ਹਰਿਮੰਦਰ ਸਾਹਿਬ ਉੱਪਰ ਫਾਸ਼ੀ ਫੌਜੀ ਹਮਲੇ ਦੀ 30ਵੀਂ ਵਰ੍ਹੇਗੰਢ ਦੇ ਮੌਕੇ ਉੱਤੇ
Posted on:- 11-06-2014
( ਈਸਟ ਇੰਡੀਅਨ ਡੀਫੈਂਸ ਕਮੇਟੀ ਵੱਲੋਂ ਬਿਆਨ)
ਤੀਹ ਸਾਲ ਪਹਿਲਾਂ ਵੈਨਕੂਵਰ ਦੀਆਂ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਫਾਸ਼ੀ ਹਮਲੇ ਦੀ ਨਿਖੇਧੀ ਕਰਕੇ ਦੁਸ਼ਮਣ ਨੂੰ ਆਪਣੀ ਤਾਕਤ ਤੇ ਗੁੱਸਾ ਵਿਖਾ ਕੇ ਆਪਣੀ ਅਵਾਜ਼ ਬੁਲੰਦ ਕੀਤੀ ਸੀ। ਇਹ ਸਿਲਸਲਾ ਉਦੋਂ ਤੋਂ ਹੀ ਜਾਰੀ ਰੱਖ ਕੇ ਅਸੀਂ ਆਪਣੀ ਅਵਾਜ਼ ਨੂੰ ਨੀਵਾਂ ਨਹੀਂ ਸਗੋਂ ਹੋਰ ਉੱਚਾ ਚੁੱਕਿਆ ਹੈ।
ਉਸ ਅਵਾਜ਼ ਨੇ ਭਾਰਤੀ ਹਕੂਮਤ ਦੇ ਵੱਡੇ ਲੀਡਰਾਂ ਨੂੰ ਇੱਥੋਂ ਦੀ ਕਮਿਊਨਿਟੀ ਵਿੱਚ ਨਾ ਤਾਂ ਆਉਣ ਦਿੱਤਾ ਤੇ ਨਾ ਹੀ ਵਿਚਰਨ ਦਿੱਤਾ। ਆਓ ਉਸੇ ਅਵਾਜ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਇਹ ਯਕੀਨੀ ਬਣਾਈਏ ਕਿ ਭਾਰਤੀ ਹਾਕਮ ਜਮਾਤਾਂ ਦਾ ਕੋਈ ਵੀ ਨੁਮਾਇੰਦਾ ਇੱਥੇ ਆਪਣੇ ਵਿਚਕਾਰ ਨਾ ਆ ਸਕੇ ਜਿਹਨਾਂ ਦਾ ਅਪਰੇਸ਼ਨ ਬਲੂ ਸਟਾਰ ਵਿੱਚ ਹੱਥ ਸੀ ਤੇ ਜਾਂ ਜਿਨ੍ਹਾਂ ਇਸ ਦੀ ਪਰੋੜ੍ਹਤਾ ਕੀਤੀ ਸੀ।
ਹਕੀਕਤਾਂ ਤੋਂ ਜ਼ਾਹਰ ਹੈ ਕਿ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ 15000 ਫੌਜੀ ਅਤੇ ਪੰਜਾਬ ਦੀ ਪੁਲੀਸ ਦੇ ਸਾਰੇ ਵੱਡੇ ਕਰਮਚਾਰੀ ਅਤੇ ਫੌਜਾਂ ਦੇ ਵੱਡੇ ਜਨਰਲ ਸ਼ਾਮਲ ਸਨ। ਇਸ ਤੋਂ ਇਲਾਵਾ ਏਅਰ ਫੋਰਸ ਦੇ ਹੈਲੀਕਾਪਟਰ, ਅਨੇਕਾਂ ਬਕਤਰਬੰਦ ਗੱਡੀਆਂ ਤੇ ਟੈਕਾਂ ਦੀ ਵਰਤੋਂ ਕੀਤੀ ਗਈ ਅਤੇ ਅੰਤ ਵਿੱਚ ਫੌਜੀ ਕਮਾਂਡੋ ਵੀ ਇਸ ਘਾਤਕ ਹਮਲੇ ਵਿੱਚ ਸ਼ਾਮਲ ਹੋਏ। ਯਾਦ ਰਹੇ ਇਸ ਫੌਜੀ ਘੇਰਾਬੰਦੀ ਦੇ ਸ਼ਿਕਾਰ ਸੈਂਕੜੇ ਬੱਚੇ, ਔਰਤਾਂ ਤੇ ਬੁੱਢੇ ਵੀ ਸਨ। ਹਕੂਮਤ ਦਾ ਨਿਸ਼ਾਨਾ ਸਿਰਫ ਮਿਲੀਟੈਟਾਂ ਨੂੰ ਤਬਾਹ ਕਰਨਾ ਨਹੀਂ ਸਗੋਂ ਆਮ ਕਤਲੋਗਾਰਤ ਸੀ।
ਇਸ ਸਮੇਂ ਪੰਜਾਬ ਦੇ 24 ਹੋਰ ਗੁਰਦਵਾਰੇ ਫੌਜੀ ਜਬਰ ਦਾ ਨਿਸ਼ਾਨਾ ਬਣੇ। ਇਹ ਸੀ ਇੰਦਰਾ ਗਾਂਧੀ ਦੀ ਹਕੂਮਤ ਦੀ “ਜਮਹੂਰੀਅਤ” ਦੀ ਇੱਕ ਝਲਕ। ਪੰਜਾਬ ਦੇ ਇਤਿਹਾਸ ਵਿੱਚ ਇਥੋਂ ਦੇ ਲੋਕ ਅਨੇਕਾਂ ਹਕੂਮਤੀ ਹਮਲਿਆਂ ਦਾ ਸਦੀਆਂ ਤੋਂ ਸ਼ਿਕਾਰ ਹੁੰਦੇ ਆਏ ਹਨ। ਪੰਜਾਬ ਦੇ ਇਕੱਲੇ ਅੰਮ੍ਰਿਤਸਰ ਸ਼ਹਿਰ ਨੇ ਪਿਛਲੀ ਸਦੀ ਵਿੱਚ ਦੋ ਵਾਰ ਫੌਜੀ ਕਹਿਰ ਆਪਣੇ ਪਿੰਡੇ ਤੇ ਹੰਢਾਇਆ ਹੈ। ਅਪਰੈਲ 1919 ਵਿੱਚ ਜ਼ਲ਼ਿਆਂਵਾਲੇ ਬਾਗ ‘ਚ ਇਕੱਠੇ ਹੋਏ ਲੋਕਾਂ ਤੇ ਜਨਰਲ ਡਾਇਰ ਦਾ ਹਮਲਾ ਨਿਹੱਥੇ ਲੋਕਾਂ ਦੀ ਮੌਤ ਸੀ। ਦੂਸਰਾ ਇਹ ਜੂਨ 1984 ਵਿੱਚ ਲੋਕਾਂ ਤੇ ਹਮਲਾ। ਜੂਨ, 84 ਦਾ ਫੌਜੀ ਕਹਿਰ ਜ਼ਲਿਆਂਵਾਲੇ ਬਾਗ ਦੇ ਕਹਿਰ ਨਾਲੋਂ ਕਿਤੇ ਵੱਡਾ ਸੀ।
ਭਾਰਤ ਵਿੱਚ ਦਲਿਤਾਂ, ਔਰਤਾਂ ਦੇ ਰੇਪ, ਆਦਿਵਾਸੀਆਂ ਤੇ ਘੱਟ ਗਿਣਤੀ ਲੋਕਾਂ ਦੇ ਮਸਲੇ ਇਸ ਸਰਕਾਰ ਦੇ ਏਜੰਡੇ ਤੇ ਨਹੀਂ ਹਨ।ਉਹਨਾਂ ਦਾ ਅਜੰਡਾ ਲੋਕਾਂ ਦੀ ਲੁੱਟ ਖਸੁੱਟ ਨੂੰ ਜਾਰੀ ਰੱਖਣਾ ਅਤੇ ਵਿਰੋਧ ਕਰ ਰਹੀਆਂ ਤਾਕਤਾਂ ਨੂੰ ਫੌਜੀ ਤਾਕਤ ਨਾਲ ਕੁਚਲ ਦੇਣਾ ਹੈ ਤਾਂਹੀ ਤਾਂ ਕਬਾਇਲੀ ਲੋਕਾਂ ਤੇ ਅਪਰੇਸ਼ਨ ਗਰੀਨ ਹੰਟ ਵਰਗੇ ਕਾਨੂੰਨ ਥੋਪੇ ਜਾਂਦੇ ਹਨ।ਅੱਜ ਦੇ ਭਾਰਤ ਵਿੱਚ 10000 ਤੋਂ ਉੱਤੇ ਸਿਆਸੀ ਕੈਦੀ ਸਾਲਾਂ ਤੋਂ ਨਜ਼ਰਬੰਦ ਹਨ। ਡਾ. ਸਾਂਈਬਾਬੇ ਦੀ ਮਿਸਾਲ ਸਾਡੇ ਸਾਹਮਣੇ ਹੈ। ਉਸਨੂੰ 9 ਮਈ ਨੂੰ ਦਿੱਲੀ ਯੂਨੀਵਰਸਿਟੀ ਕੰਪਲੈਕਸ ਵਿੱਚੋਂ ਗ੍ਰਿਫਤਾਰ ਕਰਕੇ, ਅੱਖਾਂ ਬੰਨ੍ਹ ਕੇ ਅਗਵਾ ਕਰਕੇ ਹਵਾਈ ਜਹਾਜ਼ ਰਾਂਹੀ ਨਾਗਪੁਰ ਸੈਂਟਰਲ ਜੇਲ਼੍ਹ ਵਿੱਚ ਬੰਦ ਕਰ ਦਿੱਤਾ ਗਿਆ। 1947 ਤੋਂ ਬਾਅਦ ਹਕੂਮਤ ਤੋਂ ਅੱਜ ਤੱਕ ਆਮ ਮਿਹਨਤਕਸ਼ ਲੋਕਾਂ ਦੇ ਰੋਟੀ, ਕੱਪੜਾ ਤੇ ਮਕਾਨ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਤੇ ਨਾ ਹੀ ਕੌਮੀਅਤਾਂ ਦੇ ਵੱਧ ਜਰੂਰੀ ਮਸਲੇ ਹੱਲ ਕੀਤੇ ਗਏ ਹਨ।
ਪੰਜਾਬ ਦੇ ਲੋਕਾਂ ਦੇ ਵੀ ਹੱਕੀ ਮਸਲੇ ਜਿਵੇਂ ਦਰਿਆਵਾਂ ਦਾ ਪਾਣੀ, ਕਿਸਾਨਾਂ ਦੇ ਆਰਥਿਕ ਮਸਲੇ, ਪੰਜਾਬ ਦੇ ਇਲਾਕਿਆਂ ਨੂੰ ਬਾਹਰ ਰੱਖਣਾ, ਪੰਜਾਬ ਵਿੱਚ ਸਨਅਤ ਦੀ ਘਾਟ, ਨੌਜਵਾਨਾਂ ਵਿੱਚ ਬੇਰੁਜ਼ਗਾਰੀ ਕਰਕੇ ਨਸ਼ਿਆਂ ਦੀ ਭੈੜੀ ਵਾਦੀ ‘ਚ ਧੱਸਣਾ ਅਤੇ ਹੋਰ ਅਹਿਮ ਮਸਲੇ। ਮਸਲਿਆਂ ਨੂੰ ਹੱਲ ਨਾ ਕਰਕੇ ਸਗੋਂ ਰੋਹ ਵਿੱਚ ਆਏ ਲੋਕਾਂ ਤੇ ਫੌਜੀ ਕਹਿਰ ਢਾਹੁਣਾ, ਕੋਈ ਮਸਲੇ ਦਾ ਹੱਲ ਨਹੀਂ ਹੋ ਸਕਦਾ। ਅੱਜ ਦੇ ਪੂਰੇ ਭਾਰਤ ਤੇ ਨਜ਼ਰ ਮਾਰਦੇ ਹਾਂ ਤਾਂ ਭਾਰਤ ਇੱਕ ਜ਼ੇਲ੍ਹ ਦੀ ਤਰ੍ਹਾਂ ਨਜ਼ਰ ਆੳਂਦਾ ਹੈ ਜਿੱਥੇ ਕੋਈ ਵੀ ਕਾਨੂੰਨ, ਵਿਧਾਨ, ਅਸੂਲ, ਇਨਸਾਫ ਅਤੇ ਸੱਚਾਈ ਵਰਗੀ ਸ਼ੈਅ ਹੋਵੇ। ਹੁਣੇ ਹੋਈਆਂ ਚੋਣਾਂ ਵਿੱਚ ਭਾਜਪਾ ਬਹੁਮੱਤ ਹਾਸਲ ਕਰ ਕੇ ਜਿੱਤੀ ਹੈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਰਮਨੀ ਵਿੱਚ ਹਿਟਲਰ ਵੀ ਪਾਰਲੀਮੈਂਟਰੀ ਚੋਣਾਂ ਰਾਂਹੀ ਹੀ ਜਿੱਤਿਆ ਸੀ, ਜਿਸਨੇ ਸਾਰੀ ਦੁਨੀਆਂ ਵਿੱਚ ਫਾਸ਼ੀਵਾਦ ਫੈਲਾਉਣ ਲਈ ਜੰਗ ਛੇੜੀ, ਜਿਸ ਵਿੱਚ 6 ਕਰੋੜ ਤੋਂ ਵੀ ਵੱਧ ਲੋਕਾਂ ਦੀਆਂ ਜਾਨਾਂ ਗਈਆਂ। ਹੁਣ ਦੇ ਭਾਰਤ ਵਿੱਚ ਹਿੰਦੂ ਫਾਸ਼ਿਸ਼ਟ ਮੋਦੀ ਦੀ ਜਿੱਤ ਆਉਣ ਵਾਲੇ ਸਮੇਂ ਲਈ ਇੱਕ ਬਹੁਤ ਵੱਡੀ ਵੰਗਾਰ ਹੈ ਕਿ ਕਿਸ ਕਿਸਮ ਦੇ ਹਾਲਾਤ ਮੋਦੀ ਸਰਕਾਰ ਬਣਾਏਗੀ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਭਾਰਤ ਦੇ ਤਮਾਮ ਮਿਹਨਤਕਸ਼ ਲੋਕ ਇਸ ਤੋਂ ਖੁਸ਼ ਨਹੀਂ ਹਨ। ਮੋਦੀ ਦੀ ਜਿੱਤ ਦੇ ਪਿੱਛੇ ਅਰਬਪਤੀ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਹਨ ਜੋ ਭਾਰਤ ਦੇ ਨਿਊਜ਼ ਮੀਡੀਏ ਤੇ ਪੂਰੀ ਤਰ੍ਹਾਂ ਕਾਬਜ਼ ਹਨ। ਅਸਲ ਵਿੱਚ ਇਹ ਜਿੱਤ ਅਰਬਪਤੀ ਧਨੀਆਂ ਦੀ ਜਿੱਤ ਹੈ ਜਿਸ ਦੀ ਮੋਦੀ ਸਰਕਾਰ ਇਮਾਨਦਾਰੀ ਨਾਲ ਨੁਮਾਇੰਦਗੀ ਕਰਦੀ ਹੈ।
ਭਾਰਤ ਦੇ ਸਾਰੇ ਸ਼ਹਿਰਾਂ ਅਤੇ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਵੀ ਡਾ. ਸਾਂਈਬਾਬਾ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਗਈ ਹੈ। ਵੈਨਕੂਵਰ ਦੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਸਦੀ ਰਿਹਾਈ ਲਈ ਆਓ ਇੱਕਠੇ ਹੋ ਕੇ ਸੱਚ ਤੇ ਇਨਸਾਫ ਦੀ ਅਵਾਜ਼ ਬੁਲੰਦ ਕਰੀਏ ਕਿਉਂਕਿ ਡਾ. ਸਾਂਈਬਾਬਾ ਇੱਕ ਅਜਿਹੀ ਸ਼ਖਸ਼ੀਅਤ ਹੈ ਜਿਸਨੇ ਦਲਿਤਾਂ, ਆਦਿਵਾਸੀਆਂ ਤੇ ਮਿਹਨਤਕਸ਼ਾਂ ਦੇ ਹੱਕਾਂ ਵਿੱਚ ਅਵਾਜ਼ ਬੁਲੰਦ ਕੀਤੀ ਜਿਸਦੇ ਸਿੱਟੇ ਵਜੋਂ ਉਹ ਜ਼ੇਲ੍ਹ ਵਿੱਚ ਬਿਨ੍ਹਾ ਮੁਕੱਦਮਾ ਬੰਦ ਹੈ।