ਬਾਲ ਸਿਰਜਣਾਤਮਕ ਕੈਂਪ ਦਾ ਸਮਾਪਤੀ ਸਮਾਰੋਹ
Posted on:- 28-06-2014
ਪੱਖੋਵਾਲ਼ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਲਗਾਏ ਗਏ ‘ਸਮਰ ਕੈਂਪ’ ਦਾ ਬੀਤੇ ਦਿਨੀਂ ਸਮਾਪਤੀ ਸਮਾਰੋਹ ਪਬਲਿਕ ਲਾਇਬ੍ਰੇਰੀ ਵਿੱਚ ਹੋਇਆ। ਇਸ ਸਮਾਰੋਹ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪੇ, ਆਲੇ-ਦੁਆਲੇ ਦੇ ਪਿੰਡਾਂ ਦੇ ਪਤਵੰਤੇ ਤੇ ਕੁੱਝ ਸਾਹਿਤਕਾਰ ਬੁੱਧੀਜੀਵੀ ਵੀ ਸ਼ਾਮਿਲ ਹੋਏ। ਸ਼ਾਮ 6 ਵਜੇ ਸ਼ੁਰੂ ਹੋਏ ਇਸ ਸਮਾਰੋਹ ਵਿੱਚ ਬੱਚਿਆਂ ਨੇ ਪੂਰੇ ਹਫ਼ਤੇ ਵਿੱਚ ਸਿੱਖੀਆਂ ਕਲਾਵਾਂ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ।
ਬੱਚਿਆਂ ਨੇ ਇਸ ਸਮਾਰੋਹ ਵਿੱਚ ਦੋ ਨਾਟਕ, ਕਵਿਤਾਵਾਂ, ਸਮੂਹ ਗੀਤ ਅਤੇ ਡਾਂਸ ਪੇਸ਼ ਕੀਤਾ। ਇਸ ਤੋਂ ਇਲਾਵਾ ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਚਿੱਤਰਕਾਰੀਆਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਹਫ਼ਤਾਭਰ ਚੱਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਨਾਟਕ, ਗੀਤ-ਸੰਗੀਤ, ਜੂਡੋ-ਕਰਾਟੇ, ਸਾਜ-ਵਾਦਨ, ਕਾਗ਼ਜ਼ ਦੇ ਖਿਡਾਉਣੇ ਬਨਾਉਣੇ, ਚਿੱਤਰਕਾਰੀ ਕਰਨੀ, ਕਵਿਤਾ ਉਚਾਰਨ, ਡਾਂਸ ਸਿਖਾਉਣ ਤੋਂ ਇਲਾਵਾ ਬੱਚਿਆਂ ਨੂੰ ਚੰਗੇ ਨਾਗਰਿਕ ਗੁਣਾਂ ਨਾਲ਼ ਭਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਸਮਾਪਤੀ ਸਮਾਰੋਹ ਦੇ ਅੰਤ ਵਿੱਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਇੱਕ ਬਿਹਤਰ ਭਵਿੱਖ ਲਈ ਬੱਚਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਅੱਜ ਦੇ ਸੱਭਿਆਚਾਰਕ ਗੰਧਲੇਪਣ ਤੋਂ ਬਚਾਉਣ ਲਈ ਉਹਨਾਂ ਬੱਚਿਆਂ ਅੰਦਰ ਪੁਸਤਕ ਸੱਭਿਆਚਾਰ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਸਮਾਪਤੀ ਸਮਾਰੋਹ ਦਾ ਅੰਤ ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਕਿਤਾਬਾਂ ਦਾ ਇਨਾਮ ਦੇ ਕੇ ਕੀਤਾ ਗਿਆ।
ਇਸ ਮੌਕੇ ’ਤੇ ਨੌ. ਭਾ. ਸ. ਦੇ ਬਲਤੇਜ, ਛਿੰਦਰਪਾਲ, ਕੁਲਵਿੰਦਰ, ਪਿ੍ਰੰਸ, ਮਾਸਟਰ ਕੁਲਦੀਪ, ਰਿਸ਼ੀ, ਇੰਜੀ. ਗੁਰਮੀਤ ਤੋਂ ਇਲਾਵਾ ਮਾਸਟਰ ਲਾਭ ਸਿੰਘ, ਮਾਸਟਰ ਹਰੀਸ਼ ਮੋਦਗਿਲ, ਜ਼ਮੀਰ ਹੁਸੈਨ ਹਾਜ਼ਰ ਸਨ।