ਅਜਨਾਲਾ ਖੂਹ ਦੇ ਫੌਜੀ ਸ਼ਹੀਦਾਂ ਬਾਰੇ ਗੁੰਮਰਾਹਕੁੰਨ ਬਿਆਨ ਦੀ ਦੇਸ਼ ਭਗਤਾਂ ਵਲੋਂ ਸਖ਼ਤ ਆਲੋਚਨਾ
Posted on:- 08-07-2014
ਪੰਜਾਬ ਸਰਕਾਰ ਦੇ ਪੁਰਾਲੇਖ਼ ਵਿਭਾਗ ਦੇ ਅਧਿਕਾਰੀ ਮੁਹੱਈਉਦੀਨ ਫ਼ਾਰੁਕ ਵੱਲੋਂ ਜਾਰੀ ਬਿਆਨ ਕਿ ਦਿੱਲੀ ਵਿੱਚ ਪਏ ਰਿਕਾਰਡ ਦੀ ਬਾਰੀਕੀ ਨਾਲ ਛਾਣ-ਬੀਣ ਕਰਨ ’ਤੇ ਵੀ ਸਾਲ 1857 ਵਿੱਚ ਅਜਨਾਲਾ ਵਿੱਚ ਈਸਟ ਇੰਡੀਆ ਕੰਪਨੀ ਵੱਲੋਂ ਬੰਦੀ ਬਣਾ ਕੇ ਮਾਰੇ ਗਏ ਹਿੰਦੋਸਤਾਨੀ ਸੈਨਿਕਾਂ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਪਰ ਅੱਜ ਤਿੱਖੀ ਪ੍ਰਤੀਕਿਰਿਆ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੋਸ਼ ਲਾਇਆ ਹੈ ਕਿ ਇੱਕ ਤੋਂ ਬਾਅਦ ਦੂਜਾ ਬਿਆਨ ਵੱਖ-ਵੱਖ ਨਾਂਵਾਂ ਹੇਠ ਜਾਰੀ ਕਰਕੇ ਸੋਚੀ ਸਮਝੀ ਯੋਜਨਾ ਤਹਿਤ ਧੁੰਧਲਾਕਾ ਅਤੇ ਭਰਮ-ਭੁਲੇਖਾ ਖੜ੍ਹਾ ਕਰਕੇ ਮਹਾਨ ਆਜ਼ਾਦੀ ਸੰਗਰਾਮੀਆਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਮੇਟਣ ਅਤੇ ਉਹਨਾਂ ਦੀ ਤੌਹੀਨ ਕਰਨ ਦੀ ਲੜੀ ਵਿੱਢੀ ਜਾ ਰਹੀ ਹੈ। ਜਿਸਦਾ ਠੋਕਵਾਂ ਜਵਾਬ ਦੇਣ ਲਈ ਸਮੂਹ ਦੇਸ਼ ਭਗਤ, ਅਗਾਂਹ-ਵਧੂ, ਇਤਿਹਾਸਕ ਅਤੇ ਇਨਕਲਾਬੀ ਸੰਸਥਾਵਾਂ ਨੂੰ ਇੱਕਜੁਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।
ਇਕ ਲਿਖਤੀ ਬਿਆਨ ਜਾਰੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਸੀਨੀਅਰ ਐਡਵੋਕੇਟ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਫ਼ਾਰੁਕ ਦੇ ਉਪਰੋਕਤ ਬਿਆਨ ਬਾਰੇ ਦਫ਼ਤਰੋਂ ਫੋਨ ’ਤੇ ਪੁਰਾਲੇਖ, ਮਿਊਜ਼ੀਅਮ ਅਤੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਤੋਂ ਉਹਨਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਹਨਾਂ ਦੱਸਿਆ ਕਿ ਸਾਡੇ ਇਸ ਅਧਿਕਾਰੀ ਨੇ ਤਾਂ ਐਨੀ ਗੱਲ ਕੀਤੀ ਸੀ ਕਿ ਸੈਨਿਕਾਂ ਦੀ ਕੋਈ ਸੂਚੀ ਹਾਸਲ ਨਹੀਂ ਹੋ ਸਕੀ। ਉਹਨਾਂ ਇਹ ਤਾਂ ਕਿਹਾ ਹੀ ਨਹੀਂ ਕਿ 1857 ਵਿੱਚ ਅਜਨਾਲੇ ਅਜੇਹੀ ਘਟਨਾ ਨਹੀਂ ਵਾਪਰੀ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਦੋਂ ਡਾਇਰੈਕਟਰ ਸਾਹਿਬ ਨੂੰ ਇਹ ਪੱਖ ਪ੍ਰੈਸ ਵਿਚ ਸਾਫ਼ ਅਤੇ ਸਪੱਸ਼ਟ ਕਰਨ ਅਤੇ ਗੁਰਦਵਾਰਾ ਸ਼ਹੀਦੀ ਗੰਜ, ਸ਼ਹੀਦੀ ਖੂਹ ਯਾਦਗਾਰ ਕਮੇਟੀ, ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਉੱਘੇ ਇਤਿਹਾਸਕਾਰ ਡਾ. ਸੁਰਿੰਦਰ ਕੋਛੜ ਕੋਲ ਢੇਰਾਂ ਪ੍ਰਮਾਣਿਕ ਦਸਤਾਵੇਜ਼ ਅਤੇ ਇਹ ਖ਼ੂਨੀਕਾਰਾ ਕਰਨ ਵਾਲਿਆਂ ਦੇ ਆਪਣੇ ਹਲਫ਼ੀਆ ਬਿਆਨ ਦੀਆਂ ਫਾਇਲਾਂ ਗਵਾਹ ਵਜੋਂ ਹੁੰਦੇ ਹੋਏ ਵੀ ਅਜੇਹੇ ਭੰਬਲਭੂਸੇ ਭਰੇ ਬਿਆਨ ਜਾਰੀ ਕਰਨ ਵਾਲਿਆਂ ਉਪਰ ਕਾਰਵਾਈ ਕਰਨ ਲਈ ਕਿਹਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇ ਤੁਹਾਡੇ ਕੋਲ ਕੋਈ ਠੋਸ ਸਬੂਤ ਹੈ ਤਾਂ ਤੁਸੀਂ ਦੇ ਦਿਓ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੱਸਿਆ ਕਿ 17 ਮਾਰਚ 2014 ਨੂੰ ਆਪ ਜੀ ਨੂੰ ਮਿਲ ਕੇ ਢੇਰ ਸਾਰੇ ਪ੍ਰ੍ਮਾਣ ਅਜਨਾਲਾ ਕਮੇਟੀ ਵੱਲੋਂ ਭੇਂਟ ਕੀਤੇ ਗਏ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਕਿ ਜਿਨ੍ਹਾਂ ਤਹਿਤ ਅਸਥੀਆਂ ਸੰਭਾਲਣ, ਮਿਊਜ਼ੀਅਮ ਬਣਾਉਣ ਅਤੇ ਸ਼ਹੀਦੀ ਖੂਹ ਨੂੰ ਸੰਭਾਲਣ ਦਾ ਕਾਰਜ ਹੱਥ ਲਿਆ ਸਕਦਾ ਹੈ।