ਬਲਾਤਕਾਰ ਦਾ ਸ਼ਿਕਾਰ ਚਾਰ ਸਾਲਾ ਬੱਚੀ ਦਾ ਬਾਪ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ - ਸ਼ਿਵ ਕੁਮਾਰ ਬਾਵਾ
Posted on:- 12-06-2014
ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਬੀਹੜ੍ਹਾਂ ਵਿਖੇ ਬੀਤੇ ਮਈ ਮਹੀਨੇ ਦੀ 19-20 ਦੀ ਰਾਤ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਗਰੀਬ ਪਰਿਵਾਰ ਨਾਲ ਸਬੰਧਤ ਚਾਰ ਸਾਲਾ ਬੱਚੀ ਨੂੰ ਗਿਣੀਮਿੱਥੀ ਸਾਜ਼ਿਸ਼ ਤਹਿਤ ਅਗਵਾ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇਸ ਦਰਦਨਾਕ ਘਟਨਾ ਉਪਰੰਤ ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਅਣਪਛਾਤੇ ਨੌਜਵਾਨਾਂ ਵਿਰੁੱਧ ਧਾਰਾ 376 ਤਹਿਤ ਕੇਸ ਤਾਂ ਦਰਜ ਕਰ ਲਿਆ ਗਿਆ, ਪ੍ਰੰਤੂ ਪੁਲੀਸ ਵੱਲੋਂ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ। ਪੀੜਤ ਪਰਿਵਾਰ ਬੱਚੀ ਸਮੇਤ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਦਫਤਰਾਂ ਵਿੱਚ ਗੇੜੇ ਕੱਢ ਕੱਢ ਇਨਸਾਫ ਲਈ ਤਰਲੇ ਮਾਰ ਰਿਹਾ ਹੈ ਪ੍ਰੰਤੂ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ।
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਆਗੂ ਬੀਬੀ ਸੁਭਾਸ਼ ਚੋਧਰੀ, ਕਾਮਰੇਡ ਦਰਸ਼ਨ ਸਿੰਘ ਮੱਟੂ, ਕਮਲਾ ਬੱਢੋਆਣ, ਗੁਰਨੇਕ ਸਿੰਘ ਭੱਜਲ, ਚੋਧਰੀ ਅੱਛਰ ਸਿੰਘ, ਸੁਖਵਿੰਦਰ ਸਿੰਘ ਸੰਧੂ, ਸੰਦੀਪ ਸੈਣੀ, ਜੈ ਗੋਪਾਲ ਧੀਮਾਨ, ਰਜਿੰਦਰ ਸਿੰਘ ਰਾਣਾ ਆਦਿ ਆਗੂਆਂ ਦੀ ਹਾਜ਼ਰੀ ਵਿੱਚ ਪੀੜਤ ਲੜਕੀ ਦੇ ਪਿਤਾ ਕਲਿਆਣ ਸਿੰਘ ਨੇ ਦੱਸਿਆ ਕਿ ਉਹ ਪਿੱਛਲੇ 12 ਕੁ ਸਾਲਾਂ ਤੋਂ ਪਿੰਡ ਬੀਹੜਾਂ ਦੇ ਬਾਹਰਵਾਰ ਇੱਕ ਭੱਠੇ ਲਾਗੇ ਝੋਪੜੀ ਬਣਾਕੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਚਾਰ ਲੜਕੀਆਂ ਹਨ। ਉਹ 19 ਅਤੇ 20 ਮਈ ਦੀ ਦਰਮਿਆਨੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਵਿਹੜੇ ਵਿੱਚ ਸੁੱਤੇ ਪਏ ਸਨ ਕਿ ਰਾਤ ਸਮੇਂ ਉਸਦੀ ਚਾਰ ਸਾਲਾ ਲੜਕੀ ਅਚਾਨਕ ਗੁੰਮ ਗਈ। ਉਸਨੇ ਪਰਿਵਾਰ ਸਮੇਤ ਲੜਕੀ ਦੀ ਖੇਤਾਂ ਵਿੱਚ ਦੂਰ ਤੱਕ ਭਾਲ ਕੀਤੀ ਪ੍ਰੰਤੂ ਲੜਕੀ ਦੀ ਕੋਈ ਉਘ ਸੁੱਘ ਨਹੀਂ ਮਿਲੀ।
ਉਸਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਪ੍ਰੰਤੂ ਲੜਕੀ ਦਾ ਕੋਈ ਵੀ ਸੁਰਾਗ ਨਾ ਮਿਲਿਆ। ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਭਾਲ ਕਰਦਿਆਂ ਅਚਾਨਕ ਖੂਨ ਨਾਲ ਬੁਰੀ ਤਰ੍ਹਾਂ ਲੱਥ ਪੱਥ ਬੇਹੋਸ਼ ਪਈ ਲੜਕੀ ਉਹਨਾਂ ਨੂੰ ਇੱਕ ਖਾਲੀ ਪਲਾਟ ਵਿੱਚੋਂ ਮਿਲੀ। ਉਸਨੇ ਪਿੰਡ ਦੇ ਕੁੱਝ ਲੋਕਾਂ ਦੀ ਸਹਾਇਤਾ ਨਾਲ ਲੜਕੀ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਕੇ ਗਏ। ਉਥੇ ਡਾਕਟਰਾਂ ਵਲੋਂ ਉਹਨਾਂ ਨੂੰ ਇਲਾਜ ਕਰਨ ਤੋਂ ਸਾਫ ਨਾਂਹ ਕਰ ਦਿੱਤੀ । ਪੂਰੇ ਦੋ ਘੰਟੇ ਖੱਜਲ ਖੁਆਰ ਕਰਨ ਤੋਂ ਬਾਅ ਉਹਨਾਂ ਉਹਨਾਂ ਨੂੰ ਮਾਹਿਲਪੁਰ ਹਸਪਤਾਲ ਭੇਜ ਦਿੱਤਾ । ਇਥੇ ਵੀ ਡਾਕਟਰਾਂ ਵਲੋਂ ਲੜਕੀ ਦੀ ਹਾਲਤ ਗੰਭੀਰ ਦੱਸਕੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਹੁਸ਼ਿਆਰਪੁਰ ਵਿਖੇ ਡਾਕਟਰਾਂ ਵਲੋਂ ਲੜਕੀ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਨਾਜੁਕ ਹਾਲਤ ਦੱਸਕੇ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਭੇਜ ਦਿੱਤਾ।
ਉਸਨੇ ਦੱਸਿਆ ਕਿ ਉਹ15 ਦਿਨ ਚੰਡੀਗੜ੍ਹ ਹਸਪਤਾਲ ਵਿੱਚ ਖੱਜਲ ਖੁਆਰ ਹੋਏ। ਇਥੇ ਡਾਕਟਰਾਂ ਵਲੋਂ ਲੜਕੀ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਕੀਤੀ ਤਾਂ ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਇਸ ਸਬੰਧ ਵਿੱਚ ਕੇਸ ਤਾਂ ਦਰਜ ਕਰ ਲਿਆ ਪ੍ਰੰਤੂ ਕਿਸੇ ਵੀ ਕਥਿੱਤ ਦੋਸ਼ੀ ਨੂੰ ਗਿ੍ਰਫਤਾਰ ਨਹੀਂ ਕੀਤਾ। ਉਸਨੇ ਦੱਸਿਆ ਕਿ ਉਹ ਚੰਡੀਗੜ੍ਹ ਹਸਪਤਾਲ ਤੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਬੱਚੀ ਨੂੰ ਇਲਾਜ ਲਈ ਲੈ ਕੇ ਆ ਗਏ ਹਨ ਪ੍ਰੰਤੂ ਲੜਕੀ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ। ਉਸਨੇ ਦੱਸਿਆ ਕਿ ਉਸਦੀ ਚਾਰ ਸਾਲਾ ਬੱਚੀ ਨੂੰ ਅਣਪਛਾਤੇ ਨੌਜ਼ਵਾਨ ਗਿਣੀਮਿਥੀ ਸਾਜਿਸ਼ ਤਹਿਤ ਸੁੱਤੀ ਪਈ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਕੇ ਉਸਨੂੰ ਆਪਣੇ ਵਲੋਂ ਜਾਨੋ ਖਤਮ ਕਰਕੇ ਉਸਨੂੰ ਘਰ ਨਾਲ ਲੱਗਦੇ ਖਾਲੀ ਪਲਾਟ ਵਿੱਚ ਸੁੱਟਕੇ ਫਰਾਰ ਹੋ ਗਏ ।
ਬੀਬੀ ਸੁਭਾਸ਼ ਚੋਧਰੀ ਨੇ ਦੱਸਿਆ ਕਿ ਲੜਕੀ ਦੀ ਹਾਲਤ ਨਾਜੁਕ ਹੈ ਅਤੇ ਉਹ ਸਹੀ ਇਲਾਜ ਨਾ ਮਿਲਣ ਕਾਰਨ ਜ਼ਿੰਦਗੀ ਅਤੇ ਮੋਤ ਨਾਲ ਲੜਾਈ ਲੜ ਰਹੀ ਹੈ। ਉਹਨਾਂ ਪੁਲੀਸ ਦੇ ਖਿੱਲੇਪਨ ਦੀ ਜੋਰਦਾਰ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਪੁਲੀਸ ਵਲੋਂ ਮਾਮਲੇ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਜਲਦ ਕਾਬੂ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਅਤੇ ਪੁਲੀਸ ਵਿਰੁੱਧ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲੀਸ ਦਰਿੰਦੇ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਢੂੱਕਵੀਂ ਸਜਾ ਨਹੀਂ ਦਿਵਾਉਂਦੀ। ਉਹਨਾ ਮੰਗ ਕੀਤੀ ਕਿ ਪੀੜਤ ਲੜਕੀ ਦਾ ਇਲਾਜ ਸਰਕਾਰੀ ਪੱਧਰ ਤੇ ਕਰਵਾਇਆ ਜਾਵੇ।
ਇਸ ਸਬੰਧ ਵਿੱਚ ਐਸ ਐਸ ਪੀ ਹੁਸ਼ਿਆਰਪੁਰ ਸ੍ਰੀ ਸ਼ੁਸ਼ੀਲ ਕੁਮਾਰ ਨੇ ਭਰੋਸਾ ਦਿੱਤਾ ਹੈ ਕਿ ਉਕਤ ਮਾਮਲੇ ਦੇ ਸਬੰਧ ਵਿੱਚ ਪੁਲੀਸ ਸਾਰੇ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਵੇਗੀ। ਉਹਨਾਂ ਕਿਹਾ ਕਿ ਪੁਲੀਸ ਕਿਸੇ ਨਾਲ ਕੋਈ ਹਮਦਰਦੀ ਨਹੀਂ ਵਰਤ ਰਹੀ। ਉਹਨਾਂ ਕਾ ਮੱਟੂ ਨੂੰ ਯਕੀਨ ਦਿੱਤਾ ਕਿ ਜਿਹੜੇ ਵੀ ਪੁਲੀਸ ਅਧਿਕਾਰੀ ਨੇ ਉਕਤ ਮਾਮਲੇ ਵਿੱਚ ਅਣਗਹਿਲੀ ਵਰਤੀ ਪਾਈ ਗਈ ਪੁਲੀਸ ਉਸ ਵਿਰੁੱਧ ਸਖਤ ਕਾਰਵਾਈ ਕਰੇਗੀ। ਹੁਸ਼ਿਆਰਪੁਰ ਦੇ ਏ ਡੀ ਸੀ ਹਰਮਿੰਦਰ ਸਿੰਘ ਨੇ ਪੀੜਤ ਲੜਕੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਲੜਕੀ ਦਾ ਇਲਾਜ ਸਰਕਾਰੀ ਪੱਧਰ ਤੇ ਹੋਵੇ ਉਹ ਇਸ ਸਬੰਧ ਵਿੱਚ ਬਣਦਾ ਕਾਨੂੰਨੀ ਕੰਮ ਕਰਨਗੇ।