ਬੱਸ ਪਾਸ ਦੀ ਸਹੂਲਤ ਲਈ ਵਿਦਿਆਰਥੀਆਂ ਨੂੰ ਲਾਮਬੰਦ ਹੋਣ ਦਾ ਸੱਦਾ
Posted on:- 17-06-2014
ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੀ ਅਗਵਾਈ ਹੇਠ ‘ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ' (ਡਾਇਟ) ਜਗਰਾਓਂ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਲ੍ਹਾ ਟਰਾਂਸਪੋਰਟ ਅਫ਼ਸਰ ਅਨਿਲ ਗਰਗ ਤੇ ਡੀ. ਸੀ. ਰਜਿਤ ਅੱਗਰਵਾਲ ਲੁਧਿਆਣਾ ਨੂੰ ਰਿਆਇਤੀ ਬੱਸ ਪਾਸ ਦੀ ਸਹੂਲਤ ਹਾਸਲ ਕਰਨ ਲਈ ਮੰਗ ਪੱਤਰ ਸੌਂਪਿਆ। ਜਿਸ ਤੇ ਡੀ. ਸੀ. ਲੁਧਿਆਣਾ ਨੇ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਡਾਇਟ ਦੇ ਵਿਦਆਰਥੀਆਂ ਦਾ ਕਹਿਣਾ ਹੈ ਕਿ ਡਾਇਟ ‘ਚ ਪੜ੍ਹਣ ਵਾਲੇ ਵਿਦਿਆਰਥੀ ਦੂਰ-ਦੁਰਾਡਿਓਂ ਇੱਥੇ ਪੜ੍ਹਣ ਲਈ ਆਉਂਦੇ ਹਨ।
ਇੱਥੇ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਗਰੀਬ ਤੇ ਨਿਮਨ ਮੱਧ ਵਰਗੀ ਪਰਿਵਾਰਾਰਕ ਪਿਛੋਕੜ ਵਾਲੇ ਹਨ। ਉਨ੍ਹਾਂ ਦੇ ਮਾਪੇ ਮੁਸ਼ਕਿਲ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਹੀ ਦੇ ਪਾਉਂਦੇ ਹਨ। ਪਹਿਲਾਂ ਹੀ ਮਹਿੰਗੀ ਸਿੱਖਿਆ ਤੇ ਉਪਰੋਂ ਸਰਕਾਰ ਵੱਲੋਂ ਰਿਆਇਤੀ ਬੱਸ ਪਾਸ ਦੀ ਸਹੂਲਤ ਨੂੰ ਛਾਂਗਣਾ ਉਨ੍ਹਾਂ ਨੂੰ ਸਿੱਖਿਆ ਹਾਸਲ ਕਰਨ ਦੇ ਮੌਕਿਆਂ ਤੋਂ ਵਿਰਵੇ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਉਹ ਬੱਸ ਪਾਸ ਦੀ ਸਹੂਲਤ ਹਾਸਲ ਕਰਨ ਲਈ ਪਹਿਲਾਂ ਵੀ ਕਈ ਵਾਰ ਸਥਾਨਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਹ ਲਗਾਤਾਰ ਟਾਲ-ਮਟੋਲ ਕਰ ਰਹੇ ਹਨ।
ਮੋਗਾ, ਬਾਘਾਪੁਰਾਣਾ, ਲੁਧਿਆਣਾ, ਡੇਹਲੋਂ, ਦੁਰਾਹਾ ਆਦਿ ਦੂਰ ਦੇ ਪਿੰਡਾ ਤੋਂ ਆਉਂਦੇ ਵਿਦਿਆਰਥੀ ਭਾਰੀ ਬੱਸ ਕਿਰਾਇਆ ਦੇ ਕੇ ਇੱਥੇ ਪੜ੍ਹਨ ਆਉਂਦੇ ਹਨ। ਇਸ ਸਮੇਂ ਮੰਚ ਦੇ ਸੂਬਾਈ ਆਗੂ ਪ੍ਰਵੇਜ ਤੇ ਹਰਸ਼ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬੱਸ ਪਾਸ ਦੀ ਸਹੂਲਤ ਤੋਂ ਵਾਂਝੇ ਕਰਨਾ ਸਿੱਖਿਆ ਦੇ ਨਿੱਜੀਕਰਨ ਤੇ ਬਜ਼ਾਰੀਕਰਨ ਕਰਨ ਦਾ ਇਕ ਹਿੱਸਾ ਹੈ। ਬੱਸ ਪਾਸ ਦੀ ਸਹੂਲਤ ਜੋ ਸੱਤਰਵਿਆਂ ‘ਚ ਵਿਦਿਆਰਥੀ ਲਹਿਰ ਨੇ ਸ਼ਾਨਦਾਰ ਸੰਘਰਸ਼ ਕਰਕੇ ਹਾਸਲ ਕੀਤੀ ਹੈ, ਉਸਤੋਂ ਸਰਕਾਰ ਤੇ ਹੇਠਲੇ ਅਧਿਕਾਰੀ ਇਸਤੋਂ ਕੰਨੀ ਕਤਰਾ ਰਹੇ ਹਨ। ਇਸ ਤਰ੍ਹਾਂ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਅੱਜ ਸਿੱਖਿਆ ਕੇਵਲ ਪੈਸੇ ਵਾਲਿਆਂ ਲਈ ਰਾਖਵੀਂ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਪ੍ਰਾਇਵੇਟ ਬੱਸ ਪਰਾਂਸਪੋਟਰਾਂ ਤੇ ਉਨ੍ਹਾਂ ਦੇ ਪਾਲੇ ਗੁੰਡਿਆਂ ਦੇ ਰਹਿਮੋਕਰਮ ਤੇ ਛੱਡ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਇਸ ਮਸਲੇ ਨੂੰ ਸੰਜੀਦਗੀ ਨਾਲ ਵਿਚਾਰਕੇ ਇਸਦਾ ਹੱਲ ਕਰੇ ਤਾਂ ਜੋ ਵਿਦਿਆਰਥੀ ਆਪਣਾ ਧਿਆਨ ਪੜ੍ਹਾਈ ‘ਚ ਲਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਇਸ ਮਸਲੇ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾਣਗੇ ਤਾਂ ਮਜ਼ਬੂਰਨ ਜੱਥੇਬੰਦੀ ਨੂੰ ਵਿਦਿਆਰਥੀਆਂ ਨੂੰ ਲਾਮਬੰਦ ਕਰਦਿਆਂ ਤਿੱਖੇ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਇਸ ਸਮੇਂ ਡਾਇਟ ਦੇ ਵਿਦਿਆਰਥੀ ਹਰਮਨਦੀਪ ਸਿੰਘ, ਇਸ਼ਮੀਤ ਸਿੰਘ, ਰਵਨੀਤ ਸਿੰਘ, ਅਕਾਸ਼ਦੀਪ ਸਿੰਘ, ਰਾਜਵਿੰਦਰ ਕੌਰ ਤੇ ਕੁਲਵਿੰਦਰ ਕੌਰ ਹਾਜ਼ਰ ਸਨ।