ਤਨਖ਼ਾਹਾਂ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ : ਬਾਜਵਾ
Posted on:- 01-07-2014
ਭਾਵੇਂ ਸੂਬਾ ਸਰਕਾਰ ਸੂਬੇ ਦਾ ਖਜਾਨਾ ਭਰੇ ਹੋਣ ਦੇ ਜਿੰਨੇ ਮਰਜ਼ੀ ਢਿੰਡੋਰੇ ਪਿੱਟੇ ਪਰ ਅਸਲ ਸੱਚਾਈ ਇਹਨਾਂ ਢੰਡੋਰਿਆਂ ਦੀ ਅਵਾਜ਼ ਵਿੱਚ ਦਬਾਈ ਨਹੀਂ ਜਾ ਸਕਦੀ। ਇੱਕ ਪਾਸੇ ਸੂਬਾ ਸਰਕਾਰ ਸੂਬੇ ਦੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਲਈ ਸੂਬਾ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ।
ਇਸੇ ਸਬੰਧ ਵਿੱਚ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਦੀ ਸਭ ਤੋਂ ਵੱਡੀ ਜਥੇਬੰਦੀ ਕੰਪਿਊਟਰ ਮਾਸਟਰ ਯੂਨੀਅਨ (ਸੀ.ਐਮ.ਯੂ.) ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਅਹੁਦੇਦਾਰਾਂ ਦੇ ਨਾਲ ਨਾਲ ਵੱਖ ਵੱਖ ਜਿਲ੍ਹਿਆਂ ਤੋਂ ਕੰਪਿਊਟਰ ਅਧਿਆਪਕਾਂ ਨੇ ਪਹੁੰਚਦੇ ਹੋਏ ਜਿੱਥੇ ਏਕਤਾ ਦਾ ਸਬੂਤ ਕੀਤਾ ਉੱਥੇ ਭਵਿੱਖ ਦੀ ਰਣ ਨੀਤੀ ਨੂੰ ਵੀ ਇੱਕ ਮਤ ਨਾਲ ਅਮਲੀ ਜਾਮਾ ਪਹਿਨਾਇਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਹੀਂ ਨਸੀਬ ਹੋਈਆਂ। ਉਹਨਾਂ ਦੱਸਿਆ ਕਿ ਉਹ ਆਪ ਇਸ ਸਬੰਧ ਵਿੱਚ ਵਫ਼ਦ ਦੇ ਰੂਪ ਵਿੱਚ ਸਬੰਧ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਸਥਿਤੀ ’ਸਰਪੰਚਾ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ’ ਵਾਲੀ ਹੀ ਹੈ।
ਉਹਨਾਂ ਦੱਸਿਆ ਕਿ ਫਰਵਰੀ 2011 ਵਿੱਚੋਂ ਜਦੋਂ ਦੇ ਸਾਬਕਾ ਡੀ ਜੀ ਐਸ ਈ ਕਿ੍ਰਸ਼ਨ ਕੁਮਾਰ
ਨੂੰ ਅਹੁਦੇ ਤੋਂ ਬਦਲਿਆ ਗਿਆ ਹੈ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਸਮੇਂ ਸਿਰ ਤਨਖਾਹ ਨਹੀਂ
ਮਿਲੀ। ਉਹਨਾਂ ਦੱਸਿਆ ਕਿ ਕਿ੍ਰਸਨ ਕੁਮਾਰ ਦੇ ਵੇਲੇ ਉਹਨਾਂ ਨੂੰ ਮਹੀਨੇ ਦੀਆਂ ਪਹਿਲੀਆਂ
ਤਰੀਕਾਂ ਵਿਚ ਹੀ ਤਨਖਾਹ ਮਿਲ ਜਾਂਦੀ ਸੀ ਪਰ ਜਦੋਂ ਦੀ ਉਹਨਾਂ ਦੀ ਉਕਤ ਅਹੁਦੇ ਤੋਂ ਬਦਲੀ
ਹੋਈ ਹੈ ਉਦੋਂ ਤੋਂ ਉਹਨਾਂ ਨੂੰ ਤਨਖ਼ਾਹਾਂ ਲਈ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੇ ਹਾੜੇ
ਕੱਢਣੇ ਪੈਂਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਜਦੋਂ ਵੀ ਉਚ
ਅਧਿਕਾਰੀਆਂ ਨੂੰ ਤਨਖ਼ਾਹਾਂ ਦੇ ਸਬੰਧ ਵਿੱਚ ਮਿਲਿਆ ਜਾਂਦਾ ਹੈ ਤਾਂ ਉਹਨਾਂ ਦਾ ਕਹਿਣਾ
ਹੁੰਦਾ ਹੈ ਕਿ ਤਨਖਾਹ ਵਾਲੀ ਫਾਈਲ ਤੇ ਇਤਰਾਜ਼ ਲੱਗ ਗਿਆ ਹੈ ਜਿਸਦੇ ਚਲਦੇ ਤਨਖਾਹ ਨਹੀਂ
ਦਿੱਤੀ ਜਾ ਸਕਦੀ, ਬਾਜਵਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਹਨਾਂ ਨੂੰ ਕਦੇ ਵੀ
ਸਮੇਂ ਸਿਰ ਤਨਖਾਹ ਨਹੀਂ ਦਿੱਤੀ ਗਈ ਜੋ ਕਿ ਨਿੰਦਣਯੋਗ ਹੈ ਅਤੇ ਇਸ ਲਈ ਸੂਬਾ ਸਰਕਾਰ ਅਤੇ
ਉੱਚ ਅਧਿਕਾਰੀਆਂ ਦੀ ਜਿੰਨੀ ਆਲੋਚਨਾ ਹੋਵੇ ਘੱਟ ਹੈ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ
ਪ੍ਰਧਾਨ ਪਰਮਿੰਦਰ ਸਿਵੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਦੀਆਂ ਕਥਿਤ
ਦਮਨਕਾਰੀ ਨਾਦਰਸ਼ਾਹੀ ਨੀਤੀਆਂ ਨੂੰ ਜੱਗ ਜ਼ਾਹਰ ਕਰਨ ਅਤੇ ਇਸਦੇ ਵਿਰੋਧ ਵਿੱਚ ਯੂਨੀਅਨ
ਵੱਲੋਂ ਮਿਤੀ 1 ਜੁਲਈ 2014 ਤੋਂ ਗੁਪਤ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾ
ਤੋਂ ਇਲਾਵਾ ਮਨਪ੍ਰੀਤ ਸਿੰਘ ਪਟਿਆਲਾ, ਪ੍ਰਭਜੋਤ ਸਿੰਘ ਅਮਿ੍ਰਤਸਰ, ਸਰਬਜੀਤ ਸਿੰਘ ਰੋਪੜ,
ਮਨਮੋਹਨ ਸਿੰਘ, ਜੀਵਨ ਜੋਤੀ, ਸਹਿਯੋਗ ਬਰਾੜ, ਰਾਜਦੀਪ ਮਾਨਸਾ, ਸਤਵਿੰਦਰ ਸਿੰਘ
ਫਤਿਹਗੜ੍ਹ ਸਾਹਿਬ ਵੀ ਹਾਜ਼ਰ ਸਨ।