ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਕਾਮਾਗਾਟਾਮਾਰੂ ਸ਼ਤਾਬਦੀ ਸਬੰਧੀ ਸੈਮੀਨਾਰ
Posted on:- 06-06-2014
-ਹਰਬੰਸ ਬੁੱਟਰ
ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਕਾਮਾਗਾਟਾਮਾਰੂ ਸ਼ਤਾਬਦੀ ਸਬੰਧੀ ਇੱਕ ਸੈਮੀਨਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਮੁੱਖ ਬੁਲਾਰੇ ਵਜੋ ਸ਼ਾਮਲ ਹੋਏ ਰੈਡੀਉ ਰੈਡ:ਐਫ:ਐਮ: ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ 1914 ਅਤੇ 2014 ਦੇ ਫਰਕ ਨੂੰ ਨਿਵੇਕਲੇ ਅਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਕਾਨੂੰਨਾ ਅਨੁਸਾਰ ਸ: ਗੁਰਦਿੱਤ ਸਿੰਘ ਕਾਮਾਗਾਟਾਮਾਰੂ ਨੂੰ ਮਨੁੱਖੀ ਸਮਗਲਿੰਗ ਦੇ ਚਾਰਜ ਹੇਠ ਦੋਸ਼ੀ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਸੀ ਤੇ ਫਿਰ ਵਾਪਿਸ ਭਾਰਤ ਭੇਜਿਆ ਜਾਣਾ ਸੀ।
ਉਹਨਾਂ ਦੇ ਨਾਲ ਆਏ ਬਾਕੀਆਂ ਨੂੰ ਗਿਰਫਤਾਰ ਕਰ ਲਿਆ ਜਾਣਾ ਸੀ, 16 ਸਾਲ ਤੋ ਘੱਟ ਉਮਰ ਵਾਲੇ ਬੱਚੇ ਵੀ ਅੰਦਰ" ਕੀਤੇ ਜਾਣੇ ਸੀ। ਉਨ੍ਹਾਂ ਦੀ ਪਹਿਚਾਣ ਦੀ ਪੁਸ਼ਟੀ ਕਰਕੇ ਵਾਪਿਸ ਭੇਜਣ ਜਾਂ ਇਥੇ ਰਿਫਿਊਜੀ ਵਜੋ ਰੱਖਣ ਦਾ ਫੈਸਲਾ ਲਿਆ ਜਾਣਾ ਸੀ। ਵਰਤਮਾਨ ਨਿਯਮਾਂ ਤੇ ਕਾਨੂੰਨਾਂ ਦੀ ਗੱਲ ਕਰਦਿਆਂ ਰਿਸ਼ੀ ਨਾਗਰ ਨੇ ਕਿਹਾ ਕਿ ਅਜੇ ਵੀ ਭੇਦ ਭਾਵ ਕਰਨ ਵਾਲੇ ਕਾਨੂੰਨ ਮੌਜੂਦ ਹਨ।
ਉਦਾਹਰਣ ਵਜੋ, ਰੋਮਾਨੀਆਂ ਤੋਂ ਆਉਣ ਵਾਲੇ ਸ਼ਰਨਾਰਥੀਆਂ(ਰਿਫਿਊਜੀਆਂ) ਨੂੰ ਸਾਰੀਆਂ ਸੁਵਿਧਾਵਾਂ ਪਰ ਹੰਗਰੀ ਤੋ ਆਉਣ ਵਾਲੇ ਸ਼ਰਨਾਰਥੀਆਂ ਨੂੰ ਕੋਈ ਸਵਿਧਾਵਾਂ ਨਹੀ ਦਿਤੀਆਂ ਜਾਂਦੀਆਂ। ਸਿਟੀਜ਼ਨਸ਼ਿਪ ਦਿਤੇ ਜਾਣ ਲਈ ਅੰਗਰੇਜੀ ਭਾਸ਼ਾ ਦੀ ਜਾਣਕਾਰੀ ਦੀ ਸ਼ਰਤ ਲਗਾ ਕੇ ਯੁਰਪੀਅਨ ਦੇਸ਼ਾਂ ਦੇ ਲੋਕਾਂ ਦੀ ਆਮਦ ਸੁਖਾਲੀ ਕਰ ਲਈ ਗਈ ਹੈ, ਏਸ਼ੀਅਨ ਦੇਸ਼ਾਂ ਦੇ ਲੋਕਾਂ ਲਈ ਇਸ ਨੂੰ ਪਾਸ ਕਰਨਾ ਔਖਾ ਹੈ। ਟੈਪਰੇਰੀ ਫੋਰਨ ਵਰਕਰਜ ਲਿਆ ਕੇ ਬੈਚਲਰਜ ਸੁਸਾਇਟੀ (ਭਾਵ ਅਣਵਿਆਹਿਆਂ ਦਾ ਸਮਾਜ) ਬਣਾਉਣ ਦਾ ਪਰਬੰਧ ਕੀਤਾ ਗਿਆ ਹੈ; ਪਹਿਲਾਂ ਵੀ ਪਰਿਵਾਰਾਂ ਨੂੰ ਲਿਆਉਣ ਤੇ ਪਾਬੰਦੀ ਸੀ।ਰਿਸ਼ੀ ਨਾਗਰ ਨੇ ਕਿਹਾ ਕਿ ਅੱਜ ਦਾ ਕਾਨੂੰਨ 1914 ਦੇ ਕਾਨੂੰਨ ਤੋ ਸੌਖਾ ਨਹੀ ਸਗੋ ਵਧੇਰੇ ਗੁੰਝਲਦਾਰ ਤੇ ਔਖਾ ਕਰ ਦਿਤਾ ਗਿਆ ਹੈ। ਜੀਤਇੰਦਰਪਾਲ ਨੇ 21ਵੀ ਸਦੀ ਵਿੱਚ ਫਰਾਂਸ ਦੇ ਅਕਾਨੇਮਿਸਟ ਟੌਮਸ ਪਿਕੈਟੀ ਦੀ "ਬੈਸਟ ਸੈਲਰ" ਬੁੱਕ ਜੋ ਵਿਕਸਤ ਦੇਸ਼ਾਂ ਦੇ 250 ਸਾਲ ਦੇ ਅੰਕੜਿਆਂ ਤੇ ਅਧਾਰਿਤ ਲਿਖੀ ਗਈ ਹੈ, ਬਾਰੇ ਜਾਣਕਾਰੀ ਪਰੋਜੈਕਟਰ ਰਾਹੀ ਬੜੀ ਮਿਹਨਤ ਨਾਲ ਤਿਆਰ ਕਰਕੇ ਸਰੋਤਿਆਂ ਅੱਗੇ ਪੇਸ਼ ਕੀਤੀ।
ਲੇਖਕ ਅਨੁਸਾਰ ਸੀਮਤ ਤਨਖਾਹ ਲੈਣ ਵਾਲਿਆਂ ਦੀ ਸੈਲਰੀ ਚ ਵਾਧਾ ਉਸ ਮਿਕਦਾਰ ਨਾਲ ਨਹੀਂ ਹੁੰਦਾ, ਜਿੰਨਾ ਵਾਧਾ ਇਨਵੈਸਟਮੈਟ ਚ ਹੁੰਦਾ ਹੈ। ਇਸ ਕਾਰਨ ਹੀ ਨਾ-ਬਰਾਬਰੀ ਵੱਧਦੀ ਜਾਂਦੀ ਹੈ ਉਹਨਾ ਅੰਕੜਿਆਂ ਨਾਲ ਦਰਸਾਇਆ ਕਿ ਅਮਰੀਕਾ ਚ ਨਾ-ਬਰਾਬਰੀ ਸੰਸਾਰ ਚ ਸੱਭ ਤੋ ਵੱਧ ਹੈ। ਇਸ ਦਾ ਹੱਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਅਮੀਰਾ ਤੇ ਜਿਆਦਾ ਟੈਕਸ ਲਾ ਕੇ ਉਸ ਪੈਸੇ ਨੂੰ ਪਬਲਿਕ ਸੈਕਟਰ ਵਿੱਚ ਲਾਇਆ ਜਾਵੇ ਤਾਂ ਹੀ ਨਾ-ਬਰਾਬਰੀ ਦੇ ਵਰਤਾਰੇ ਨੂੰ ਠੱਲ ਪਾਈ ਜਾ ਸਕਦੀ ਹੈ। ਲੇਖਕ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 2020 ਤੱਕ ਨਾ-ਬਰਾਬਰਤਾ ਇੰਨੀ ਵੱਧ ਜਾਵੇਗੀ,ਜਿਸ ਕਾਰਨ ਸਰਮਾਏਦਾਰੀ ਪਰਬੰਧ ਖਤਮ ਹੋ ਜਾਵੇਗਾ।ਇਸ ਦਾ ਪੰਜਾਬੀ ਵਿੱਚ ਉਲੱਥਾ ਕਮਲਪ੍ਰੀਤ ਕੌਰ ਪੰਧੇਰ ਨੇ ਬਾਖੂਬੀ ਕੀਤਾ। ਸੋਹਣ ਮਾਨ ਨੇ ਕਿਹਾਕਿ ਨਿਜੀ ਪਰਾਪਰਟੀ ਹੀ ਨਾ-ਬਰਾਬਰੀ ਦੀ ਜੜ੍ਹ ਹੈ। ਸਮਾਜਵਾਦੀ ਪਰਬੰਧ ਤੋਂ ਬਿਨਾਂ ਨਾ-ਬਰਾਬਰੀ ਨੂੰ ਖਤਮ ਨਹੀ ਕੀਤਾ ਜਾ ਸਕਦਾ।
ਸੰਸਥਾ ਦੇ ਡਾਇਰੈਕਟਰ ਪ੍ਰੋ:ਗੋਪਾਲ ਕਾਉਕੇ ਵੱਲੋ ਮਤਾ ਰੱਖਿਆ ਗਿਆ :-ਅੱਜ ਦਾ ਇਕੱਠ 23 ਮਈ 1914 ਨੂੰ 100 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ ਦੇ 376 ਪੰਜਾਬੀ /ਭਾਰਤੀ ਮੁਸਾਫਰਾਂ ਨੂੰ ਕਨੇਡਾ ਚ ਦਾਖਲ ਨਾ ਹੋਣ ਦੇਣ,ਬਰਤਾਨਵੀ ਸਰਕਾਰ ਦੇ ਦਬਾ ਕਾਰਨ ਨਸਲੀ ਵਿਤਕਰਾ ਕਰਨ,ਜਬਰ ਜੁਲਮ ਕਰਨ,ਬਜ-ਬਜ ਘਾਟ ਤੇ ਸ਼ਹੀਦ ,ਜਖਮੀ ਕਰਨ ਦੀ ਪੁਰਜੋਰ ਨਿੰਦਾ ਕਰਦਾ ਹੈ।ਅਸੀ ਮੰਗ ਕਰਦੇ ਹਾਂ ਕਿ ਕਨੇਡਾ ਦੀ ਸਰਕਾਰ ਪਾਰਲੀਮੈਟ ਵਿੱਚ ਮੁਆਫੀ ਮੰਗੇ ਅਤੇ ਸਕੂਲੀ ਸਲੇਬਸ ਵਿੱਚ ਇਸ ਨੂੰ ਦਰਜ ਕੀਤਾ ਜਾਵੇ।ਬਲਜਿੰਦਰ ਸੰਘਾ, ਇੰਜ:ਗੁਰਦਿਆਲ ਖਹਿਰਾ ਹਰਨੇਕ ਵੱਧਨੀ,ਜਸਵੰਤ ਸਿੰਘ ਸੇਖੋ,ਸੁਰਿੰਦਰ ਗੀਤ ਅਤੇ ਦਲਜੀਤ ਸਿੰਘ ਸੰਧੂ ਨੇ ਕਵਿਤਾਵਾਂ,ਗੀਤਾਂ ਰਾਹੀ ਹਾਜਰੀ ਲਵਾਈ। ਮੰਚ ਸੰਚਾਲਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾ: ਭਜਨ ਸਿੰਘ ਨੇ ਕੀਤਾ। 30 ਅਗਸਤ ਨੂੰ 5ਵਾਂ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ ਹੋਵੇਗਾ ਜਿਸ ਵਿੱਚ ਪੰਜਾਬ ਤੋ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਪਰਧਾਨ ਸੁਰਿੰਦਰ ਸ਼ਰਮਾਂ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।