ਨੁੱਕੜ ਨਾਟਕ ਨੇ ਦਿੱਤਾ ‘ਬੇਟੀ ਬਚਾਓ’ ਦਾ ਸੁਨੇਹਾ
Posted on:- 28-06-2014
ਬੇਟੀ ਬਚਾਓ ਮੁਹਿੰਮ ਤਹਿਤ ਸਿਵਲ ਸਰਜਨ ਸੰਗਰੂਰ ਵੱਲੋਂ ਸਿਵਲ ਹਸਪਤਾਲ ਅਤੇ ਰਾਮ ਨਗਰ ਵਿੱਚ ਨੁੱਕੜ ਨਾਟਕਾਂ ਦਾ ਆਯੋਜਨ ਕਰਵਾਇਆ ਗਿਆ।ਵਿਜੇ ਆਰਟਸ ਗਰੁੱਪ ਬਲਟਾਣਾ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਨੁੱਕੜ ਨਾਟਕਾਂ ਤਹਿਤ ਸਮਾਜ ਵਿੱਚ ਬੇਟੀਆਂ ਦੀ ਅਹਿਮੀਅਤ ਨੂੰ ਦਿਲ ਟੁੰਬਵੇਂ ਢੰਗ ਨਾਲ ਪ੍ਰਚਾਰਿਆ ਗਿਆ।ਇਸ ਮੌਕੇ ਨੁੱਕੜ ਨਾਟਕ ਦੇਖਣ ਵਾਲ਼ੇ ਦਰਸ਼ਕਾਂ ਵਿੱਚੋਂ ਰਾਮ ਨਗਰ ਵਿਚਲੇ ਦੁਕਾਨਦਾਰ ਦੀਪਕ ਗੋਇਲ ਦਾ ਕਹਿਣਾ ਸੀ ਕਿ ਸਾਡਾ ਮੌਜੂਦਾ ਸਮਾਜ ਭਰੂਣ ਹੱਤਿਆ ਜੇਹੀ ਗੰਭੀਰ ਸਮਾਜਕ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਤੋਂ ਛੁਟਕਾਟਾ ਪਾਉਣ ਵਾਸਤੇ ਸਮਾਜ ਦੇ ਹਰ ਵਰਗ ਨੂੰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਹਿੱਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪ੍ਰੰਪਰਾਗਤ ਸੰਚਾਰ ਮਾਧਿਅਮ ਨੁੱਕੜ ਨਾਟਕ ਨੂੰ ਵੀ ਉਚੇਚੇ ਤੌਰ ’ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨੁੱਕੜ ਨਾਟਕਾਂ ਦਾ ਆਯੋਜਨ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ, ਸਬ ਸੈਂਟਰਾਂ ਅਤੇ ਪਿੰਡਾਂ ਵਿੱਚ ਜਨਤਕ ਥਾਵਾਂ ਆਦਿ ਉੱਤੇ ਵੀ ਕਰਵਾਇਆ ਜਾਵੇਗਾ।