ਹਰਿਆਣਾ ਦੇ ਮੁੱਖ ਮੰਤਰੀ ਹੁੱਡਾ ਵੱਲੋਂ ਹਰਿਆਣਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ
Posted on:- 07-07-2014
ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਇਸ ਦੇ ਲਈ 11 ਜੁਲਾਈ ਨੂੰ ਬੁਲਾਏ ਗਏ ਹਰਿਆਣਾ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਕਮੇਟੀ ਦੇ ਗਠਨ ਦੇ ਲਈ ਕਾਨੂੰਨ ਬਣਾਉਣ ਦੇ ਲਈ ਬਿੱਲ ਲਿਆਂਦਾ ਜਾਵੇਗਾ।
ਸ੍ਰੀ ਹੁੱਡਾ ਨੇ ਅੱਜ ਕੈਥਲ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਆਯੋਜਿਤ ਹਰਿਆਣਾ ਮਹਾਂ ਸਿੱਖ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗੁਰਦੁਆਰਿਆਂ ਵਿਚ ਹਰਿਆਣਾ ਦੇ ਸਿੱਖਾਂ ਵੱਲੋਂ ਸੇਵਾ ਕਰਨਾ ਤੇ ਪ੍ਰਬੰਧਨ ਕਰਨਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਹੀ ਹਰਿਆਣਾ ਦੇ ਸਿੱਖਾਂ ਦੀ ਭਾਵਨਾ ਦਾ ਸਨਮਾਨ ਹੈ ਨਾ ਕਿ ਗੁਰਦੁਆਰਾ ਪ੍ਰਬੰਧਨ ਵਿਚ ਕਿਸੇ ਤਰ੍ਹਾਂ ਦੀ ਰਾਜਨੀਤਕ ਦਖਲਅੰਦਾਜ਼ੀ।
ਸ੍ਰੀ ਹੁੱਡਾ ਨੇ ਸੂਬੇ ਦੇ ਕੋਨੇਕੋਨੇ ਤੋਂ ਆਏ ਸਿੱਖ ਸੁਮਦਾਇ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਕਿਹਾ ਕਿ ਕੀ ਉਹ ਚਾਹੁੰਦੇ ਹਨ ਕਿ ਹਰਿਆਣਾ ਵਿਚ ਗੁਰੂ ਘਰਾਂ ਦੀ ਸੇਵਾ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲੇ, ਇਸ ’ਤੇ ਵੱਡੀ ਗਿਣਤੀ ਵਿਚ ਉਮੜੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੇ ਹੱਥ ਖੜ੍ਹੇ ਕਰਕੇ ‘ਮਿਲਣੇ ਚਾਹੀਦਾ’ ਦਾ ਜਵਾਬ ਦਿੱਤਾ ਅਤੇ ਪੂਰਾ ਸਮਾਰੋਹ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੇ ਫਤਿਹ’, ‘ਹੁੱਡਾ ਸਾਹਿਬ ਤੁਮ ਅੱਗੇ ਵੱਧੋ, ਅਸੀਂ ਤੁਹਾਡੇ ਨਾਲ ਹਾਂ’ ਦੇ ਨਾਅਰੇ ਗੂੰਜ ਉਠੇ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਇਕ ਬਹਾਦਰ ਕੌਮ ਹੈ, ਆਜ਼ਾਦੀ ਦੀ ਲੜਾਈ ਵਿਚ ਅਤੇ ਉਸ ਦੇ ਬਾਅਦ ਦੇਸ਼ ਦੀਆਂ ਹੱਦਾਂ ਦੀ ਰੱਖਿਆ ਕਰਨ ਵਿਚ ਇਸ ਕੌਮ ਦੇ ਲੋਕਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਇਕ ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਰਹੇ ਹਨ। ਸ੍ਰੀ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਚੌਧਰੀ ਮਾਤੂ ਰਾਮ ਆਰੀਆ ਅਤੇ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੂੰ ਇਕ ਹੀ ਕਲਮ ਨਾਲ ਅੰਗਰੇਜ਼ਾਂ ਨੇ ਕਾਲੇ ਪਾਣੀ ਦੀ ਸਜ਼ਾ ਸੁਣਾਈ ਸੀ। ਹਰਿਆਣਾ ਵਿਚ ਅਲੱਗ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਗਠਨ ’ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਿੱਤੇ ਜਾ ਰਹੇ ਬਿਆਨਾਂ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਉਹ ਬਾਦਲ ਸਾਹਿਬ ਤੇ ਮੱਕੜ ਦੋਵਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਹ ਦੋਵੇਂ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇਗੀ ਅਤੇ ਹਰਿਆਣਾ ਵਿਚ ਜਿਸਨੂੰ ਬਹੁਮਤ ਮਿਲੇਗਾ, ਉਨ੍ਹਾਂ ਦੇ ਹੱਥੀਂ ਗੁਰਦੁਆਰਿਆਂ ਦਾ ਪ੍ਰਬੰਧ ਹੋਵੇਗਾ।
ਜ਼ਿਕਰਯੋਗ ਹੈ ਕਿ ਵਰਤਮਾਨ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 11 ਵਿੱਚੋਂ 4 ਮੈਂਬਰ ਹਰਿਆਣਾ ਦੇ ਹਨ। ਅੱਜ ਸਮਾਰੋਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਚਾਰ ਅਤੇ ਮੈਂਬਰਾਂ, ਜਿਨ੍ਹਾਂ ਵਿਚ ਹਰਪਾਲ ਸਿੰਘ ਪਾਲੀ ਅੰਬਾਲਾ, ਅਮਰੀਕ ਸਿੰਘ ਅੰਬਾਲਾ, ਭੁਪਿੰਦਰ ਸਿੰਘ ਅਸੰਧ, ਗੁਰਮੀਤ ਸਿੰਘ ਤਰਲੋਕੀਵਾਲਾ ਸ਼ਾਮਲ ਸਨ, ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਰਾਜ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿਚ ਸਾਲ 2007 ਵਿਚ ਵਿਧਾਇਕ ਨਿਰਮਲ ਸਿੰਘ ਵੱਲੋਂ ਪੇਸ਼ ਕੀਤੇ ਗਏ ਇਕ ਪ੍ਰਾਈਵੇਟ ਬਿੱਲ ’ਤੇ ਹਰਿਆਣਾ ਵਿਚ ਅਲੱਗ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨ ਦੇ ਲਈ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਗਠਿਤ ਕੀਤੀ ਸੀ ਅਤੇ ਕਮੇਟੀ ਨੇ ਵੱਖਵੱਖ ਪ੍ਰਕਿਰਿਆਵਾਂ ’ਚੋਂ ਲੰਘਦੇ ਹੋਏ ਉਹ ਆਪਣੀ ਸ਼ਿਫਾਰਸਾਂ ਸਰਕਾਰ ਨੂੰ ਦਿੰਦੀ ਹੈ ਅਤੇ ਸਰਕਾਰ ਨੇ ਸਿਫਾਰਸ਼ਿਾਂ ’ਤੇ ਕਾਨੂੰਨੀ ਰਾਏ ਲੈਣ ਬਾਅਦ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਹਰਿਆਣਾ ਵਿਚ ਅਲੱਗ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗਠਿਤ ਕੀਤੀ ਜਾਵੇ, ਜਿਸਦੇ ਲਈ ਵਿਧਾਨ ਸਭਾ ਵਿਚ ਬਿੱਲ ਲਿਆ ਕੇ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੱਠਾ ਕਮੇਟੀ ਨੂੰ ਹਰਿਆਣਾ ਦੇ ਸਿੱਖਾਂ ਵੱਲੋਂ ਲਗਭਗ 3 ਲੱਖ ਸਹੁੰ ਪੱਤਰ ਪ੍ਰਾਪਤ ਹੋਏ ਸਨ, ਜਿਸ ਵਿਚ ਕਿਸੇ ਨੇ ਵੀ ਅਲੱਗ ਤੋਂ ਗੁਰਦੁਆਰਾ ਪ੍ਰਬੰਧਨ ਕਮੇਟੀ ਗਠਿਤ ਕਰਨ ਦਾ ਵਿਰੋਧ ਨਹੀਂ ਕੀਤਾ ਸੀ, ਸਾਰਿਆਂ ਨੇ ਗਠਿਤ ਕਰਨ ਦਾ ਰੁਝਾਨ ਦਿੱਤਾ ਸੀ ਅਤੇ ਇਸ ਅਨੁਰੂਪ ਸਰਕਾਰ ਨੇ ਫੈਸਲਾ ਲਿਆ ਹੈ।
ਹਰਿਆਣਾ ਦੇ ਵਿੱਤ ਮੰਤਰੀ ਸਰਦਾਰ ਹਰਮੋਹਿੰਦਰ ਸਿੰਘ ਚੱਠਾ, ਜੋ ਵੱਖਰੀ ਗੁਰੂਦੁਆਰਾ ਪ੍ਰਬੰਧਨ ਕਮੇਟੀ ਗਠਿਤ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਹਨ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਨੂੰ ਆਪਣੀ ਸਿਫਾਰਿਸ਼ ਦੇਣ ਵਿਚ ਕਾਫੀ ਸਮਾਂ ਲੱਗਾ । ਉਨ੍ਹਾਂ ਨੇ ਕਿਹਾ ਕਿ ਅਕਾਲ ਤਖਤ ਵੱਖ ਤੋਂ ਕਮੇਟੀ ਗਠਿਤ ਕਰਨ ਵਿਚਖ ਪੱਖੀ ਵਿਚ ਸੀ, ਪਰ ਪੰਜਾਬ ਤਿਆਰ ਨਹੀਂ, ਕਈ ਵਾਰ ਦਬਾਅ ਪਾਇਆ । ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਹਰਿਆਣਾ ਦੇ ਸਿੱਖਾਂ ਵੱਲੋਂ ਗੁਰੂਦੁਆਰਾਂ ਵਿਚ ਸੇਵਾ ਕਰਨ ਦਾ ਹੱਕ ਮੰਗਿਆ ਹੈ, ਜੋ ਸਾਡੀ ਸਰਕਾਰ ਨੇ ਸੌਂਪਿਆ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਹਰਿਆਣਾ ਕਈ ਖੇਤਰਾਂ ਵਿਚ ਦੇਸ਼ ਦਾ ਨੰਬਰ ਇਕ ਰਾਜ ਹੈ । ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿਚ 36 ਕਾਲਜ ਤੇ ਸਕੂਲ, ਇਕ ਮੈਡੀਕਲ ਡੇਂਟਲ ਕਾਲਜ ਚਲਾ ਰਹੇ ਹਨ, ਜਦੋਂ ਕਿ ਹਰਿਆਣਾ ਵਿਚ ਅਜਿਹਾ ਨਹੀਂ ਹੈ, ਸਿਰਫ ਕੁਰੂਕਸ਼ੇਤਰ ਦੇ ਨੇੜੇ ਮੀਰੀ-ਪੀਰੀ ਮੈਡੀਕਲ ਸੰਸਥਾਨ ਹੀ ਹੈ, ਉਹ ਵੀ ਲਟਕਿਆ ਹੋਇਆ ਹੈ ।
ਹਰਿਆਣਾ ਦੇ ਲੋਕ ਨਿਰਮਾਣ ਤੇ ਉਦਯੋਗ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿਛਲੇ 47-48 ਸਾਲਾਂ ਤੋਂ ਰਾਜ ਵਿਚ ਵੱਖ ਤੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਕਿਸੇ ਰਾਜਨੀਤਿਕ ਲਾਭ ਜਾਂ ਪੈਸੇ ਲਈ ਨਹੀਂ, ਸਗੋਂ ਰਾਜ ਦੇ ਸਿੱਖਾਂ ਨੂੰ ਗੁਰੂ ਘਰਾਂ ਵਿਚ ਸੇਵਾ ਕਰਨ ਦਾ ਅਧਿਕਾਰ ਦਿਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ । ਜੋ ਹੁਣ ਸਹੀ ਅਰਥਾਂ ਵਿਚ ਸਾਕਾਰ ਹੋਇਆ ਹੈ, ਅੱਜ ਦਾ ਦਿਨ ਨਾ ਸਿਰਫ ਹਰਿਆਣਾ, ਸਗੋਂ ਦੇਸ਼ ਦੇ ਇਤਿਹਾਸ ਵਿਚ ਸੁਨਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸਾਲ 2005 ਵਿਚ ਵਿਧਾਨ ਸਭਾ ਚੋਣ ਦੌਰਾਨ ਕਾਂਗਰਸ ਪਾਰਟੀ ਨੇ ਆਪਣੇ ਐਲਾਨ ਪੱਤਰ ਵਿਚ ਵੱਖ ਤੋਂ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ ਅਤੇ ਅੱਜ ਉਹ ਪੂਰਾ ਹੋ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਰਾਜ ਦੇ ਸਿੱਖਾਂ ਨੇ ਨਾਲ ਵਿਸ਼ਵਾਸਘਾਤ ਕੀਤਾ ਹੈ ।
ਉਨ੍ਹਾਂ ਕਿਹਾ ਕਿ ਹਰਿਆਣਾਂ ਪੰਜਾਬ ਤੋਂ ਆਪਣੇ ਹੱਕ ਦਾ ਪਾਣੀ ਲੈ ਕੇ ਰਹੇਗਾ । ਪਾਣੀ ਦੀ ਵੰਡ ਲਈ 300 ਕਰੋੜ ਰੁਪਏ ਦੀ ਲਾਗਤ ਨਾਲ ਬੀਐਮਐਲ ਹਾਂਸੀ ਬੁਟਾਨਾ ਨਹਿਰ ਦਾ ਨਿਰਮਾਣ ਕਰਵਾਇਆ ਗਿਆ, ਤਾਂ ਜੋ ਅਹੀਰਵਾਲ ਦੇ ਖੇਤਰ ਵਿਚ ਵੀ ਭਾਖੜਾ ਦਾ ਪਾਣੀ ਪੁੱਜੇ, ਪਰ ਕੁਝ ਨੇਤਾਵਾਂ ਦੇ ਕਾਰਣ ਮਾਮਲਾ ਸੁਪਰੀਮ ਕੋਰਟ ਵਿਚ ਚਲਾ ਗਿਆ ਅਤੇ ਉਮੀਦ ਹੈ ਕਿ ਸੁਪਰੀਮ ਕੋਰਟ ਵਿਚ ਆਪਣਾ ਕੇਸ ਜਿੱਤਾਂਗੇ । ਉਨ੍ਹਾਂ ਕਿਹਾ ਕਿ ਜੇਕਰ ਲੋਕਦਲ ਦੇ ਉਸ ਵੇਲੇ ਦੇ ਨੇਤਾ ਰਾਜੀਵ-ਲੋਂਗੇਵਾਲ ਸਮਝੌਤੇ ਦਾ ਵਿਰੋਧ ਨਾ ਕਰਦੇ ਤਾਂ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਮਿਲ ਗਿਆ ਹੁੰਦਾ । ਸ੍ਰੀ ਸੁਰਜੇਵਾਲਾ ਨੇ ਯਾਦ ਕਰਵਾਇਆ ਕਿ ਮਾਰਚ, 2007 ਵਿਚ ਵਿਧਾਇਕ ਨਿਰਮਲ ਸਿੰਘ ਵੱਲੋਂ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਗਠਿਤ ਕਰਨ ਲਈ ਹਰਿਆਣਾ ਵਿਧਾਨ ਸਭਾ ਵਿਚ ਰੱਖੇ ਗਏ ਪ੍ਰਸਤਾਵ ਦਾ ਵਿਰੋਧ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਨੇ ਕੀਤਾ ਸੀ ਅਤੇ ਉਹ ਸਦਨ ਦਾ ਬਾਇਕਾਟ ਕਰਕੇ ਚਲੇ ਗਏ ਸਨ । ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਕੌਣ ਤੁਹਾਡਾ ਦੁਸ਼ਮਣ ਹੈ ਅਤੇ ਕੌਣ ਤੁਹਾਡਾ ਦੋਸਤ । ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਵਿਚ ਨਵਾਂ ਅਧਿਆੲੈ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ, ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ ਸਿੱਖਾਂ ਦੇ ਖਿਲਾਫ ਰਹੀ ਹੈ ਅਤੇ ਹਮੇਸ਼ਾ ਹਰਿਆਣਾ ਦੇ ਸਿੱਖਾਂ ਦੇ ਵਿਰੁੱਧ ਸਾਜ਼ਿਸ਼ ਰਚੀ ਹੈ ।
ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਹੀ ਅਰਥਾਂ ਵਿਚ ਹਰਿਆਣਾ ਦੇ ਸਿੱਖਾਂ ਨੂੰ ਅੱਜ ਆਜਾਦੀ ਮਿਲੀ ਹੈ ਅਤੇ ਅੱਜ ਦਾ ਦਿਨ ਇਕ ਇਤਿਹਾਸਕ ਦਿਨ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਤਕ ਹਰਿਆਣਾ ਦੇ ਸਿੱਖਾਂ ਦੇ ਨਾਲ ਭੇਦਭਾਅ ਹੋ ਰਿਹਾ ਸੀ । ਉਨ੍ਹਾਂ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ । ਹਰਿਆਣਾ ਵਿਚ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਹਾਜਿਰ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਨੌਵੀਂ ਪਾਤਸ਼ਾਹੀ ਗੁਰੂਤੇਗ ਬਹਾਦੁਰ ਦੇ ਨਾਂਅ ’ਤੇ ਸੜਕ ਦਾ ਨਾਂਅ ਰੱਖਣ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ, ਜਿੰਨ੍ਹਾਂ ਨੇ ਕੌਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ, ਦੀ ਯਾਦ ਵਿਚ ਇਕ ਸਮਾਰਗ ਬਣਾਉਣ ਦੀ ਮੰਗ ਵੀ ਕੀਤੀ ।
ਸਮਾਰੋਹ ਨੂੰ ਸਾਬਕਾ ਸਾਂਸਦ ਨਵੀਨ ਜਿੰਦਲ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ.ਅਸ਼ੋਕ ਤੰਵਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਹਰਿਆਣਾ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਵਲੀ, ਦਿਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸੰਤ ਬਲਵੰਤ ਸਿੰਘ ਦਾਦੂਵਾਲਾ ਨੇ ਵੀ ਸੰਬੋਧਿਤ ਕੀਤਾ । ਇਸ ਮੌਕੇ ’ਤੇ ਮੁੱਖ ਮੰਤਰੀ ਨੂੰ ਹਰਿਆਣਾ ਗੁਰੂਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਸ੍ਰੀ ਹਰਮਿੰਦਰ ਸਾਹਿਬ ਦਾ ਯਾਦਗਾਰੀ ਚਿੰਨ੍ਹਾਂ ਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ।