ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹੁਣ ਤੱਕ 2 ਲੱਖ 4 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ
Posted on:- 15-06-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਜੁਲਾਈ 1997 ਵਿਚ ਹੋਣ ਤੋਂ ਲੈ ਕੇ ਹੁਣ ਤੱਕ ਕਮਿਸ਼ਨ ਕੋਲ ਮਨੁੱਖੀ ਅਧਿਕਾਰ ਦੀ ਰਾਖੀ ਸਬੰਧੀ 2 ਲੱਖ 12 ਹਜ਼ਾਰ ਸ਼ਕਾਇਤਾਂ ਹੋਇਆ ਸਨ , ਜਿਨ੍ਹਾਂ ਵਿਚੋਂ 2 ਲੱਖ 4 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਕਮਿਸ਼ਨ ਵਲੋਂ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੀਆਂ 8 ਹਜ਼ਾਰ ਸ਼ਿਕਾਇਤਾਂ ਨਿਪਟਾਰਾ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ । ਇਹ ਜਾਣਕਾਰੀ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਮਾਣਯੋਗ ਸ੍ਰੀ ਬਲਜਿੰਦਰ ਸਿੰਘ ਨੇ ਅੱਜ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਰੈਸਟ ਹਾਊਸ ਵਿਖੇ ਪੱਤਰਕਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ । ਸ੍ਰੀ ਸੰਜੀਵ ਰਾਣਾ ਵੀ ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸਨ । ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸਿਥਾਰਪੂਰਵਕ ਜਾਣਕਾਰੀ ਦਿਦਿਆਂ ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਕਿਸੇ ਤਰਾਂ ਦੀ ਨਾ-ਇਨਸਾਫੀ ਦਾ ਸ਼ਿਕਾਰ ਹੋਵੇ ਤਾਂ ਉਹ ਕਮਿਸ਼ਨ ਨੂੰ ਦਰਖਾਸਤ ਦੇ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਕੈਦੀਆਂ ਦੇ ਕੇਸ ਆਉਣ ਉਪਰੰਤ ਪੜਤਾਲ ਕਰਕੇ ਕੈਦੀ ਦੇ ਵਾਰਿਸਾਂ ਨੂੰ 2 ਲੱਖ ਤੋ 3 ਲੱਖ ਰੁਪਏ ਤੱਕ ਹਰਜਾਨਾ ਦਿਵਾਇਆ ਜਾਂਦਾ ਹੈ । ਉਨਾਂ ਦੱਸਿਆ ਕਿ ਕਮਿਸ਼ਨ ਵਲੋ ਹੁਣ ਤੱਕ ਨੌਜਵਾਨਾਂ ਵਲੋ ਪ੍ਰਾਪਤ ਹੋਏ ਵਿਆਹ ਸਬੰਧੀ 1226 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਮਿਸ਼ਨ ਕੋਲ ਮਾਲਵਾ ਇਲਾਕੇ ਵਿਚੋਂ ਪਾਣੀ ਅਤੇ ਕੈਸਰ ਵਰਗੀ ਗੰਭੀਰ ਬਿਮਾਰੀ ਦੇ ਕੇਸ ਆ ਰਹੇ ਹਨ , ਜਿਨ੍ਹਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ, ਜਿਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦੇਣਾ ਕਮਿਸ਼ਨ ਦਾ ਮੁੱਖ ਟੀਚਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ 3 ਸਾਲਾਂ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਜਾ ਕੇ 116 ਸੈਮੀਨਾਰ ਲਗਾਏ ਹਨ, ਜਿਸ ਵਿਚ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਅਤੇ ਇਸ ਤਰਾਂ ਦੇ ਹੋਰ ਸੈਮੀਨਾਰ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਕਾਨੂੰਨ ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਕਮਿਸ਼ਨ ਵਲੋਂ 15 ਦਿਨ ਦੀ ਵਿਸ਼ੇਸ਼ ਸਿਖਲਾਈ ਦੇ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ।
ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਮੁਕੇਰੀਆਂ ਦੇ ਹਸਪਤਾਲ ਦੀ ਵੀ ਅਚਨਚੇਤ ਚੈਕਿੰਗ ਕੀਤੀ ਹੈ । ਮੁਕੇਰੀਆਂ ਵਿਖੇ ਡਾਕਟਰਾਂ ਵਲੋਂ ਦੱਸਿਆ ਕਿ ਇਸ ਹਸਪਤਾਲ ਵਿਚ 400 ਤੋ 500 ਦੇ ਕਰੀਬ ਮਰੀਜ਼ ਰੋਜ਼ਾਨਾ ਇਲਾਜ ਕਰਾਉਣ ਆਉਂਦੇ ਹਨ ਪਰ ਹਸਪਤਾਲ ਵਿਚ ਜਗ੍ਹਾ ਦੀ ਕਾਫੀ ਕਮੀ ਹੈ । ਸਿਵਲ ਹਸਪਤਾਲ ਹੁਸ਼ਿਆਰਪਰੁ ਵਿਚ ਮਰੀਜ਼ਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਵਿਚੋ ਪੂਰੀਆਂ ਦਵਾਈਆਂ ਨਹੀ ਮਿਲਦੀਆਂ ਹਨ । ਹਸਪਤਾਲ ਵਿਚ ਮਰੀਜ਼ਾਂ ਦੇ ਬਿਸਤਰਿਆਂ ਦੀਆਂ ਚੱਦਰਾਂ ਅਤ। ਹਸਪਤਾਲ ਦੀ ਸਫਾਈ ਠੀਕ ਨਾ ਹੋਣ ਸਬੰਧੀ ਉਨ੍ਹਾਂ ਨੇ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਉਣ ਸਬੰਧੀ ਦੱਸਿਆ ।