ਇਰਾਕ : ਭਾਰਤੀ ਨਰਸਾਂ ਨੂੰ ਜੇਹਾਦੀਆਂ ਨੇ ਬਣਾਇਆ ਬੰਦੀ
Posted on:- 04-07-2014
ਇਰਾਕ ਦੇ ਟਿਕਰਿਤ ’ਚ ਫਸੀਆਂ 46 ਭਾਰਤੀ ਨਰਸਾਂ ਨੂੰ ਆਈਐਸਆਈਐਸ ਦੇ ਜੇਹਾਦੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਖ਼ਬਰਾਂ ਮੁਤਾਬਕ ਇਹ ਜੇਹਾਦੀ ਉਨ੍ਹਾਂ ਨੂੰ ਇੱਕ ਬੱਸ ਵਿੱਚ ਬਿਠਾ ਕੇ ਟਿਕਰਿਤ ਦੇ ਹਸਪਤਾਲ ਤੋਂ ਆਪਣੇ ਨਾਲ ਲੈ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜੇਹਾਦੀ ਇਨ੍ਹਾਂ ਨਰਸਾਂ ਨੂੰ ਮੌਸੂਲ ਲੈ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨਰਸਾਂ ਵਿੱਚ ਕੁਝ ਜ਼ਖ਼ਮੀ ਵੀ ਹੋਈਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਇਸ ਮੁੱਦੇ ’ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਹ ਮੰਨਿਆ ਹੈ ਕਿ ਕੁਝ ਨਰਸਾਂ ਦੇ ਟਿਕਾਣੇ ਨੂੰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਜਿਹੜੀਆਂ ਨਰਸਾਂ ਦੀ ਜਗ੍ਹਾ ਬਦਲੀ ਗਈ ਹੈ, ਉਸ ਦੇ ਲਈ ਉਹ ਤਿਆਰ ਨਹੀਂ ਸਨ।
ਉਨ੍ਹਾਂ ਕਿਹਾ ਕਿ ਸਾਰੀਆਂ ਨਰਸਾਂ ਸੁਰੱਖਿਅਤ ਹਨ ਅਤੇ ਭਾਰਤੀ ਦੂਤਾਵਾਸ ਨਰਸਾਂ ਦੇ ਸੰਪਰਕ
ਵਿੱਚ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ
ਕਰ ਦਿੱਤਾ ਕਿ ਨਰਸਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ। ਬੁਲਾਰੇ ਨੇ ਇਹ ਜ਼ਰੂਰ ਕਿਹਾ
ਕਿ ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਹੀ ਨਰਸਾਂ ਦੀ ਜਗ੍ਹਾ ਨੂੰ ਬਦਲਿਆ ਗਿਆ
ਹੈ। ਉਨ੍ਹਾਂ ਨੇ ਉਥੇ ਹੋਏ ਧਮਾਕਿਆਂ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ
ਜਿੱਥੇ ਨਰਸਾਂ ਠਹਿਰੀਆਂ ਹੋਈਆਂ ਹਨ, ਉਥੇ ਕੋਈ ਗਿਲਾਸ ਟੁੱਟਿਆ ਸੀ, ਜਿਸ ਦੀ ਵਜ੍ਹਾ ਨਾਲ
ਕੁਝ ਨਰਸਾਂ ਨੂੰ ਸੱਟ ਲੱਗੀ ਹੈ।
ਉੱਧਰ ਕੇਰਲ ਦੇ ਮੁੱਖ ਮੰਤਰੀ ਓਮਾਨ ਚਾਂਡੀ ਨੇ
ਦਾਅਵਾ ਕੀਤਾ ਹੈ ਕਿ ਜੇਹਾਦੀ ਸਾਰੀਆਂ 46 ਨਰਸਾਂ ਨੂੰ ਨਾਲ ਲੈ ਗਏ ਹਨ। ਇਸ ਨੂੰ ਲੈ ਕੇ
ਅੱਜ ਸ੍ਰੀ ਚਾਂਡੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸਣਾ
ਬਣਦਾ ਹੈ ਕਿ ਇਰਾਕ ਵਿੱਚ ਜੇਹਾਦੀਆਂ ਅਤੇ ਸਰਕਾਰੀ ਫੌਜ ਦੇ ਵਿਚਾਲੇ ਚੱਲ ਰਹੀ ਲੜਾਈ ਦੇ
ਦਰਮਿਆਨ ਕਈ ਭਾਰਤੀ ਨਰਸਾਂ ਸਮੇਤ ਕਈ ਹੋਰ ਭਾਰਤੀ ਨਾਗਰਿਕ ਉਥੇ ਫਸੇ ਹੋਏ ਹਨ।
ਦੱਸਿਆ
ਗਿਆ ਹੈ ਕਿ ਇਨ੍ਹਾਂ ਨਰਸਾਂ ਨੂੰ ਜਬਰਦਸਤੀ ਬੱਸਾਂ ਵਿੱਚ ਬਿਠਾ ਕੇ ਕਿਤੇ ਹੋਰ ਲਿਜਾਇਆ
ਗਿਆ ਹੈ। ਇਸ ਸਮੇਂ ਇਹ ਨਰਸਾਂ ਕਿੱਥੇ ਹਨ, ਭਾਰਤ ਨੂੰ ਇਸ ਬਾਰੇ ਨਹੀਂ ਪਤਾ, ਪਰ ਇਨ੍ਹਾਂ
ਵਿੱਚੋਂ ਕੁਝ ਦੇ ਜ਼ਖ਼ਮੀ ਹੋਣ ਦੀਆਂ ਵੀ ਖਬਰਾਂ ਮਿਲ ਰਹੀਆਂ ਹਨ। ਖ਼ਬਰਾਂ ਅਨੁਸਾਰ ਟਿਕਰਿਤ
ਵਿੱਚ ਨਰਸਾਂ ਨੂੰ ਹਸਪਤਾਲ ਤੋਂ ਬਾਹਰ ਕੱਢਣ ਸਮੇਂ ਸ਼ੀਸ਼ਾ ਟੁੱਟਿਆ, ਜਿਸ ਨਾਲ ਕਈ ਨਰਸਾਂ
ਜ਼ਖ਼ਮੀ ਹੋ ਗਈਆਂ। ਪਹਿਲਾਂ ਇਹ ਵੀ ਕਿਹਾ ਗਿਆ ਕਿ ਨਰਸਾਂ ਨੂੰ ਲਿਜਾਉਣ ਵਾਲੀ ਬੱਸ ਦੇ ਬਾਹਰ
ਧਮਾਕਾ ਹੋਇਆ, ਪਰ ਭਾਰਤੀ ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ
ਧਮਾਕੇ ਦੀ ਖ਼ਬਰ ਨਹੀਂ ਹੈ ਅਤੇ ਸਰਕਾਰ ਲਗਾਤਾਰ ਨਰਸਾਂ ਦੇ ਸੰਪਰਕ ਵਿੱਚ ਹੈ। ਵਿਦੇਸ਼
ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਬਾਰੇ ਸਰਕਾਰ ਵੱਲੋਂ ਚੁੱਕੇ ਗਏ
ਕਦਮਾਂ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਸਈਦ ਅਕਬਰੂਦੀਨ ਨੇ ਮੰਨਿਆ ਹੈ ਕਿ ਨਰਸਾਂ ਨੂੰ
ਜੇਹਾਦੀ ਲੈ ਗਏ ਹਨ, ਨਾਲ ਹੀ ਇਹ ਵੀ ਕਿਹਾ ਹੈ ਕਿ ਸਾਰੀਆਂ ਨਰਸਾਂ ਸੁਰੱਖਿਅਤ ਹਨ।
ਹਾਲੇ
ਤੱਕ ਭਾਰਤ ਸਰਕਾਰ ਕਈ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਵਿੱਚ ਕਾਮਯਾਬ ਰਹੀ ਹੈ। ਇਸ
ਮਾਮਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼
ਲਾਇਆ ਕਿ ਕੇਂਦਰ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮਾਮਲੇ ਵਿੱਚ
ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਤੋਂ ਪਹਿਲਾਂ ਮਿਲੀ ਜਾਣਕਾਰੀ ਅਨੁਸਾਰ ਇਰਾਕ ਵਿੱਚ
ਜੇਹਾਦੀਆਂ ਅਤੇ ਸਰਕਾਰੀ ਫੌਜ ਵਿਚਾਲੇ ਲੜਾਈ ਜਾਰੀ ਹੈ। ਇਰਾਕੀ ਸੁਰੱਖਿਆ ਬਲ ਵੀਰਵਾਰ ਨੂੰ
ਸੰੁਨੀ ਜੇਹਾਦੀਆਂ ਨਾਲ ਜੁੜੇ ਫੌਜ ਗਤੀਰੋਧ ਨੂੰ ਖ਼ਤਮ ਕਰਨ ਵਿੱਚ ਸੰਘਰਸ਼ ਕਰਦੇ ਦਿਖ਼ੇ।
ਇਸੇ ਦਰਮਿਆਨ ਉਚ ਅਮਰੀਕੀ ਅਧਿਕਾਰੀਆਂ ਨੇ ਹਿੰਸਾਗ੍ਰਸਤ ਦੇਸ਼ ਵਿੱਚ ਰਾਜਨੀਤਕ ਅਰਾਜਕਤਾ
ਨੂੰ ਖ਼ਤਮ ਕਰਨ ਲਈ ਮਹੱਤਵਪੂਰਨ ਆਗੂਆਂ ਨਾਲ ਗੱਲਬਾਤ ਕੀਤੀ ਹੈ।
ਪ੍ਰਧਾਨ ਮੰਤਰੀ ਨੂਰੀ
ਅਲ ਮਲਿਕੀ ਨੇ ਨਵਗਠਿਤ ਸੰਸਦ ਦੇ ਪਹਿਲੇ ਬੇਨਤੀਜਾ ਰਹੇ ਇਜਲਾਸ ਤੋਂ ਬਾਅਦ ਜੇਹਾਦੀਆਂ ਲਈ
ਮਦਦ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਇਰਾਕ ਦੇ ਕੁਝ ਖੇਤਰਾਂ ’ਤੇ ਕਬਜ਼ਾ ਕਰਨ ਵਾਲੇ
ਕੱਟੜਪੰਥੀਆਂ ਨੂੰ ਮੁਆਫ਼ੀ ਦੇਣ ਦੀ ਪੇਸ਼ਕਸ਼ ਕੀਤੀ। ਉਧਰ ਨਵੀਂ ਸੰਸਦ ਦਾ ਪਹਿਲਾ ਇਜਲਾਸ
ਬਿਨਾਂ ਠੋਸ ਕੁਝ ਕੀਤੇ ਸਮਾਪਤ ਹੋ ਗਿਆ।