਗੇ।
ਸਪੀਕਰ ਦੀ ਬੇਨਤੀ ’ਤੇ ਜਦੋਂ ਹੰਗਾਮਾ ਨਾ ਰੁਕਿਆ ਤਾਂ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਵਾਈ ਮੁੜ ਸ਼ੁਰੂ ਹੋਣ ’ਤੇ ਹੰਗਾਮਾ ਜਾਰੀ ਰਿਹਾ, ਜਿਸ ਦੀ ਵਜ੍ਹਾ ਨਾਲ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। 2 ਵਜੇ ਕਾਰਵਾਈ ਸ਼ੁਰੂ ਹੋਣ ’ਤੇ ਮੁੜ ਹੰਗਾਮਾ ਜਾਰੀ ਰਿਹਾ, ਵਿਰੋਧੀ ਧਿਰ ਮਹਿੰਗਾਈ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਅੜੀ ਰਹੀ ਜਦਕਿ ਸਰਕਾਰ ਨੇ ਕਿਹਾ ਕਿ ਉਹ ਨਿਯਮ 193 ਤਹਿਤ ਚਰਚਾ ਨੂੰ ਤਿਆਰ ਹੈ। ਹੰਗਾਮਾ ਜਾਰੀ ਰਹਿਣ ਕਾਰਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਉਧਰ ਰਾਜ ਸਭਾ ਵਿਚ ਮਹਿੰਗਾਈ ਦੇ ’ਤੇ ਚਰਚਾ ਹੋਈ। ਰਾਜ ਸਭਾ ਵਿਚ ਕਾਂਗਰਸ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਵਧੇ ਰੇਲ ਕਿਰਾਏ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਵੀ ਵਾਪਸ ਲੈਣ ਦੀ ਗੱਲ ਕਹੀ। ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਇਸ ਲਈ ਵੋਟਾਂ ਪਾਇਆ ਤਾਂ ਕਿ ਉਹ ਮਹਿੰਗਾਈ ’ਤੇ ਕਾਬੂ ਪਾ ਸਕੇ, ਪਰ ਜਿਵੇਂ ਹੀ ਐਨਡੀਏ ਨੇ ਸਤਾ ਸੰਭਾਲੀ ਤਾਂ ਅਜਿਹੇ ਕਦਮ ਚੁੱਕੇ ਜਿਸ ਦੀ ਵਜ੍ਹਾ ਨਾਲ ਮਹਿੰਗਾਈ ਹੋਰ ਵਧ ਗਈ। ਉਨ੍ਹਾਂ ਕਿਹਾ ਕਿ ਬੀਤੇ ਇਕ ਮਹੀਨੇ ਤੋਂ ਆਮ ਆਦਮੀ ਵਧ ਰਹੀਆਂ ਕੀਮਤਾਂ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ।
ਵੱਧਦੀ ਮਹਿੰਗਾਈ ਨੂੰ ਲੈ ਕੇ ਸੰਸਦ ਦੇ ਬਜਟ ਇਜਲਾਸ ਵਿਚ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਸਰਕਾਰ ਨੇ ਰਾਜ ਸਭਾ ਵਿਚ ਅੱਜ ਕਿਹਾ ਕਿ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਕੰਟਰੋਲ ਵਿਚ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਨਾਲ ਹੀ ਐਨਡੀਏ ਸਰਕਾਰ ਨੇ ਕੀਮਤਾਂ ਵਿਚ ਵਾਧੇ ਦੀ ਮੌਜੂਦਾ ਸਥਿਤੀ ਲਈ ਪਹਿਲੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਠਰਿਹਾਇਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮਹਿੰਗਾਈ ਦੇ ਮੁੱਦੇ ’ਤੇ ਰਾਜ ਸਭਾ ਵਿਚ ਚਰਚਾ ਦੌਰਾਨ ਜਵਾਬ ਵਿਚ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਦੀ ਮੌਜੂਦਾ ਸਥਿਤੀ ਅਤੇ ਰੇਲ ਯਾਤਰੀ ਕਿਰਾਏ ’ਤੇ ਮਾਲ ਭਾੜੇ ਵਿਚ ਹਾਲ ਹੀ ਵਿਚ ਹੋਏ ਵਾਧੇ ਲਈ ਪਹਿਲੀ ਯੂਪੀਏ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ
ਇਹ ਵਿਰਾਸਤ ਵਿਚ ਮਿਲੀ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਮਹਿੰਮਾਈ ਵਧਾਈ ਹੈ। ਸ਼ਰਦ ਯਾਦਵ ਨੇ ਵੀ ਕਿਹਾ ਹੈ ਕਿ ਐਨਡੀਏ ਸਰਕਾਰ ਨੇ ਮਹਿੰਗਾਈ ਵਧਾਈ ਹੈ। ਇਸ ਵਿਚ ਵਿਚੋਲਿਆਂ ਅਤੇ ਜਮ੍ਹਾਂ ਖੋਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਮਹਿੰਗਾਈ ਨਾਲ ਗਰੀਬ ਪ੍ਰਭਾਵਤ ਹੋਏ ਹਨ ਅਤੇ ਡੇਢ ਮਹੀਨੇ ਵਿਚ ਮਹਿੰਗਾਈ ਆਸਮਾਨ ’ਤੇ ਪਹੁੰਚ ਚੁੱਕੀ ਹੈ।