ਪੰਜਵਾਂ ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਜਾਚਕ ਨੂੰ ਭੇਂਟ
Posted on:- 20-06-2014
- ਡਾ.ਜਗਮੇਲ ਸਿੰਘ ਭਾਠੂਆਂ
ਸਪਤ-ਸ੍ਰਿੰਗ ਅੰਤਰ-ਰਾਸ਼ਟਰੀ ਪੰਜਾਬੀ ਕਵੀ ਸਭਾ (ਰਜਿ.) ਵੱਲੋਂ ਪੰਜਾਬੀ ਅਕਾਦਮੀ, ਦਿੱਲੀ, ਦੇ ਸਹਿਯੋਗ ਨਾਲ ਪੰਜਵਾਂ ਸ੍ਰ. ਪ੍ਰੀਤਮ ਸਿੰਘ ਕਾਸਦ ਯਾਦਗਾਰੀ ਐਵਾਰਡ ਡਾ. ਹਰੀ ਸਿੰਘ ਜਾਚਕ (ਲੁਧਿਆਣਾ) ਨੂੰ 14 ਜੂਨ 2014, ਸ਼ਨਿਚਰਵਾਰ ਦੀ ਸ਼ਾਮ ਨੂੰ, ਪੱਛਮੀ ਦਿੱਲੀ ਦੇ ਸੀ-4 ਬਲਾਕ, ਜਨਕਪੁਰੀ, ਨਵੀਂ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਯੋਜਿਤ ਕੀਤੇ ਗਏ ਇਕ ਵਿਸ਼ੇਸ਼ ਸਮਾਗਮ ਵਿੱਚ ਭੇਂਟ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਘੇ ਮਂਬਰ ਤੇ ਸਮਾਜ-ਸੇਵੀ ਜੱਥੇਦਾਰ ਗੁਰਮੀਤ ਸਿੰਘ ਮੀਤਾ ਨੇ ਆਪਣੇ ਕਰ-ਕਮਲਾਂ ਦੁਆਰਾ ਡਾ. ਜਾਚਕ ਨੂੰ ਇਹ ਐਵਾਰਡ ਭੇਂਟ ਕਰਨ ਦਾ ਮਾਣ ਹਾਸਿਲ ਕੀਤਾ। ਸਨਮਾਨ ਵਿੱਚ ਇਕਵੰਜਾ ਹਜ਼ਾਰ ਰੁਪਏ ਨਕਦ ਰਾਸ਼ੀ, ਸਿਰੋਪਾਓ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਆਦਿ ਸ਼ਾਮਿਲ ਸੀ।
ਜੱਥੇਦਾਰ ਮੀਤਾ ਜੀ ਤੋਂ ਛੁੱਟ ਇਸ ਇਨਾਮ-ਵੰਡ ਰਸਮ ਵਿੱਚ ਸਰਦਾਰਨੀ ਦਲੀਪ ਕੌਰ (ਸੁਪਤਨੀ ਸਵ. ਪ੍ਰੀਤਮ ਸਿੰਘ ਕਾਸਦ), ਉਜੱਲ ਸਿੰਘ ਸਾਹਨੀ, ਕੁਲਤਾਰਨ ਸਿੰਘ, ਜਗਮੋਹਨ ਸਿੰਘ ਮੁੰਜਾਲ, ਰਾਮਿੰਦਰ ਸਿੰਘ ਆਹੂਜਾ, ਬ੍ਰਿਗੇਡੀਅਰ ਬੀ.ਪੀ.ਐਸ. ਲਾਂਬਾ, ਗੁਰਬਚਨ ਸਿੰਘ ਚੀਮਾ, ਬਲਦੇਵ ਸਿੰਘ ਗੁਜਰਾਲ, ਜਵਾਹਰ ਧਵਨ (ਸਕੱਤਰ, ਪੰਜਾਬੀ ਅਕਾਦਮੀ, ਦਿੱਲੀ), ਜਸਬੀਰ ਸਿੰਘ ਕਾਕਾ, ਅਮਰਪਾਲ ਸਿੰਘ ਸੇਠੀ, ਗੁਰਮੀਤ ਸਿੰਘ ਜੱਗੀ, ਸੁਰਜੀਤ ਸਿੰਘ ਚਾਵਲਾ, ਅਵਤਾਰ ਸਿੰਘ ਸੇਠੀ ਤੋਂ ਛੁੱਟ ਹੋਰ ਬਹੁਤ ਸਾਰੀਆਂ ਉਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਾਲ ਦੀ ਨਾਲ ਸਭਾ ਵੱਲੋਂ ਉਚੇਚੇ ਤੌਰ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖੂਬੀ ਨਿਭਾਉਂਦਿਆਂ ਸ਼ਾਇਰ ਅਮਰਜੀਤ ਸਿੰਘ 'ਅਮਰ' ਨੇ ਡਾ. ਮਨਜੀਤ ਸਿੰਘ, ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਅਤੇ ਪ੍ਰਧਾਨ, ਕੇਂਦਰੀ ਪੰਜਾਬੀ ਸਾਹਿਤ ਸੰਮੇਲਨ (ਦਿੱਲੀ) ਨੂੰ ਸਨਮਾਨ-ਪੱਤਰ ਪੇਸ਼ ਕਰਨ ਲਈ ਬੇਨਤੀ ਕੀਤੀ। ਡਾ. ਸਾਹਿਬ ਨੇ ਇਸ ਸੇਵਾ ਨੂੰ ਬੜੀ ਖ਼ੂਬਸੂਰਤੀ ਨਾਲ ਨਿਭਾਇਆ। ਇਸ ਉਪਰੰਤ, ਸਭਾ ਦੇ ਪ੍ਰਧਾਨ ਡਾ. ਰਾਬਿੰਦਰ ਸਿੰਘ ਮਸਰੂਰ (ਪਠਾਨਕੋਟ) ਨੇ ਇਸ ਐਵਾਰਡ ਦੇ ਮਕਸਦ ਅਤੇ ਸਪਤ-ਸ੍ਰਿੰਗ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਦੇ ਪਿਛੋਕੜ ਉਪਰ ਭਰਪੂਰ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਚਲਾਈ ਗਈ ਕਵੀ-ਦਰਬਾਰਾਂ ਦੀ ਪਰੰਪਰਾ ਨੂੰ ਪੁਨਰ ਸੁਰਜੀਤ ਕਰਨਾ, ਸਥਾਪਤ ਕਵੀਆਂ ਨੂੰ ਸਨਮਾਨਤ ਕਰਨਾ ਅਤੇ ਨਵੇਂ ਪੁੰਗਰ ਰਹੇ ਪੰਜਾਬੀ ਕਵੀਆਂ ਨੂੰ ਉਤਸਾਹਿਤ ਕਰਨਾ, ਇਸ ਸੰਸਥਾ ਦਾ ਬੁਨਿਆਦੀ ਉਦੇਸ਼ ਹੈ। ਇਸ ਕਾਰਜ ਨੂੰ ਸਿਰੇ ਚਾੜ੍ਹਣ ਵਿੱਚ ਕਾਸਦ ਪਰਿਵਾਰ ਇਕ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਇਸ ਸ਼ੁਭ ਮੌਕੇ 'ਤੇ ਪੰਜਾਬੀ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਇਕ ਮਾਣ-ਮੱਤਾ ਧਾਰਮਕ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸ਼ਾਇਰਾਂ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਕਰਮਜੀਤ ਸਿੰਘ ਨੂਰ (ਜਲੰਧਰ), ਮਨਮੋਹਣ ਸਿੰਘ ਮੋਹਣੀ (ਲਖਨਊ), ਚਰਨ ਸਿੰਘ ਦਰਦੀ (ਮੁੰਬਈ), ਫ਼ਕੀਰ ਚੰਦ ਤੁਲੀ (ਜਲੰਧਰ), ਰਾਬਿੰਦਰ ਸਿੰਘ ਮਸਰੂਰ (ਪਠਾਨਕੋਟ), ਡਾ. ਸੁਖਜਿੰਦਰ ਕੌਰ (ਪਠਾਨਕੋਟ) ਅਤੇ ਦਿੱਲੀ ਤੋਂ ਜਗਜੀਤ ਕੌਰ ਭੋਲੀ, ਡਾ. ਰਾਜਵੰਤ ਕੌਰ ਰਾਜ, ਨਿਰਮਲ ਸਿੰਘ ਨਿਰਮਲ, ਰਾਮ ਸਿੰਘ ਰਾਹੀ ਅਤੇ ਅਮਰਜੀਤ ਸਿੰਘ ਅਮਰ ਨੇ ਆਪੋ ਆਪਣੀਆਂ ਚੋਣਵੀਆਂ ਰਚਨਾਵਾਂ ਪੇਸ਼ ਕਰਕੇ, ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਕਰੀਬਨ ਚਾਰ ਘੰਟੇ ਨਿਰੰਤਰ ਚੱਲੇ ਇਸ ਕਵੀ ਦਰਬਾਰ ਦੀ ਸ਼ੋਭਾ ਦੇਖਣ ਵਾਲੀ ਸੀ। ਜਨਕਪੁਰੀ ਅਤੇ ਆਸ ਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਇਸ ਸਾਰੇ ਸਮਾਗਮ ਨੂੰ ਭੱਰਵਾਂ ਹੁੰਗਾਰਾ ਮਿਲਿਆ। ਗੁਰਦੁਆਰਾ ਸਾਹਿਬ ਦਾ ਹਾਲ ਕਾਵਿ-ਪ੍ਰੇਮੀਆਂ, ਕਵੀਆਂ, ਕਲਾਕਾਰਾਂ, ਸੰਗਤਾਂ ਤੇ ਪੱਤਰਕਾਰਾਂ ਨਾਲ ਖਚਾਖਚ ਭਰਿਆ ਹੋਇਆ ਸੀ।
ਅਖ਼ੀਰ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਡਾ. ਹਰੀ ਸਿੰਘ ਜਾਚਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੰਗਤਾਂ ਵੱਲੋਂ ਖ਼ੂਬ ਵਧਾਈਆਂ ਦਿੱਤੀਆਂ ਗਈਆਂ। ਧੰਨਵਾਦ ਦੇ ਸ਼ਬਦ ਕਹਿੰਦਿਆਂ ਸਟੇਜ ਸਕੱਤਰ ਸ਼ਾਇਰ ਅਮਰਜੀਤ ਸਿੰਘ ਅਮਰ ਨੇ ਦੱਸਿਆ ਕਿ ਇਸ ਕਵੀ ਸਭਾ ਵੱਲੋਂ ਇਸ ਖ਼ੂਬਸੂਰਤ ਪਰੰਪਰਾ ਨੂੰ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। ਸ਼ਾਇਰ ਅਮਰ ਨੇ ਦੱਸਿਆ ਕਿ ਅਜਿਹੇ ਮਹਾਨ ਕਾਰਜਾਂ ਵਿੱਚ ਪੰਜਾਬੀ ਅਕਾਦਮੀ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਭਾ ਨੂੰ ਨਿਰੰਤਰ ਸਹਿਯੋਗ ਮਿਲਦਾ ਆ ਰਿਹਾ ਹੈ, ਜਿਸ ਦੇ ਭਵਿੱਖ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।