ਸਾਧੂ ਬਿਨਿੰਗ ਦੀ ਕਿਤਾਬ 'ਫ਼ੌਜੀ ਬੰਤਾ ਸਿੰਘ ਐਂਡ ਅਦਰ ਸਟੋਰੀਜ਼' ਰਲੀਜ਼
Posted on:- 26-05-2014
-ਹਰਪ੍ਰੀਤ ਸੇਖਾ
ਵੀਰਵਾਰ 22 ਮਈ ਦੀ ਸ਼ਾਮ ਨੂੰ ਨਾਮਵਰ ਲੇਖਕ ਸਾਧੂ ਬਿਨਿੰਗ ਦੀ ਅੰਗ੍ਰੇਜ਼ੀ ਕਹਾਣੀਆਂ ਦੀ ਕਿਤਾਬ 'ਫੌਜੀ ਬੰਤਾ ਸਿੰਘ ਐਂਡ ਅਦਰ ਸਟੋਰੀਜ਼' ਦਾ ਰਲੀਜ਼ ਸਮਾਗਮ ਵੈਨਕੂਵਰ ਦੀ ਮੁੱਖ ਲਾਇਬਰੇਰੀ ਵਿਚ ਹੋਇਆ। ਸਮਾਗਮ ਦਾ ਆਰੰਭ ਵੈਨਕੂਵਰ ਪਬਲਕਿ ਲਾਇਬ੍ਰੇਰੀ ਵਲੋਂ ਪੈਟੀ ਮਿਲਜ਼ ਨੇ ਹਾਜ਼ਰੀਨ ਦਾ ਸਵਾਗਤ ਕਰ ਕੇ ਕੀਤਾ। ਇਹ ਸਮਾਗਮ ਐਕਸਪਲੋਰੇਸ਼ਨ ਏਸ਼ੀਅਨ ਨਾਂ ਦੇ ਮਹੀਨਾ ਭਰ ਚਲਣ ਵਾਲੇ ਸਲਾਨਾ ਉਤਸਵ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਇਸ ਉਤਸਵ ਨਾਲ ਸਬੰਧਤ ਚੀਨੀ ਮੂਲ ਦੇ ਕਨੇਡੀਅਨ ਲੇਖਕ ਜਿੰਮ ਵੌਂਗ ਚੂਅ ਨੇ ਸਾਧੂ ਬਿਨਿੰਗ ਨਾਲ ਲੰਮੇ ਸਮੇਂ ਤੋਂ ਦੋਸਤੀ ਦੇ ਅਧਾਰ ’ਤੇ ਸ੍ਰੋਤਿਆਂ ਨਾਲ ਜਾਣ-ਪਛਾਣ ਕਰਵਾਈ।
ਫੌਜੀ ਬੰਤਾ ਸਿੰਘ ਸੰਗ੍ਰਹਿ ਵਿਚ 12 ਕਹਾਣੀਆਂ ਹਨ ਅਤੇ ਇਸ ਨੂੰ ਟਰਾਂਟੋ ਸਾਊਥ ਏਸ਼ੀਅਨ ਰਿਵਿਊ ਪ੍ਰੈਸ ਨੇ ਛਾਪਿਆ ਹੈ। ਇਨ੍ਹਾਂ ਕਹਾਣੀਆਂ ਦਾ ਲੇਖਕ ਨੇ ਆਪ ਹੀ ਪੰਜਾਬੀ ਤੋਂ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਹੈ। ਇਸ ਕਿਤਾਬ ਨੂੰ 'ਭਵਿੱਖ ਦੇ ਸੰਭਾਵੀ ਪਾਠਕਾਂ' - ਲੇਖਕ ਦੇ ਦੋਹਤਿਆਂ ਪਵੇਲ (ਢਾਈ ਸਾਲ) ਅਤੇ ਜਾਨਿਕ (ਗਿਆਰਾਂ ਮਹੀਨੇ) - ਨੇ ਪ੍ਰੀਵਾਰ ਨਾਲ ਰਲ ਕੇ ਰਲੀਜ਼ ਕੀਤਾ।
ਕਿਤਾਬ ਬਾਰੇ ਬੋਲਦਿਆਂ ਯੂ ਬੀ ਸੀ ਦੇ ਪੰਜਾਬੀ ਅਧਿਆਪਕ ਅਤੇ ਵਤਨ ਦੇ ਕੋ-ਸੰਪਾਦਕ ਸੁਖਵੰਤ ਹੁੰਦਲ ਨੇ ਦੱਸਿਆ ਕਿ ਇਹ ਕਹਾਣੀਆਂ 1970 - 1990 ਦੌਰਾਨ ਲਿਖੀਆਂ ਗਈਆਂ ਸਨ। ਇਨ੍ਹਾਂ ਕਹਾਣੀਆਂ ਰਾਹੀਂ ਲੇਖਕ ਨੇ ਉਸ ਸਮੇਂ ਦੇ ਵੈਨਕੂਵਰ ਵਿਚਲੇ ਪੰਜਾਬੀਆਂ ਦੇ ਇਸ ਮੁਲਕ ਵਿਚ ਦਾਖਲੇ ਅਤੇ ਸਥਾਪਤੀ ਦੇ ਅਮਲ ਦੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੇਖਕ ਨੇ ਬਹੁਤ ਸਹਿਜਤਾ ਨਾਲ ਸਰਮਾਏਦਾਰੀ ਸਿਸਟਮ ਦੇ ਖਾਸੇ ਦੀ ਗੱਲ ਕਰਨ ਦੇ ਨਾਲ ਨਾਲ ਨਸਲਵਾਦ, ਬਜ਼ੁਰਗਾਂ ਦੀਆਂ ਸਮੱਸਿਆਵਾਂ, ਜਗੀਰੂ ਸੋਚ ਦੀ ਪਕੜ, ਔਰਤਾਂ ਦੀ ਸਥਿਤੀ ਅਤੇ ਹੋਰ ਕੌਮਾਂ ਨਾਲ ਸੰਵਾਦ ਦੀ ਗੱਲ ਇਨ੍ਹਾਂ ਕਹਾਣੀਆਂ ਰਾਹੀਂ ਕੀਤੀ ਹੈ।
ਕਨੇਡਾ ਦੀ ਅੰਗ੍ਰੇਜ਼ੀ ਕਵਿਤਾ ਵਿਚ ਤੇਜ਼ੀ ਨਾਲ ਆਪਣਾ ਸਥਾਨ ਬਣਾ ਰਹੇ ਪਿੰਦਰ ਦੂਲੇ ਨੇ ਸੰਖੇਪ ਪਰ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਲੇਖਕ ਨਾਲ ਆਪਣੀ ਨੇੜਤਾ ਅਤੇ ਕਹਾਣੀਆਂ ਦੇ ਅੰਗ੍ਰੇਜ਼ੀ ਵਿਚ ਛਪਣ ਦੀ ਮਹੱਤਤਾ ਬਾਰੇ ਗੱਲ ਕੀਤੀ।
ਸਾਧੂ ਬਿਨਿੰਗ ਨੇ ਲੰਮੇ ਸਮੇਂ ਦੌਰਾਨ ਕੀਤੇ ਅਨੁਵਾਦ ਦੇ ਕਾਰਜ ਅਤੇ ਇਸ ਵਿਚ ਸਹਿਯੋਗ ਦੇਣ ਵਾਲੇ ਬਹੁਤ ਸਾਰੇ ਦੋਸਤਾਂ - ਡੇਵਿਡ ਜੈਕਸਨ, ਯੈਸਮੀਨ ਲੱਧਾ, ਜੇ ਪੀ ਸ਼ੇਸਨ, ਪਿੰਦਰ ਦੂਲੇ, ਸੁਖਵੰਤ ਹੁੰਦਲ - ਅਤੇ ਆਪਣੇ ਪਰਵਾਰ ਦਾ ਧੰਨਵਾਦ ਕੀਤਾ। ਅਖੀਰ ਵਿਚ ਉਨ੍ਹਾਂ ਕਿਤਾਬ ਵਿੱਚੋਂ ਕੁਝ ਕਹਾਣੀਆਂ ਦੇ ਹਿੱਸੇ ਪਾਠਕਾਂ ਨਾਲ ਸਾਂਝੇ ਕੀਤੇ।