Thu, 21 November 2024
Your Visitor Number :-   7253014
SuhisaverSuhisaver Suhisaver

ਪੰਜਾਬ ਦੇ ਅਮਲੀਆਂ ਦੀ ਪਹਿਚਾਣ ਕਰਨ ਵਾਲੇ ਸਰਕਾਰੀ ਹੁਕਮਾਂ ਦੀ ਪਟਵਾਰੀਆਂ ਨੇ ਕੱਢੀ ਫੂਕ

Posted on:- 03-07-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ:ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਆਪਣੇ ਪੱਧਰ ਤੇ ਹਰ ਹੀਲਾ ਅਪਣਾ ਰਹੀ ਹੈ । ਪੰਜਾਬ ਸਰਕਾਰ ਵਲੋਂ ਜਿਥੇ ਨਸ਼ਿਆਂ ਦੀ ਰੋਕ ਥਾਮ ਨੂੰ ਲੈ ਕੇ ਪੰਜਾਬ ਪੁਲੀਸ ਨੂੰ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ ਉਥੇ ਹੁਣ ਸਰਕਾਰ ਵਲੋਂ ਨਸ਼ੇ ਦੇ ਪੱਕੇ ਖਾਸ ਕਰ ਡੋਡੇ ਪੀਣ ਵਾਲੇ ਅਮਲੀਆਂ ਦੀ ਪਹਿਚਾਣ ਕਰਨ ਲਈ ਪਿੰਡਾਂ ਦੇ ਪਟਵਾਰੀਆਂ ਨੂੰ ਝੋਕਿਆ ਗਿਆ ਹੈ। ਪਟਵਾਰੀ ਨਸ਼ੱਈਆਂ ਨੂੰ ਲੱਭ ਰਹੇ ਹਨ ਪ੍ਰੰਤੂ ਉਹਨਾਂ ਨੂੰ ਨਸ਼ੱਈ ਲੱਭਣੇ ਔਖੋ ਹੋਏ ਪਏ ਹਨ। ਸਰਕਾਰੀ ਹਸਪਤਾਲਾਂ ਵਿੱਚ ਨਸ਼ੱਈਆਂ ਲਈ ਦਵਾਈਆਂ ਨਹੀਂ ਮਿਲ ਰਹੀਆਂ , ਸਰਕਾਰ ਵਲੋਂ ਖੋਲ੍ਹੋ ਨਸ਼ਾ ਛਡਾਉ ਕੇਂਦਰ ਭਾਂਅ ਭਾਂਅ ਕਰ ਰਹੇ ਹਨ ਅਤੇ ਉਪਰੋਂ ਦੁਆਈਆਂ ਦੀਆਂ ਵਧੀਆਂ ਕੀਮਤਾਂ ਕਾਰਨ ਨਸ਼ੱਈ ਹੋਰ ਵੀ ਔਖੇ ਹੋ ਗਏ ਹਨ।

ਸਰਕਾਰ ਆਪਣੀ ਲੋਕਾਂ ਵਿੱਚ ਗੁਆਚੀ ਸ਼ਾਖ ਨੂੰ ਮਜ਼ਬੂਤ ਕਰਨ ਲਈ ਹੁਣ ਪਿੰਡਾਂ ਦੇ ਪਟਵਾਰੀਆਂ ਨੂੰ ਨਸ਼ੱਈਆਂ ਦੀ ਪਹਿਚਾਣ ਕਰਨ ਭੇਜ ਰਹੀ ਹੈ ਜਿਸਦਾ ਵਿਰੋਧ ਕਰਦਿਆਂ ਸੂਬੇ ਦੇ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਉਕਤ ਨਾਦਰਸ਼ਾਹੀ ਫੁਰਮਾਨ ਦੀ ਫੂਕ ਕੱਢਕੇ ਰੱਖ ਦਿੱਤੀ ਹੈ। ਇਸ ਸਬੰਧ ਵਿੱਚ ਅੱਜ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਨੇ ਹੰਗਾਮੀ ਮੀਟਿੰਗ ਕਰਕੇ ਸਰਕਾਰ ਦੇ ਇਸ ਅਜੀਬ ਹੁਕਮਾਂ ਨੂੰ ਮੰਨਣ ਤੋਂ ਸਰਕਾਰ ਨੂੰ ਕੋਰਾ ਜ਼ਵਾਬ ਦੇ ਦਿੱਤਾ ਹੈ।

ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਝਾਵਰ, ਜਸਵਿੰਦਰ ਸਿੰਘ ਢਿੱਲੋਂ ਨੇ ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਨਸ਼ਿਆਂ ਦੇ ਰੁਝਾਨ ਨੂੰ ਪਾਈ ਜਾ ਰਹੀ ਨੱਥ ਦੀ ਕਾਰਵਾਈ ਸ਼ਲਾਘਾਯੋਗ ਹੈ ਪਰੰਤੂ ਕਿਸੇ ਵੀ ਵਿਅਕਤੀ ਦੀ ਜਨਤਕ ਤੌਰ ਤੇ ਅਮਲੀ ਵਜੋਂ ਪਹਿਚਾਣ ਕਰਨਾ ਸਰਾਸਰ ਗਲਤ ਹੈ ਅਤੇ ਕਾਨੂੰਨ ਵੀ ਇਸ ਦੀ ਆਗਿਆ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਅਮਲੀ ਵਜੋਂ ਪਹਿਚਾਣ ਕਰਨ ਨਾਲ ਉਸ ਦੀ ਸਮਾਜਿਕ ਪਹਿਚਾਣ ਵੀ ਖਰਾਬ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਸਪਤਾਲਾਂ ਵਿਚ ਖੋਹਲੇ ਗਏ ਨਸ਼ਾ ਛੁਡਾਉ ਕੇਂਦਰਾਂ ਵਿਚ ਵੀ ਕਈ ਵਿਅਕਤੀ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦੇ ਸਮੇਂ ਆਪਣਾ ਨਾਮ ਅਤੇ ਪਤਾ ਗੁਪਤ ਰੱਖ ਰਹੇ ਹਨ ਅਜਿਹੇ ਹਾਲਤਾਂ ਵਿਚ ਜਨਤਕ ਤੌਰ ਤੇ ਅਮਲੀ ਦੀ ਪਹਿਚਾਣ ਨਾਲ ਉਹ ਪਟਵਾਰੀਆਂ ਨੂੰ ਅਦਾਲਤ ਦਾ ਰਸਤਾ ਦਿਖਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚ ਹਸਪਤਾਲਾਂ ਰਾਂਹੀ ਅਤੇ ਡਰੱਗ ਟੈਸਟਾਂ ਰਾਂਹੀ ਵਿਅਕਤੀ ਦੇ ਨਸ਼ੇੜੀ ਹੋਣ ਦੀ ਪਹਿਚਾਣ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅੱਜ ਚਾੜ੍ਹੇ ਇਨ੍ਹਾ ਅਜੀਬ ਹੁਕਮਾਂ ਨੂੰ ਪਟਵਾਰੀ ਕਿਸੇ ਵੀ ਹਾਲਤ ਵਿਚ ਨਹੀਂ ਮੰਨਣਗੇ ਅਤੇ ਸਰਕਾਰ ਵਲੋਂ ਦਿੱਤੇ ਇਨ੍ਹਾਂ ਨਾਦਰਸ਼ਾਹੀ ਹੁਕਮਾਂ ਨੂੰ ਕਦੇ ਵੀ ਨਹੀਂ ਮੰਨਣਗੇ।
 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ