ਇਰਾਕ ਤੋਂ 200 ਭਾਰਤੀ ਵਤਨ ਪਰਤੇ
Posted on:- 07-07-2014
ਭਾਰਤੀ ਨਰਸਾਂ ਦੇ ਸੁੱਖੀ ਸਾਂਦੀ ਵਾਪਸ ਆਉਣ ਦੇ ਇੱਕ ਦਿਨ ਬਾਅਦ 200 ਹੋਰ ਭਾਰਤੀ ਨਾਗਰਿਕ ਦੇਸ਼ ਪਰਤੇ। ਇਨ੍ਹਾਂ ਨੂੰ ਇਰਾਕ ਦੇ ਚਾਰਟਿਡ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ। ਇਹ ਲੋਕ ਖੁਸ਼ ਨਜ਼ਰ ਆ ਰਹੇ ਸਨ। ਐਤਵਾਰ ਸਵੇਰੇ ਇਹ ਸਾਰੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੇ। ਦੱਸਿਆ ਜਾਂਦਾ ਹੈ ਕਿ 2200 ਭਾਰਤੀਆਂ ਦੀ ਵਾਪਸੀ ਜਲਦ ਹੋ ਸਕਦੀ ਹੈ। ਭਾਰਤ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਐਸ ਅਕਬਰੂਦੀਨ ਨੇ ਕਿਹਾ ਕਿ ਜੋ ਭਾਰਤੀ ਨਾਗਰਿਕ ਇਰਾਕ ਤੋਂ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਇਰਾਕ ਤੋਂ ਵਾਪਸ ਆਉਣ ਵਾਲੇ ਭਾਰਤੀ ਨਾਗਰਿਕਾਂ ਨੇ ਦੱਸਿਆ ਕਿ ਉੱਥੇ ਹਾਲਾਤ ਕਾਫ਼ੀ ਖ਼ਰਾਬ ਹਨ। ਅਜਿਹੇ ਹਾਲਾਤ ਵਿੱਚ ਉਥੇ ਰਹਿਣਾ ਕਾਫ਼ੀ ਮੁਸ਼ਕਲ ਹੈ, ਹੁਣ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਕੁਝ ਸ਼ਾਂਤੀ ਹੈ, ਪਰ ਇਸ ਤੋਂ ਬਾਅਦ ਹਿੰਸਾ ਭੜਕਣ ਦਾ ਸ਼ੱਕ ਕੀਤਾ ਜਾ ਰਿਹਾ ਹੈ।
ਦੱਖਣੀ ਇਰਾਕ ਦੇ ਗੈਰ ਸੰਘਰਸ਼ ਵਾਲੇ ਖੇਤਰ ਵਿੱਚ 2200 ਭਾਰਤੀਆਂ ਨੇ ਵਤਨ ਵਾਪਸ ਆਉਣ ਦੀ ਇੱਛਾ ਦੱਸੀ ਹੈ ਅਤੇ ਅਗਲੇ 36 ਤੋਂ 48 ਘੰਟਿਆਂ ਵਿੱਚ ਉਹ ਭਾਰਤ ਆ ਸਕਦੇ ਹਨ। ਸ੍ਰੀ ਅਕਬਰੂਦੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਰਾਕ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। 66 ਵਿਅਕਤੀਆਂ ਦੀਆਂ ਚਾਰ ਟੀਮਾਂ ਬਗਦਾਦ ਤੋਂ ਬਿਨਾਂ ਨਜਫ਼, ਕਰਬਰਾ ਅਤੇ ਬਸਰਾ ਵਿੱਚ ਤਾਇਨਾਤ ਹਨ। ਇਨ੍ਹਾਂ ਟੀਮਾਂ ਨੇ ਉਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ, ਜੋ ਘਰ ਵਾਪਸ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਇਹ ਸਲਾਹ ਹੈ ਕਿ ਉਹ ਇਰਾਕ ਛੱਡ ਦੇਣ, ਪਰ ਕੁਝ ਸਮੱਸਿਆਵਾਂ ਕਾਰਨ ਜਿਸ ਤਰ੍ਹਾਂ ਟਿਕਟ ਨਾ ਮਿਲਣ ਕਾਰਨ ਉਹ ਉਥੇ ਰੁਕੇ ਹੋਏ ਹਨ।