ਜ਼ਿਲ੍ਹਿਆਂ ’ਚ ਨਸ਼ਾ ਛੁਡਾਉ ਕੇਂਦਰ ਬਣਾਉਣੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਸਵੀਕਾਰਨਾ : ਖਹਿਰਾ
Posted on:- 01-07-2014
ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲਿਆਂ ’ਚ ਨਸ਼ਈਆਂ ਲਈ ਨਸ਼ਾ ਛੁਡਾਊ ਕੇਂਦਰ ਬਣਾਏ ਜਾਣ ਦਾ ਸ਼੍ਰੀ ਬਾਦਲ ਦਾ ਫੈਸਲਾ ਰਾਹੁਲ ਗਾਂਧੀ ਦੇ ਉਹਨਾਂ ਇਲਜ਼ਾਮਾਂ ਨੂੰ ਸਵੀਕਾਰਨਾ ਤੇ ਪੁਸ਼ਟੀ ਕਰਨ ਬਰਾਬਰ ਹੈ ਜਿਸ ’ਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਵੱਡੀ ਗਿਣਤੀ ’ਚ ਨਸ਼ਿਆਂ ’ਚ ਗ੍ਰਸਤ ਹੋਣ ਦੀ ਗੱਲ ਕਹੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਨੌਜਵਾਨਾਂ ਦਾ ਨਸ਼ਿਆਂ ਦੇ ਆਦੀ ਹੋਣ ਵਾਲੇ ਰਾਹੁਲ ਗਾਂਧੀ ਦੇ ਬਿਆਨ ’ਤੇ ਸ਼੍ਰੀ ਬਾਦਲ ਤੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਪੱਧਰ ’ਤੇ ਵਿਵਾਦ ਖੜਾ ਕੀਤਾ ਸੀ । ਉਨ੍ਹਾਂ ਕਿਹਾ ਕਿ 2012 ’ਚ ਪੰਜਾਬ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਹਾਈ ਕੋਰਟ ’ਚ ਦਿੱਤੇ ਇੱਕ ਹਲਫੀਆ ਬਿਆਨ ਦਾ ਹਵਾਲਾ ਦਿੱਤਾ ਸੀ, ਜਿਸ ’ਚ ਇਹ ਕਿਹਾ ਗਿਆ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਕਰਵਾਏ ਗਏ ਇੱਕ ਸਰਵੇ ਅਨੁਸਾਰ ਪੰਜਾਬ ਦੇ ਲਗਭਗ 70 ਫੀਸਦੀ ਨੌਜਵਾਨਾਂ ਨੇ ਕਿਸੇ ਨਾ ਕਿਸੇ ਪ੍ਰਕਾਰ ਦਾ ਨਸ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਰਾਹੁਲ ਗਾਂਧੀ ਨੇ ਬਾਦਲ ਸਰਕਾਰ ਦੇ ਅੰਕੜਿਆਂ ਦਾ ਹੀ ਹਵਾਲਾ ਦਿੱਤਾ ਸੀ ਪਰੰਤੂ ਅਕਾਲੀਆਂ ਨੇ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਉੱਪਰ ਪੰਜਾਬ ਨੂੰ ਬੇਇੱਜ਼ਤ ਕਰਨ ਅਤੇ ਨੌਜਵਾਨਾਂ ਨੂੰ ਪੀੜਤ ਕਰਨ ਦੇ ਇਲਜ਼ਾਮ ਵੀ ਲਗਾਏ।
ਉਨ੍ਹਾਂ ਕਿਹਾ ਕਿ ਦੋ ਸਾਲ ਬਾਅਦ ਇਸ ਦੇ ਮੁਕੰਮਲ ਉਲਟ ਹੁਣ ਸ਼੍ਰੀ ਬਾਦਲ ਨੇ ਖੁਦ ਕੌੜਾ
ਘੁੱਟ ਭਰਦੇ ਹੋਏ ਪੰਜਾਬ ਦੇ 22 ਜ਼ਿਲਿਆਂ ’ਚ ਨਸ਼ਾ ਛੁਡਾਊ ਕੇਂਦਰ ਖੋਲਣ ਦਾ ਐਲਾਨ ਕੀਤਾ
ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਰਾਹੁਲ ਗਾਂਧੀ ਤੇ ਹੋਰਨਾਂ ਵਿਰੋਧੀ ਧਿਰਾਂ ਦੀ
ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਨਸ਼ੇ ਦੇ ਵੱਧ ਰਹੇ ਰੁਝਾਨ ਦੀ ਸਮੱਸਿਆ
ਇੰਨੀ ਚਿੰਤਾਜਨਕ ਅਤੇ ਖਤਰਨਾਕ ਹੱਦ ਤੱਕ ਨਾ ਪਹੁੰਚਦੀ ਤੇ ਨਾ ਹੀ ਸਰਕਾਰ ਨੂੰ।
ਇੰਨੇ
ਵੱਡੇ ਪੱਧਰ ’ਤੇ ਨਸ਼ਾ ਛੁਡਾਊ ਕੇਂਦਰ ਖੋਲਣੇ ਪੈਂਦੇ। ਉਨ੍ਹਾਂ ਕਿਹਾ ਕਿ ਆਪਣਾ ਲੰਮਾ
ਸਿਆਸੀ ਸਫਰ ਹੋਣ ਦੇ ਬਾਵਜੂਦ ਵੀ ਸ਼੍ਰੀ ਬਾਦਲ “ਇਲਾਜ਼ ਨਾਲੋਂ ਪਰਹੇਜ਼ ਚੰਗਾ“ ਵਾਲੇ
ਮੁਹਾਵਰੇ ਉੱਪਰ ਅਮਲ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਪਿੰਡ ਬਾਦਲ ’ਚ ਅਜਿਹਾ
ਇੱਕ ਨਸ਼ਾ ਛੁਡਾਊ ਕੇਂਦਰ ਖੋਲਿਆ ਜਾਣਾ, ਸ਼੍ਰੀ ਬਾਦਲ ਵੱਲੋਂ ਆਪਣੇ ਹੀ ਪਿੰਡ ’ਚ ਨਸ਼ੇ ਦੇ
ਵੱਧ ਰਹੇ ਰੁਝਾਨ ਨੂੰ ਰੋਕਣ ਦੀ ਕਮਜੋਰ ਇੱਛਾ ਸ਼ਕਤੀ ਨੂੰ ਦਿਖਾਉਂਦਾ ਹੈ। ਉਨ੍ਹਾਂ ਕਿਹਾ
ਕਿ ਜੇਕਰ ਇੱਕ ਮੁੱਖ ਮੰਤਰੀ ਆਪਣੇ ਹੀ ਪਿੰਡ ’ਚ ਨਸ਼ਿਆਂ ਨੂੰ ਰੋਕ ਜਾ ਨਸ਼ੇ ਛੱਡਣ ਲਈ
ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕਰ ਸਕਦਾ, ਤਾਂ ਉਹ ਪੂਰੇ ਸੂਬੇ ’ਚ ਇਸ ਦਾ ਹੱਲ ਕਿਵੇਂ
ਕਰ ਸਕਦਾ ਹੈ? ਸ਼੍ੀ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਬੇਤਹਾਸ਼ਾ ਡਰੱਗਸ ਦੇ ਰੁਝਾਨ
ਨੂੰ ਰੋਕਣ ਵਿੱਚ ਅਸਫਲ ਰਹਿਣ ਦੀ ਜਿੰਮੇਵਾਰੀ ਸਾਡੇ ਧਾਰਮਿਕ ਆਗੂਆਂ ਅਤੇ ਐਸਜੀਪੀਸੀ ਦੀ
ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਜਿਸ ਕੋਲ ਬਹੁਤ ਜਿਆਦਾ ਸਰੋਤ ਹਨ, ਆਪਣੇ ਧਰਮ
ਪ੍ਰਚਾਰ ਏਜੰਡੇ ਦੇ ਰਾਹੀਂ ਨੌਜਵਾਨਾਂ ਨੂੰ ਅਗਾਹਵਧੂ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਿਲ
ਕਰ ਸਕਦੀ ਸੀ ਪਰੰਤੂ ਅਜਿਹਾ ਕਰਨ ਵਿੱਚ ਬੁਰੀ ਤਰਾਂ ਨਾਲ ਫਲਾਪ ਰਹੀ ਹੈ।
ਉਨ੍ਹਾਂ
ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਆ ਰਹੇ ਨਸ਼ਿਆਂ ਨੂੰ ਜਿੰਮੇਵਾਰ
ਠਹਿਰਾ ਕੇ ਸੂਬੇ ਵਿਚਲੀ ਡਰੱਗ ਤਸਕਰੀ ਦਾ ਦੋਸ਼ ਹੁਣ ਸ਼੍ਰੀ ਬਾਦਲ ਕੇਂਦਰ ਸਰਕਾਰ ਸਿਰ ਵੀ
ਨਹੀਂ ਮੜ ਸਕਦੇ ਕਿਉਂਕਿ ਹੁਣ ਦਿੱਲੀ ਵਿੱਚ ਐਨਡੀਏ ਸਰਕਾਰ ਸੱਤਾ ’ਚ ਹੈ।
ਉਨ੍ਹਾਂ
ਕਿਹਾ ਕਿ ਇਸ ਲਈ ਮੈਂ ਮੁੜ ਇੱਕ ਵਾਰ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾ ਕਿ ਲੋਕਾਂ ਦਾ
ਗੁੰਮ ਹੋਇਆ ਵਿਸ਼ਵਾਸ ਮੁੜ ਬਹਾਲ ਕਰਨ ਲਈ ਪਹਿਲਾਂ ਉਹ ਡਰੱਗ ਮਾਫੀਆ ਨਾਲ ਗੰਢ ਤੁੱਪ ਰੱਖਣ
ਵਾਲੇ ਬਿਕਰਮ ਸਿੰਘ ਮਜੀਠੀਆ ਜਿਹੇ ਵੱਡੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ। ਉਨ੍ਹਾਂ ਕਿਹਾ
ਕਿ ਛੋਟੇ ਡਰੱਗ ਤਸਕਰਾਂ ਅਤੇ ਗਰੀਬ ਨਸ਼ਈਆਂ ਨੂੰ ਜੇਲ੍ਹਾਂ ’ਚ ਸੁੱਟਣ ਦਾ ਕੋਈ ਤੁੱਕ ਨਹੀਂ
ਬਣਦਾ ਕਿਉਂਕਿ ਇਹ ਅਸਲ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਰੰਤ ਪੰਜਾਬ ਪੁਲਿਸ ਨੂੰ
ਸਿਆਸੀਕਰਨ ਤੋਂ ਮੁਕਤ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਬਾਦਲ ਨੂੰ ਐਸਐਸਪੀ,
ਡੀਐਸਪੀ ਤੇ ਐਸਐਚਓ ਵਰਗੀਆਂ ਮਹੱਤਵਪੂਰਨ ਫੀਲਡ ਨਿਯੁਕਤੀਆਂ ਅਕਾਲੀ ਵਿਧਾਇਕਾਂ ਤੇ
ਜਥੇਦਾਰਾਂ ਦੀ ਸਿਫਾਰਿਸ਼ ਉੱਪਰ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ ਹਨ ਤੇ ਪੰਜਾਬ ਦੇ ਹਿੱਤ
ਵਾਸਤੇ ਪੁਲਿਸ ਦੇ ਹੱਥ ਖੋਲ ਦੇਣੇ ਚਾਹੀਦੇ ਹਨ।