ਵਿਵਾਦਤ ਬਿਆਨ ’ਤੇ ਘਿਰੇ ਤਾਪਸ ਪਾਲ ਨੇ ਮੰਗੀ ਮੁਆਫ਼ੀ
Posted on:- 02-07-2014
ਤਿ੍ਰਣਾਮੂਲ ਕਾਂਗਰਸ ਪਾਰਟੀ ਦੇ ਸਾਂਸਦ ਤਾਪਸ ਪਾਲ ਨੇ ਬਲਾਤਕਾਰ ਸਬੰਧੀ ਦਿੱਤੇ ਆਪਣੇ ਵਿਵਾਦਤ ਬਿਆਨ ਦੇ ਇੱਕ ਦਿਨ ਬਾਅਦ ਹੀ ਮੁਆਫ਼ੀ ਮੰਗ ਲਈ ਹੈ। ਆਪਣੇ ਪਾਰਟੀ ਹੈਡਕੁਆਰਟਰ ਨੂੰ ਭੇਜੇ ਪੱਤਰ ਵਿੱਚ ਤਾਪਸ ਪਾਲ ਨੇ ਬਿਨਾਂ ਸ਼ਰਤ ਦੇ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦਾ ਹੁਕਮ ਦਿੱਤਾ ਗਿਆ ਸੀ।
ਪਾਰਟੀ ਦੇ ਆਗੂ ਮੁਕਲ ਰਾਏ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਬਿਆਨ ਦੇ ਮਾਮਲੇ ਵਿੱਚ ਕਾਫ਼ੀ ਨਰਾਜ਼ ਹੈ। ਨਾਲ ਹੀ ਸਾਂਸਦ ਤਾਪਸ ਪਾਲ ਦੀ ਪਤਨੀ ਨੰਦਨੀ ਪਾਲ ਨੇ ਪਹਿਲਾਂ ਹੀ ਉਨ੍ਹਾਂ ਵੱਲੋਂ ਮੁਆਫ਼ੀ ਮੰਗ ਲਈ ਸੀ।
ਤਾਪਸ ਪਾਲ ਨੇ ਆਪਣੇ ਪੱਤਰ ਵਿੱਚ ਮੰਨਿਆ ਹੈ ਕਿ ਉਨ੍ਹਾਂ ਨੂੰ ਅਜਿਹਾ ਵਿਵਾਦਤ ਬਿਆਨ ਨਹੀਂ
ਦੇਣਾ ਚਾਹੀਦਾ ਸੀ। ਚੋਣਾਂ ਦੀ ਗਹਿਮਾ ਗਹਿਮੀ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਭੜਕਾ
ਦਿੱਤਾ, ਪਰ ਕਿਸੇ ਵੀ ਦਸ਼ਾ ਵਿੱਚ ਇਹ ਬਿਆਨ ਜਾਇਜ਼ ਨਹੀਂ ਸੀ। ਇਸ ਦੇ ਲਈ ਉਨ੍ਹਾਂ ਨੂੰ
ਬੇਹੱਦ ਦੁਖ ਹੈ। ਮੁਆਫ਼ੀ ਮੰਗਣ ਦੇ ਬਾਵਜੂਦ ਇਸ ਪੂਰੇ ਮਾਮਲੇ ਵਿੱਚ ਸਾਂਸਦ ਤਾਪਸ ਪਾਲ
ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ਨੂੰ
ਗੰਭੀਰਤਾ ਨਾਲ ਲਿਆ ਹੈ ਅਤੇ ਇਸ ਫੁਟੇਜ਼ ਦੀ ਇੱਕ ਸੀਡੀ ਲੋਕ ਸਭਾ ਸਪੀਕਰ ਨੂੰ ਕਾਰਵਾਈ ਲਈ
ਭੇਜੀ ਗਈ ਹੈ। ਇਸ ਦੇ ਨਾਲ ਹੀ ਟੀਐਮਸੀ ਸਾਂਸਦ ਖਿਲਾਫ਼ ਸਥਾਨਕ ਨਾਕਾਸੀਪਾਰਾ ਪੁਲਿਸ ਥਾਣੇ
ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਕਿਹਾ
ਕਿ ਕਹਾਣੀ ਦਾ ਇੱਕ ਦੂਜਾ ਪਹਿਲੂ ਵੀ ਸੀ। ਮੈਂ ਦੋਵੇਂ ਪਹਿਲੂਆਂ ਲਈ ਮੁਆਫ਼ੀ ਮੰਗਦੀ ਹਾਂ,
ਪਰ ਮੈਨੂੰ ਪਤਾ ਹੈ ਕਿ ਕਹਾਣੀ ਦਾ ਦੂਜਾ ਪਹਿਲੂ ਵੀ ਸੀ, ਜਿਸ ਨੇ ਉਨ੍ਹਾਂ ਨੂੰ ਇਸ
ਤਰ੍ਹਾਂ ਦੇ ਬਿਆਨ ਲਈ ਉਕਸਾਇਆ। ਉਨ੍ਹਾਂ ਕਿਹਾ ਕਿ ਕਾਫ਼ੀ ਦਿਨ ਪਹਿਲਾਂ ਇਸ ਤਰ੍ਹਾਂ ਦੀ
ਘਟਨਾ ਵਾਪਰੀ ਸੀ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।
ਦੱਸਣਾ
ਬਣਦਾ ਹੈ ਕਿ ਤਿ੍ਰਣਾਮੂਲ ਸਾਂਸਦ ਤਾਪਸ ਪਾਲ ਦੇ ਵਿਵਾਦਤ ਬਿਆਨ ਦਾ ਚੁਫੇਰਿਓਂ ਵਿਰੋਧ ਹੋ
ਰਿਹਾ ਸੀ ਅਤੇ ਇਹ ਮੰਗ ਕੀਤੀ ਜਾਣ ਲੱਗੀ ਸੀ ਕਿ ਲੋਕ ਸਭਾ ਸਪੀਕਰ ਨੂੰ ਉਸ ਦੀ ਮੈਂਬਰੀ
ਰੱਦ ਕਰ ਦੇਣੀ ਚਾਹੀਦੀ ਹੈ। ਟੀਐਮਸੀ ਵੱਲੋਂ ਸਾਂਸਦ ਤਾਪਸ ਪਾਲ ਨੂੰ 48 ਘੰਟਿਆਂ ਦੇ ਅੰਦਰ
ਲਿਖ਼ਤੀ ਜਵਾਬ ਦੇਣ ਲਈ ਕਿਹਾ ਗਿਆ ਸੀ। ਪਾਰਟੀ ਆਗੂ ਡੇਰੇਕ ਓ ਬਰਾਇਨ ਨੇ ਕਿਹਾ ਕਿ
ਉਨ੍ਹਾਂ ਦੇ ਬਿਆਨ ਨਾਲ ਪਾਰਟੀ ਦਾ ਕੋਈ ਇਤਫ਼ਾਕ ਨਹੀਂ ਹੈ ਅਤੇ ਉਨ੍ਹਾਂ ਦੇ ਬਿਆਨ ਨੂੰ ਗੈਜ
ਜ਼ਿੰਮੇਵਾਰਨਾ ਕਰਾਰ ਦਿੱਤਾ ਸੀ।
ਉੱਧਰ ਮਹਿਲਾ ਕਮਿਸ਼ਨ ਨੇ ਸਾਂਸਦ ਦੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਸੰਸਦ ਦੀ ਮੈਂਬਰੀ ਤੋਂ ਬਰਖਾਸਤ ਕਰਕੇ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਉੱਧਰ
ਸੀਪੀਆਈ (ਐਮ) ਦੀ ਪੋਲਿਟ ਬਿਊਰੋ ਨੇ ਇੱਕ ਬਿਆਨ ਜਾਰੀ ਕਰਦਿਆਂ ਤਿ੍ਰਣਾਮੂਲ ਕਾਂਗਰਸ ਦੇ
ਸਾਂਸਦ ਤਾਪਸ ਪਾਲ ਵੱਲੋਂ ਹਿੰਸਾ ਭੜਕਾਊਣ ਅਤੇ ਸੀਪੀਆਈ (ਐਮ) ਵਰਕਰਾਂ ਤੇ ਔਰਤਾਂ ਨਾਲ
ਬਲਾਤਕਾਰ ਕਰਨ ਸਬੰਧੀ ਦਿੱਤੇ ਬਿਆਨ ਨੂੰ ਠੇਸ ਪਹੰੁਚਾਉਣ ਵਾਲਾ ਅਤੇ ਬੜਾ ਹਾਈਕਾਰਕ ਦੱਸਿਆ
ਹੈ। ਸੀਪੀਆਈ (ਐਮ) ਨੇ ਤਿ੍ਰਣਾਮੂਲ ਕਾਂਗਰਸ ਦੇ ਸਾਂਸਦ ਤਾਪਸ ਪਾਲ ਦੇ ਇਤਰਾਜ਼ਯੋਗ ਬਿਆਨ
ਨੂੰ ਲੈ ਕੇ ਉਨ੍ਹਾਂ ਖਿਲਾਫ਼ ਪੁਲਿਸ ’ਚ ਮਾਮਲਾ ਦਰਜ ਕਰਨ ਸਮੇਤ ਸਖ਼ਤ ਕਾਰਵਾਈ ਦੀ ਮੰਗ
ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਉਸ ਦੇ ਸਾਂਸਦ ਸੰਸਦ ਵਿੱਚ ਇਸ ਮਾਮਲੇ ਨੂੰ ਉਠਾਉਣਗੇ।
ਸੀਪੀਆਈ ਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਿਸ ਨੂੰ
ਤਾਪਸ ਪਾਲ ਖਿਲਾਫ਼ ਅਪਰਾਧਿਕ ਧਮਕੀ ਅਤੇ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਤੁਰੰਤ ਮਾਮਲਾ ਦਰਜ
ਕਰਨਾ ਚਾਹੀਦਾ ਹੈ। ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸੰਸਦ ਨੂੰ ਵੀ ਇਸ
ਤਰ੍ਹਾਂ ਦੇ ਭਾਸ਼ਣ ਦਾ ਨੋਟਿਸ ਲੈਣਾ ਚਾਹੀਦਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਮਾਮਲਾ ਸੰਸਦ
ਵਿੱਚ ਉਠਾਇਆ ਜਾਵੇਗਾ। ਕਾਮਰੇਡ ਕਰਤ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਮੱਸਿਆ ਹੈ ਕਿ
ਤਿ੍ਰਣਾਮੂਲ ਸਰਕਾਰ ਦੇ ਸ਼ਾਸਨ ਵਿੱਚ ਸੀਪੀਆਈ ਐਮ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ
ਖਿਲਾਫ਼ ਹਮਲਿਆਂ ਤੇ ਹਿੰਸਾ ਦੇ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੋਲਿਟ
ਬਿਊਰੋ ਨੇ ਕਿਹਾ ਕਿ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਪੱਛਮੀ ਬੰਗਾਲ ਵਿੱਚ ਅਸਲ ਹਾਲਤ
ਕੀ ਹੈ, ਜਿੱਥੇ ਸੀਪੀਆਈ (ਐਮ) ਅਤੇ ਹੋਰਨਾਂ ਵਿਰੋਧੀਆਂ ਨਾਲ ਨੇਮਬਧ ਤਰੀਕਿਆਂ ਨਾਲ
ਹਿੰਸਾ, ਧਮਕਾਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਦਾ ਕੰਮ ਕੀਤਾ ਜਾ ਰਿਹਾ
ਹੈ ਅਤੇ ਸੂਬਾ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਲੋਕ ਵਿਰੋਧੀ ਸਰਗਰਮੀਆਂ ਵਿੱਚ ਮਿਲਿਆ ਹੋਇਆ
ਹੈ।
ਸੀਪੀਆਈ ਐਮ ਦੀ ਪੋਲਿਟ ਬਿਊਰੋ ਮੰਗ ਕਰਦੀ ਹੈ ਕਿ ਵਿਵਾਦਤ ਬਿਆਨ ਦੇਣ ਵਾਲੇ
ਤਿ੍ਰਣਾਮੂਲ ਕਾਂਗਰਸ ਦੇ ਸਾਂਸਦ ਖਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਪਾਰਲੀਮੈਂਟ ਉਨ੍ਹਾਂ
ਖਿਲਾਫ਼ ਸਖਤ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਸਾਂਸਦ ਤਾਪਸ ਪਾਲ ਨੂੰ ਇਹ ਕਹਿੰਦਿਆਂ
ਸੁਣਿਆ ਗਿਆ ਸੀ ਕਿ ਜੇਕਰ ਇੱਥੇ ਸੀਪੀਆਈ (ਐਮ) ਦਾ ਕੋਈ ਆਗੂ ਮੌਜੂਦ ਹੈ ਤਾਂ ਉਹ ਕੰਨ
ਖੋਲ੍ਹ ਕੇ ਸੁਣ ਲਵੇ ਕਿ ਜੇਕਰ ਉਨ੍ਹਾਂ ਨੇ ਕਿਸੇ ਟੀਐਮਸੀ ਕਾਰਕੁਨ ਜਾਂ ਉਨ੍ਹਾਂ ਦੇ
ਪਰਿਵਾਰ ਦੇ ਮੈਂਬਰ ਨੂੰ ਕੁਝ ਕਿਹਾ ਤਾਂ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ।