ਮੋਦੀ ਸਰਕਾਰ ਦਾ ਪਹਿਲਾ ਬਜਟ ਇਜਲਾਸ ਭਲਕ ਤੋਂ
Posted on:- 06-07-2014
ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਨੇ ਕਾਬੂ ਵਿੱਚ ਨਾ ਆ ਰਹੀ ਮਹਿੰਗਾਈ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਨ ਲਈ ਚਰਚਾ ਦੀ ਮੰਗ ਕੀਤੀ ਹੈ, ਜਿਸ ਨੂੰ ਸੱਤਾਧਾਰੀ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਵੱਡਾ ਚੋਣ ਮੁੱਦਾ ਬਣਾਇਆ ਸੀ।
ਇਜਲਾਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਵੱਲੋਂ ਸੱਦੇ ਜਾਣ ਵਾਲੀ ਪਰੰਪਰਾਗਤ ਸਰਬ ਪਾਰਟੀ ਮੀਟਿੰਗ ਵਿੱਚ ਸਭ ਤੋਂ ਵੱਡੇ ਵਿਰੋਧੀ ਦਲ ਕਾਂਗਰਸ ਦੇ ਆਗੂ ਨੂੰ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਦੇਣ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਲੋਕ ਸਭਾ ਸਪੀਕਰ ਸਮਿੱਤਰਾ ਮਹਾਜਨ ਨੇ ਇਸ ਬਾਰੇ ਸਵਾਲਾਂ ਦੇ ਜਵਾਬ ਤੋਂ ਟਲਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਸਦਨ ਦੇ ਕੰਮਕਾਜ ਬਾਰੇ ਵਿਚਾਰਵਟਾਂਦਰੇ ਲਈ ਸੀ।
ਲੋਕ ਸਭਾ ਸਪੀਕਰ ਦੁਆਰਾ ਸੰਸਦੀ ਭਵਨ ’ਚ ਸੱਦੀ ਗਈ ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ, ਪਰ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮੀਟਿੰਗ ਤੋਂ ਬਾਅਦ ਸਮਿੱਤਰਾ ਮਹਾਜਨ ਨੇ ਪੱਤਰਕਾਰਾਂ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨੂੰ ਟਾਲਦਿਆਂ ਕਿਹਾ ਕਿ ਇਹ ਮੀਟਿੰਗ ਸਦਨ ਦੇ ਕੰਮਕਾਰ ਤੇ ਚਰਚਾ ਲਈ ਬੁਲਾਈ ਗਈ ਸੀ। ਲੋਕ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਬਾਰੇ ਵੀ ਉਨ੍ਹਾਂ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ 543 ਮੈਂਬਰੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਹਾਸਲ ਕਰਨ ਲਈ ਕਿਸੇ ਵਿਰੋਧੀ ਪਾਰਟੀ ਕੋਲ ਘੱਟੋ ਘੱਟ 55 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਅਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਉਭਰੀ ਕਾਂਗਰਸ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਿਰਫ਼ 44 ਸੀਟਾਂ ਹੀ ਜਿੱਤ ਸਕੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ ਵੈਂਕਈਆ ਨਾਇਡੁੂ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਮਹਿੰਗਾਈ, ਰੇਲ ਕਿਰਾਏ ’ਚ ਵਾਧਾ, ਤਾਮਿਲ ਮਛੇਰਿਆਂ ਦੀ ਸਮੱਸਿਆ ਅਤੇ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਇਰਾਕ ’ਚ ਭਾਰਤੀਆਂ ਦੇ ਫਸੇ ਹੋਣ ਦੇ ਮੁੱਦਿਆਂ ਨੂੰ ਚੁੱਕਣ ਦੀ ਮੰਗ ਕੀਤੀ ਹੈ।
ਲੋਕ ਸਭਾ ਸਪੀਕਰ ਨੇ ਕਿਹਾ ਕਿ ਸਿਆਸੀ ਪਾਰਟੀਆਂ ਜਿਹੜੇ ਵਿਸ਼ਿਆਂ ’ਤੇ ਚਰਚਾ ਕਰਵਾਉਣੀ ਚਾਹੁੰਦੀਆਂ ਹਨ, ਤਾਲਮੇਲ ਕਮੇਟੀ ਦੀ ਮੀਟਿੰਗ ’ਚ ਉਨ੍ਹਾਂ ’ਤੇ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਰੇਲ ਬਜਟ ਅਤੇ ਆਮ ਬਜਟ ’ਤੇ ਹੋਣ ਵਾਲੀ ਚਰਚਾ ਤੋਂ ਵੱਖਰੇ ਤੌਰ ’ਤੇ ਵੀ ਹੋਰਨਾਂ ਵਿਸ਼ਿਆਂ ’ਤੇ ਚਰਚਾ ਕਰਵਾਈ ਜਾ ਸਕਦੀ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਸਰਕਾਰ ਇਜਲਾਸ ਦੌਰਾਨ ਕੌਮੀ ਮਹੱਤਵ ਵਾਲੇ ਕਿਸੇ ਵੀ ਮੁੱਦੇ ’ਤੇ ਚਰਚਾ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸੰਸਦ ਦੇ ਦੋਵੇਂ ਸਦਨਾਂ ਵਿੱਚ ਇਰਾਕ ਦੇ ਭਾਰਤੀਆਂ ਦੀ ਸਥਿਤੀ ’ਤੇ ਬਿਆਨ ਦਿੱਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ 7 ਜੁਲਾਈ ਤੋਂ ਸ਼ੁਰੂ ਹੋ ਰਿਹਾ ਮੋਦੀ ਸਰਕਾਰ ਦਾ ਪਹਿਲਾ ਬਜਟ ਇਜਲਾਸ 14 ਅਗਸਤ ਤੱਕ ਚਲੇਗਾ। ਇਸ ਦੀਆਂ ਕੁੱਲ 28 ਬੈਠਕਾਂ ਹੋਣਗੀਆਂ ਅਤੇ ਕਰੀਬ 168 ਘੰਟੇ ਕੰਮਕਾਰ ਚੱਲੇਗਾ। ਲੋਕ ਸਭਾ ਸਪੀਕਰ ਨੇ ਦੱਸਿਆ ਕਿ ਭਾਵੇਂ ਵੱਖ ਵੱਖ ਮੰਤਰਾਲਿਆਂ ਦੀ ਸੰਸਦੀ ਸਥਾਈ ਕਮੇਟੀਆਂ ਦਾ ਗਠਨ ਹਾਲੇ ਬਾਕੀ ਹੈ। ਇਸ ਲਈ ਕਮੇਟੀਆਂ ਵਿੱਚ ਚਰਚਾ ਦੀ ਬਜਾਏ ਵੱਖ ਵੱਖ ਮੰਤਰਾਲਿਆਂ ਦੀਆਂ ਅਨੁਦਾਨ ਮੰਗਾਂ ਨੂੰ ਸੰਸਦ ਵਿੱਚ ਹੀ ਚਰਚਾ ਕਰਵਾ ਕੇ 31 ਜੁਲਾਈ ਤੱਕ ਪਾਸ ਕਰਵਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਸਦਨ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਸਾਰੇ ਵਿਸ਼ਿਆਂ ’ਤੇ ਚਰਚਾ ਰਾਹੀਂ ਸਦਨ ਨੂੰ ਚਲਾਉਣ ਦੇ ਪੱਖ਼ ਵਿੱਚ ਹੈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਮਲਿਕ ਅਰਜਨ ਖੜਗੇ, ਕਾਂਗਰਸ ਦੇ ਹੀ ਜਯੋਤੀਰਾਦਿੱਤਿਆ ਸਿੰਧੀਆ, ਤਿ੍ਰਣਾਮੂਲ ਕਾਂਗਰਸ ਦੇ ਕਲਿਆਣ ਬੈਨਰਜੀ, ਬੀਜੂ ਜਨਤਾ ਦਲ ਦੇ ਭਤੂਹਰੀ ਮਹਿਤਾਬ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪੀ ਕਰੁਣਾਕਰਨ ਅਤੇ ਸਪਾ ਦੇ ਧਰਮੇਂਦਰ ਯਾਦਵ ਆਦਿ ਮੌਜੂਦ ਸਨ। ਸਰਕਾਰ ਵੱਲੋਂ ਸ੍ਰੀ ਨਾਇਡੂ ਤੋਂ ਇਲਾਵਾ ਸੰਸਦੀ ਰਾਜ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਸੰਤੋਸ਼ ਗੰਗਵਾਰ ਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਮੌਜੂਦ ਸਨ।