ਹਰਮੇਸ਼ ਕੌਰ ਯੋਧੇ ਨਾਲ ਸਾਹਿਤਕ ਮਿਲਣੀ
Posted on:- 29-06-2014
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਖੋਜੀ ਲੇਖਕਾ ਅਤੇ ਰਾਜ ਪੁਰਸਕਾਰ ਜੇਤੂ ਅਧਿਆਪਕਾ ਨਾਲ ਹਰਮੇਸ਼ ਕੌਰ ਯੋਧੇ ਬਿਆਸ (ਅੰਮਿ੍ਰਤਸਰ) ਨਾਲ ਇੱਕ ਸਾਹਿਤਕ ਮਿਲਣੀ ਦਾ ਅਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਬਲਜਿੰਦਰ ਮਾਨ ਦੀ ਅਗਵਾਈ ਹੇਠ ਇਸ ਮਿਲਣੀ ਮੌਕੇ ਹਰਮੇਸ਼ ਕੌਰ ਨੇ ਕਿਹਾ ਕਿ ਉਹ ਪੂਰੇ ਪੰਜਾਬ ਵਿੱਚ ਖੋਜ ਕਾਰਜਾਂ ਵਿੱਚ ਜੁਟੇ ਖੋਜੀ ਲੇਖਕਾਂ ਨਾਲ ਮਿਲਣੀਆਂ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਇੱਕ ਪੁਸਤਕ ਵਿੱਚ ਦਰਜ਼ ਕਰ ਰਹੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਉਹ ਅੱਜ ਤੱਕ ਲੋਕ ਧਾਰਾ ਤੇ ਚਾਰ ਪੁਸਤਕਾਂ ਲਿਖ ਚੁੱਕੀ ਹੈ ਜਿਹਨਾਂ ਵਿੱਚ ਉਹ ਗੱਲਾਂ ਦਰਜ਼ ਕੀਤੀਆਂ ਗਈਆਂ ਹਨ ਜਿਹਨਾਂ ਨੂੰ ਅਜੋਕਾ ਸਮਾਜ ਭੁੱਲ ਚੁੱਕਾ ਹੈ ਜਾਂ ਭੁੱਲਦਾ ਜਾ ਰਿਹਾ ਹੈ। ਇਹਨਾਂ ਪੁਸਤਕਾਂ ਵਿੱਚ ਸੁਹਾਗ, ਘੋੜੀਆਂ, ਬੋਲੀਆਂ , ਗਿੱਧੇ ਦੇ ਗੀਤ , ਭੈਣ ਭਰਾ ਦੇ ਗੀਤ, ਨੂੰਹ ਸੱਸ ਦੇ ਗੀਤ, ਦਿਓਰ ਭਰਜਾਈ ਦੇ ਗੀਤ, ਜੇਠ ਭਰਜਾਈ ਦੇ ਗੀਤ, ਮਾਂਵਾ ਧੀਆਂ ਦੇ ਗੀਤ, ਸਿੱਠਣੀਆਂ ਉਹਨਾਂ ਪਾਤਰਾਂ ਤੇ ਰਸਮਾਂ ਦੀ ਚਰਚਾ ਹੈ ਜੋ ਪੰਜਾਬੀਆਂ ਨੇ ਵਿਸਾਰ ਦਿੱਤੀਆਂ ਹਨ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਪਣੀ ਅਮੀਰ ਸਾਹਿਤਕ ਤੇ ਸੱਭਿਆਚਾਰਕ ਵਿਰਾਸਤ ਨੂੰ ਕਦੀਂ ਨਹੀਂ ਭੂੱਲਣਾਂ ਚਾਹੀਦਾ।
ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਹਰਮੇਸ਼ ਕੌਰ ਬਾਰੇ ਬੋਲਦਿਆਂ ਕਿਹਾ ਕਿ ਘਰ ਅੰਦਰ ਬੈਠਕੇ ਕਵਿਤਾ ਕਹਾਣੀ ਤੇ ਲੇਖ ਲਿਖਣੇ ਬੜੀ ਸੌਖੀ ਗੱਲ ਹੈ ਜਦਕਿ ਯੋਧੇ ਨੇ ਪੂਰੇ ਪੰਜਾਬ ਨੂੰ ਗਾਹ ਕੇ ਬਜ਼ੁਰਗਾਂ ਦੇ ਚੇਤਿਆਂ ਵਿੱਚੋਂ ਕੱਢਕੇ ਉਹਨਾਂ ਕੀਮਤੀ ਗੱਲਾਂ ਨੂੰ ਆਪਣੀਆਂ ਲਿਖਤਾਂ ਦਾ ਸ਼ਿੰਗਾਰ ਬਣਾਇਆ ਹੈ। ਮਨਜੀਤ ਕੌਰ ਨੇ ਕਿਹਾ ਕਿ ਸਾਡੇ ਕੋਲ ਬਹੁਤ ਥੋੜ੍ਹੀਆਂ ਲੇਖਕਾਵਾਂ ਹਨ ਜੋ ਆਪਣੇ ਖੋਜ ਕਾਰਜਾਂ ਨਾਲ ਪੰਜਾਬ ਨੂੰ ਨਵੀਆਂ ਲੀਹਾਂ ਪ੍ਰਦਾਨ ਕਰ ਰਹੀਆਂ ਹਨ । ਅਜਿਹੀਆਂ ਲੇਖਕਾਵਾਂ ਦਾ ਸਾਡੇ ਸਮਾਜ ਨੂੰ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਕੁਲਵਿੰਦਰ ਕੌਰ ਰੁਹਾਨੀ, ਬੱਗਾ ਸਿੰਘ ਆਰਟਿਸਟ, ਸਰਵਣ ਰਾਮ ਭਾਟੀਆ ਅਤੇ ਪੰਮੀ ਖੁਸ਼ਹਾਲਪੁਰੀ ਨੇ ਵੀ ਲੇਖਕਾ ਦੀਆਂ ਪ੍ਰਾਪਤੀਆਂ ਬਾਰੇ ਭਰਪੂਰ ਚਾਨਣਾਂ ਪਾਇਆ। ਇਸ ਮਿਲਣੀ ਦੇ ਪ੍ਰਬੰਧਾਂ ਨੂੰ ਸਿਰੇ ਚੜ੍ਹਾਉਣ ਵਿੱਚ ਹਰਮਨਪ੍ਰੀਤ ਕੌਰ, ਰਵਨੀਤ ਕੌਰ, ਤਨਵੀਰ ਮਾਨ ਅਤੇ ਹਰਲੀਨ ਕੌਰ ਨੇ ਭਰਪੂਰ ਯੋਗਦਾਨ ਪਾਇਆ। ਇਸ ਮਿਲਣੀ ਵਿੱਚ ਨਿੱਕੀਆਂ ਕਰੂੰਬਲਾਂ ਦਾ ਪ੍ਰਬੰਧਕੀ ਬੋਰਡ, ਬੱਚੇ, ਅਧਿਆਪਕ ਅਤੇ ਇਲਾਕੇ ਦੇ ਕਈ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਅਮਨ ਸਹੋਤਾ, ਕੁਲਦੀਪ ਕੌਰ ਬੈਂਸ, ਰਾਮ ਤੀਰਥ ਕੌਰ , ਗੁਰਦੇਵ ਸਿੰਘ , ਜਸਵੀਰ ਸਿੱਧੂ ਅਤੇ ਸਤਪਾਲ ਆਦਿ ਹਾਜ਼ਰ ਸਨ।