ਕਾਰਜਸ਼ਾਲਾ ਵਿੱਚ ਬੱਚਿਆਂ ਨੂੰ ਸਾਹਿਤ ਸਿਰਜਣਾ ਦੇ ਗੁਰ ਸਿਖਾਏ ਗਏ
Posted on:- 21-06-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਇੱਕ ਰੋਜ਼ਾ ਸਾਹਿਤ ਸਿਰਜਣਾ ਕਾਰਜਸ਼ਾਲਾ ਦਾ ਅਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਇਸ ਮੌਕੇ ਦੂਰ ਨੇੜੇ ਦੇ ਹਾਜ਼ਰ ਹੋਏ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਰੂੰਬਲਾਂ ਪ੍ਰਕਾਸ਼ਨ ਦੀ ਪ੍ਰਬੰਧਕਾਂ ਮਨਜੀਤ ਕੌਰ ਨੇ ਕਿਹਾ ਕਿ ਸਾਹਿਤ ਸਿਰਜਣਾ ਤੋਂ ਪਹਿਲਾਂ ਸਾਹਿਤ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਇਸ ਕਾਰਜਸ਼ਾਲਾ ਵਿੱਚ ਦਿੱਲੀ ਤੋਂ ਰੇਲਵੇ ਵਿਭਾਗ ਦੇ ਅਧਿਕਾਰੀ ਅਤੇ ਸਾਹਿਤਕਾਰ ਸਤਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ 25 ਵਿਦਿਆਰਥੀਆਂ ਨੇ ਸਾਹਿਤ ਸਿਰਜਣਾ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਬਾਲ ਲੇਖਕਾ ਸੁਖਚੰਚਲ ਕੌਰ ਨੇ ਆਪਣੀ ਸਾਹਿਤ ਸਿਰਜਣਾ ਦੀ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਵਿੱਚੋਂ ਹੀ ਕਹਾਣੀਆਂ ਲੱਭਦੀ ਹੈ। ਕਦੀਂ ਉਸਨੂੰ ਬਗੀਚੇ ਦੇ ਫੁੱਲ ਅਤੇ ਕਦੀਂ ਬੂਟਿਆਂ ਤੇ ਖੇਡਦੇ ਪੰਛੀ ਉਸ ਕੋਲੋਂ ਕਹਾਣੀਆਂ ਲਿਖਵਾ ਲੈਂਦੇ ਹਨ।
ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਇਸ ਕਾਰਜਸ਼ਾਲਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਜਾਗਰ ਕੀਤਾ ਜਾਵੇ। ਹਰ ਬੱਚਾ ਆਪਣੇ ਆਪ ਵਿੱਚ ਇੱਕ ਕਲਾਕਾਰ ਹੁੰਦਾ ਹੈ, ਜਿਸ ਦੀ ਕਲਾਤਮਿਕ ਸ਼ਕਤੀ ਨੂੰ ਪ੍ਰਗਟ ਕਰਨ ਲਈ ਮਾਪਿਆਂ ਅਤੇ ਅਧਿਆਪਕਾਂ ਨੇ ਮੌਕੇ ਪ੍ਰਦਾਨ ਕਰਨੇ ਹੁੰਦੇ ਹਨ। ਇਸ ਉਦੇਸ਼ ਦੀ ਪੂਰਤੀ ਲਈ ਕਰੂੰਬਲਾਂ ਪ੍ਰਕਾਸ਼ਨ ਵਲੋਂ ਸਾਰਾ ਸਾਲ ਬੱਚਿਆਂ ਲਈ ਰਚਨਾਤਮਿਕ ਸਰਗਰਮੀਆਂ ਚਲਾਈਆਂ ਜਾਂਦੀਆਂ ਹਨ। ਕੁਲਵਿੰਦਰ ਕੌਰ ਰੁਹਾਨੀ ਨੇ ਬੱਚਿਆਂ ਨੂੰ ਚਿੱਤਰਕਾਰੀ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਰ ਬੱਚਾ ਆਪਣੀ ਮਨਪਸੰਦ ਦਾ ਚਿੱਤਰ ਬਣਾ ਸਕਦਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਤਵਿੰਦਰ ਸਿੰਘ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਰਸਾਲੇ ਨੇ ਕਈ ਨਵੇਂ ਅਤੇ ਵੱਡੇ ਸਾਹਿਤਕਾਰਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਹਨ। ਕਰੂਬਲਾਂ ਪਰਿਵਾਰ ਦੇ ਇਹਨਾਂ ਯਤਨਾਂ ਦੇ ਸਿੱਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਾਬਤ ਹੋਣਗੇ।
ਦਿੱਲੀ ਤੋਂ ਆਈ ਵਿਦਿਆਰਥਣ ਜੋਨਾਕੀ ਨੇ ਕਿਹਾ ਕਿ ਇਸ ਕਾਰਜਸ਼ਾਲਾ ਰਾਹੀਂ ਉਸ ਨੂੰ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ ਹੈ। ਇਸ ਮੌਕੇ ਹਰਵੀਰ , ਸੁਖਚੰਚਲ ਅਤੇ ਤਰਨਪ੍ਰੀਤ ਨੇ ਮੌਕੇ ਤੇ ਕਵਿਤਾਵਾਂ ਲਿਖਕੇ ਪੇਸ਼ ਕੀਤੀਆਂ। ਵਿਦਿਆਰਥੀਆਂ ਨੂੰ ਨਾਟਕੀ ਪਹਿਲੂਆਂ ਬਾਰੇ ਆਪਣੇ ਨਿਵੇਕਲੇ ਅੰਦਾਜ ਵਿੱਚ ਐਕਟਰ ਅਤੇ ਡਾਇਰੈਕਟਰ ਅਸ਼ੋਕ ਪੁਰੀ ਨੇ ਜਾਣਕਾਰੀ ਦਿੱਤੀ।
ਇਸ ਮੌਕੇ ਸਰਵਣ ਰਾਮ ਭਾਟੀਆ , ਬੱਗਾ ਸਿੰਘ ਆਰਟਿਸਟ , ਗੁਰਦੇਵ ਸਿੰਘ, ਕੁਲਦੀਪ ਕੌਰ ਬੈਂਸ, ਅਮਨ ਸਹੋਤਾ, ਹਰਮਨਪ੍ਰੀਤ ਕੌਰ ਸਮੇਤ ਇਲਾਕੇ ਦੇ ਕਈ ਅਧਿਆਪਕ ਅਤੇ ਬੱਚੇ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਇਲਾਕੇ ਵਲੋਂ ਇਹਨਾਂ ਸਰਗਰਮੀਆਂ ਲਈ ਜਿੰਨਾ ਸਹਿਯੋਗ ਮਿਲਦਾ ਰਹੇਗਾ ਉਸ ਤੋਂ ਵੱਧ ਕਾਰਜ ਕੀਤਾ ਜਾਂਦਾ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਇਸ ਕਾਰਜਸ਼ਾਲਾ ਵਿੱਚ ਬੱਚਿਆਂ ਵਲੋਂ ਲਿਖੀਆਂ ਰਚਨਾਵਾਂ ਨੂੰ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।