ਡਾ. ਜੀ. ਐੱਨ ਸਾਈਬਾਬਾ ਦੀ ਗ੍ਰਿਫਤਾਰੀ ਦੇ ਵਿਰੋਧ ਅਤੇ ਰਿਹਾਈ ਦੇ ਹੱਕ ਵਿੱਚ ਪ੍ਰਦਰਸ਼ਨ
Posted on:- 19-06-2014
ਸਰ੍ਹੀ, 15 ਜੂਨ ਨੂੰ ਸ਼ਾਮ ਦੇ ਚਾਰ ਵਜੇ ਸਰ੍ਹੀ ਦੇ ਹਾਲੈਂਡ ਪਾਰਕ ਵਿੱਚ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਇੱਕ ਮੁਜ਼ਾਹਰਾ ਜਥੇਬੰਦ ਕੀਤਾ ਗਿਆ। ਯਾਦ ਰਹੇ ਕਿ ਡਾ. ਸਾਈਬਾਬਾ ਰਾਮ ਲਾਲ ਅਨੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, 90% ਅਪਾਹਜ਼ ਹੋਣ ਕਰਕੇ ਵੀਲ੍ਹ ਚੇਅਰ ਤੇ ਹਨ, ਉਹ ਸਮੇਂ ਸਮੇਂ ਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਦੇ ਆਏ ਹਨ, ਜਿਸ ਸਦਕਾ 9 ਮਈ, 2014 ਨੂੰ ਦੁਪਹਿਰ ਵੇਲੇ ਘਰ ਨੂੰ ਜਾਂਦਿਆਂ ਨੂੰ ਰਸਤੇ ਵਿੱਚੋਂ ਮਹਾਰਾਸ਼ਟਰ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਤੇ ਹਵਾਈ ਜਹਾਜ਼ ਤੇ ਗੜ੍ਹਚਰੌਲੀ ਲਿਜਾਇਆ ਗਿਆ ਤੇ ਬਾਅਦ ਵਿੱਚ ਦੋ ਹਫਤੇ ਦਾ ਪੁਲੀਸ ਰਿਮਾਂਡ ਲੈ ਕੇ ਨਾਗਪੁਰ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
ਉਸਨੂੰ ਬਹੁਤ ਹੀ ਤਸੀਹੇ ਦਿੱਤੇ ਜਾ ਰਹੇ ਹਨ, ਹਰਵਕਤ ਦਵਾਈਆਂ ਤੇ ਰਹਿਣ ਵਾਲੇ ਡਾ. ਸਾਈਬਾਬਾ ਨੂੰ ਦਵਾਈਆਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ।ਇਸ ਮੁਜ਼ਾਹਰੇ ਦੀ ਸ਼ੁਰੂਆਤ ਕਰਦਿਆਂ ਪਰਮਿੰਦਰ ਸਵੈਚ ਨੇ ਸ਼ਾਮਲ ਸਾਰੇ ਲੋਕਾਂ ਨੂੰ ਜੀ ਆਇਆਂ ਕਿਹਾ ਅਤੇ ਸਾਈਬਾਬਾ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਉਸਦੀ ਰਿਹਾਈ ਦੀ ਮੰਗ ਕੀਤੀ। ਉਹਨਾਂ ਨੇ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਪਿਛਲੇ 40 ਸਾਲਾਂ ਤੋਂ ਨਸਲੀ ਹਮਲਿਆਂ ਤੇ ਨਸਲੀ ਵਿਤਕਰੇ ਦੇ ਖਿਲਾਫ ਇਸਦੀ ਜਦੋਜਹਿਦ ਬਾਰੇ ਜਿਕਰ ਕੀਤਾ ਤੇ ਅੱਗੇ ਜਾ ਕੇ ਇਹ ਵੀ ਆਖਿਆ ਕਿ ਇਸਨੇ ਹਮੇਸ਼ਾਂ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਵਾਲਿਆਂ ਦਾ, ਪਿਛਾਂਹ ਖਿੱਚੂ ਅਤੇ ਫਿਰਕਾਪ੍ਰਸਤ ਤਾਕਤਾਂ ਦਾ ਹਮੇਸ਼ਾਂ ਵਿਰੋਧ ਕੀਤਾ ਹੈ।
ਲਖਬੀਰ ਖੁਣਖੁਣ ਨੇ ਆਪਣੇ ਭਾਸ਼ਨ ਤੋਂ ਪਹਿਲਾਂ ਨਾਜ਼ਿਮ ਹਿਕਮਤ ਦੀ ਇੱਕ ਕਵਿਤਾ ਪੜ੍ਹੀ ਜੋ ਜਦੋਜਹਿਦ ਨੂੰ ਜਾਰੀ ਰੱਖਣ ਦਾ ਸੁਨੇਹਾ ਸੀ। ਉਸਨੇ ਆਪਣੇ ਭਾਸ਼ਣ ਦੌਰਾਨ ਝੂਠੇ ਮੁਕਾਬਲਿਆਂ ਨੂੰ ਸਹੀ ਦੱਸਣ ਲਈ ਬਣਾਈਆਂ ਜਾ ਰਹੀਆਂ ਫਿਲਮਾਂ ਦੇ ਝੂਠੇ ਪ੍ਰਾਪੇਗੰਡੇ ਦਾ ਵੀ ਜ਼ਿਕਰ ਕੀਤਾ।ਲੋਕਾਂ ਦੀ ਏਕਤਾ ਤੋਂ ਬਿਨ੍ਹਾਂ ਕੋਈ ਵੀ ਘੋਲ ਅੱਗੇ ਨਹੀਂ ਵੱਧਦਾ। ਉਸਨੇ ਲੋਕ ਇੱਕਮੁੱਠਤਾ ਦਾ ਨਾਹਰਾ ਦਿੰਦੇ ਹੋਏ ਫਾਸ਼ੀ ਮੋਦੀ ਦੀ ਜਿੱਤ ਬਾਰੇ ਵੀ ਆਪਣੀ ਚਿੰਤਾ ਜ਼ਾਹਰ ਕੀਤਾ। ਰੇਡਿਓ ਇੰਡੀਆ ਦੇ ਹੋਸਟ ਗੁਰਪ੍ਰੀਤ ਸਿੰਘ ਨੇ ਮਨੁੱਖੀ ਹੱਕਾਂ ਤੇ ਹੋ ਰਹੇ ਹਮਲਿਆਂ ਦਾ ਵਿਰੋਧ ਕਰਦੇ ਹੋਏ ਡਾ. ਸਾਈਬਾਬਾ ਦੀ ਰਿਹਾਈ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਆਪਣੀ ਅਵਾਜ਼ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਕਿਹਾ। ਹਰਬੰਸ ਔਜਲਾ ਨੇ ਹਰ ਮਨੁੱਖੀ ਹੱਕਾਂ ਦੀ ਉਲੰਘਣਾ ਭਾਂਵੇ ਉਹ ਕਿਸੇ ਵੀ ਧਾਰਮਿਕ ਘੱਟ ਗਿਣਤੀ ਤੇ ਜਾਂ ਆਦਿਵਾਸੀਆਂ ਦੀ ਹੋਵੇ ਦਾ ਵਿਰੋਧ ਕੀਤਾ। 1984 ਵਿੱਚ ਬਲੂ ਸਟਾਰ ਅਪਰੇਸ਼ਨ ਦੀ ਨਿਖੇਧੀ ਕੀਤੀ ਤੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਕਤਲਾਂ ਦੀ ਨਿੰਦਾ ਕੀਤੀ। ਉਸਨੇ ਕਿਹਾ ਭਾਈ ਰਾਜੋਆਣਾ ਜਾਂ ਭੁੱਲਰ ਦੀ ਫਾਂਸੀ ਦਾ ਮਸਲਾ ਹੋਵੇ ਜਾਂ ਡਾ. ਸਾਈਬਾਬਾ ਦੀ ਰਿਹਾਈ ਦਾ ਜਦੋਜਹਿਦ ਜਾਰੀ ਰਹਿਣੀ ਚਾਹੀਦੀ ਹੈ।
ਈ.ਆਈ. ਡੀ. ਸੀ. ਦੇ ਨੈਸ਼ਨਲ ਸਕੱਤਰ ਕਾਮਰੇਡ ਹਰਭਜਨ ਚੀਮਾ ਨੇ ਸਾਰਿਆਂ ਦਾ ਮੁਜ਼ਾਹਰੇ ਵਿੱਚ ਆਉਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੱਜ ਦਾ ਇਕੱਠ ਵਿੱਚ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਦੇ ਬੁਲਾਰਿਆਂ ਦੀ ਸ਼ਮੂਲ਼ੀਅਤ ਤੋਂ ਸਾਫ਼ ਜ਼ਾਹਰ ਹੈ ਕਿ ਵੈਨਕੂਵਰ ਸ਼ਹਿਰ ਵਿੱਚ ਜਮਹੂਰੀ ਖਿਆਲਾਂ ਦੀ ਹਿਫ਼ਾਜ਼ਤ ਲਈ ਸਾਡੀ ਕਮਿਊਨਿਟੀ ਜਿਊਂਦੀ ਜਾਗਦੀ ਅਤੇ ਇਸ ਵਿੱਚ ਹਾਕਮਾਂ ਦੀਆਂ ਵਧੀਕੀਆਂ ਦੇ ਖਿਲਾਫ਼ੳਮਪ; ਅਵਾਜ਼ ਉਠਾਉਣ ਦੀ ਹਿੰਮਤ ਤੇ ਦਲੇਰੀ ਹੈ।
ਉਹਨਾਂ ਨੇ ਪਿਛਲੇ ਤਜਰਬੇ ਚੋਂ ਬੋਲਦਿਆਂ ਕਿਹਾ ਕਿ ਭਾਂਵੇ ਕਾਮਰੇਡ ਬੂਝਾ ਸਿੰਘ ਦੇ ਕਾਤਲ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ 70ਵਿਆਂ ਵਿੱਚ ਵਿਰੋਧ ਤੇ ਉਸਤੋਂ ਬਾਅਦ ਮਿਸਜ਼ ਇੰਦਰਾ ਗਾਂਧੀ ਦੀ ਵੈਨਕੂਵਰ ਵਿੱਚ ਆਮਦ ਸਮੇਂ ਕਮਿਊਨਿਟੀ ਨੇ ਆਪਣੀ ਜ਼ੋਰਦਾਰ ਅਵਾਜ਼ ਹਮੇਸ਼ਾਂ ਬੁਲੰਦ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਮਰਾਜੀਆਂ ਦੀ ਝੂਠੀ ਦੁਹਾਈ ਮਨੁੱਖੀ ਹੱਕਾਂ ਦੀ ਹਿਫ਼ਾਜ਼ਤ ਲਈ ਅਤੇ ਦੱਬੇ ਕੁਚਲੇ ਲੋਕਾਂ ਦੀ ਅਸਲੀ ਜਦੋਜਹਿਦ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਫਰਕ ਸਿਰਫ਼ੳਮਪ; ਇੰਨਾ ਹੈ ਕਿ ਦੁਨੀਆਂ ਦੇ ਸਾਮਰਾਜੀਏ ਅਤੇ ਫਾਸ਼ਿਸ਼ਟ ਮੁੱਠੀ ਭਰ ਲੁਟੇਰਿਆਂ ਦੀ ਹਿਫ਼ਾਜ਼ਤ ਲਈ ਤੇ ਲੋਕ ਸਮੁੱਚੀ ਲੋਕਾਈ ਲਈ ਲੜਦੇ ਹਨ।ਉਹਨਾਂ ਨੇ ਇਹ ਵੀ ਕਿਹਾ ਕਿ ਇਟਲੀ ਦੇ ਫਾਸ਼ੀ ਡਿਕਟੇਟਰ ਮੋਸੋਲਿਨੀ ਦਾ ਅੰਤ ਅਤੇ ਹਿਟਲਰ ਦੀ ਖੁਦਕਸ਼ੀ ਨੇ ਇਹ ਸਾਬਤ ਕਰ ਹੀ ਦਿੱਤਾ ਸੀ ਕਿ ਜਾਬਰਾਂ ਦਾ ਅੰਤ ਇਸੇ ਪ੍ਰਕਾਰ ਹੀ ਹੁੰਦਾ ਹੈ। ਕਾਮਰੇਡ ਨੇ ਇਹ ਵੀ ਕਿਹਾ ਕਿ ਅੱਜ ਦਾ ਮੁਜ਼ਾਹਰਾ ਸਿਰਫ਼ ਸ਼ੁਰੂਆਤ ਹੈ ਸਾਨੂੰ ਵੱਡੀ ਮੂਵਮੈਂਟ ਉਸਾਰਨ ਲਈ ਐਜੀਟੇਸ਼ਨ ਬਣਾਉਣੀ ਪਵੇਗੀ।ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਗੁਰਮੇਲ ਗਿੱਲ ਨੇ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਅਤੇ ਆਦਿ ਵਾਸੀਆਂ ਦੇ ਘੋਲਾਂ ਦੀ ਹਮਾਇਤ ਕਰਨ ਤੋਂ ਇਲਾਵਾ ਕਨੇਡੀਅਨ ਮਜ਼ਦੂਰਾਂ ਤੇ ਲੋਕਾਂ ਦੇ ਮਸਲਿਆਂ ਤੇ ਧਿਆਨ ਦੇਣ ਤੇ ਵੀ ਜ਼ੋਰ ਦਿੱਤਾ।
ਦਸ਼ਮੇਸ਼ ਦਰਬਾਰ ਗੁਰਦਵਾਰਾ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਗਿੱਲ ਨੇ ਵੀ ਗ੍ਰਿਫਤਾਰੀ ਦਾ ਵਿਰੋਧ ਅਤੇ ਰਿਹਾਈ ਦੀ ਮੰਗ ਦੁਹਰਾਈ ਅਤੇ ਸਿੱਖਾਂ, ਮੁਸਲਮਾਨਾਂ ਤੇ ਆਦਿਵਾਸੀਆਂ ਉੱਪਰ ਤਸ਼ੱਦਦ ਦੀ ਨਿੰਦਾ ਕੀਤੀ ਤੇ ਮਿਲ ਕੇ ਚੱਲਣ ਦੀ ਅਪੀਲ ਕੀਤੀ। ਕੇਸਰ ਸਿੰਘ ਬਾਗੀ ਨੇ ਆਪਣੇ ਤਜਰਬੇ ਵਿੱਚੋਂ ਦੱਸਿਆ ਕਿ ਫੌਜ ਦੀ ਨੌਕਰੀ ਕਰਦਿਆਂ ਉਹਨਾਂ ਉਹ ਸਭ ਇਲਾਕੇ ਦੇਖੇ ਹਨ ਜਿੱਥੇ ਕਿ ਆਦਿਵਾਸੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਸਤਿੰਦਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਅੰਤ ਵਿੱਚ ਹਰਭਜਨ ਚੀਮਾ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਪ੍ਰੋਗਰਾਮਾਂ ਲਈ ਅਸੀਂ ਸਭ ਨਾਲ ਤਾਲ ਮੇਲ ਕਰਕੇ ਅਗਲਾ ਪ੍ਰੋਗਰਾਮ ਉਲੀਕਾਂਗੇ। ਉਹਨਾਂ ਨੇ 27 ਜੁਲਾਈ 2014 ਨੂੰ ਕਾਮਾਗਾਟਾ ਮਾਰੂ ਦੀ 100ਵੀਂ ਵਰ੍ਹੇ ਗੰਢ ਦੇ ਮੌਕੇ ਤੇ ਡਾਊਨ ਟਾਊਨ ਵਿੱਚ ਇਕੱਠੇ ਹੋ ਕੇ ਮਾਰਚ ਕਰਨ ਲਈ ਸੱਦਾ ਦਿੱਤਾ। ਸਾਰੇ ਲੋਕਾਂ ਦੀ ਭਾਰਤੀ ਸਰਕਾਰ ਤੋਂ ਇਹੀ ਮੰਗ ਸੀ ਕਿ ਡਾ. ਸਾਈਬਾਬਾ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਤਾਂ ਕਿ ਉਹ ਮੁੜ ਆਪਣੇ ਪਰਿਵਾਰ ਵਿੱਚ ਸ਼ਾਮਲ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਣ।